40 ਸਾਲਾ ਔਰਤ ਨਾਲ ਕਾਜ਼ੀ ਮੰਡੀ ''ਚ ਹੁੰਦਾ ਰਿਹਾ ਜਬਰ-ਜ਼ਨਾਹ

04/14/2018 6:39:11 AM

ਜਲੰਧਰ, (ਸ਼ੋਰੀ)— ਕਾਜ਼ੀ ਮੰਡੀ ਵਾਸੀ ਇਕ 40 ਸਾਲਾ ਔਰਤ ਦਾ ਦੋਸ਼ ਹੈ ਕਿ ਇਲਾਕੇ ਵਿਚ ਰਹਿਣ ਵਾਲਾ ਇਕ ਵਿਅਕਤੀ ਆਪਣੇ ਦੋਸਤ ਦੀ ਸ਼ਹਿ 'ਤੇ ਉਸਦੇ ਨਾਲ ਕਈ ਵਾਰ ਜਬਰ-ਜ਼ਨਾਹ ਕਰਦਾ ਰਿਹਾ। ਇੰਨਾ ਹੀ ਨਹੀਂ, ਇਸ ਨਾਲ ਉਹ ਗਰਭਵਤੀ ਵੀ ਹੋ ਗਈ।
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸੋਨੀਆ (ਕਾਲਪਨਿਕ ਨਾਂ) ਦਾ ਕਹਿਣਾ ਹੈ ਕਿ ਉਸਦੇ ਤਿੰਨ ਬੱਚੇ ਹਨ ਅਤੇ ਪਤੀ ਪਤਾ ਨਹੀਂ ਕਿਥੇ ਚਲਾ ਗਿਆ, ਕਈ ਮਹੀਨੇ ਹੋ ਗਏ ਪਰ ਵਾਪਸ ਨਹੀਂ ਆਇਆ। ਉਹ ਮਜ਼ਦੂਰੀ ਕਰ ਕੇ ਬੱਚਿਆਂ ਨੂੰ ਪਾਲਦੀ ਹੈ। ਇਲਾਕੇ ਦਾ ਰਹਿਣ ਵਾਲਾ ਇਕ ਵਿਅਕਤੀ, ਜੋ ਵਿਆਹਿਆ ਹੋਇਆ ਹੈ। ਉਸਦੇ ਘਰ ਆਪਣੇ ਦੋਸਤ ਨਾਲ ਕਈ ਵਾਰ ਆ ਕੇ ਉਸ ਨਾਲ ਜਬਰ-ਜ਼ਨਾਹ ਕਰਨ ਲੱਗਾ। ਵਿਰੋਧ ਕਰਨ 'ਤੇ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਤੇ ਦੋਸਤ ਉਸਨੂੰ ਧਮਕੀਆਂ ਦਿੰਦੇ ਕਿ ਜੇਕਰ ਉਸਨੇ ਪੁਲਸ ਨੂੰ ਦੱਸਿਆ ਤਾਂ ਉਹ ਉਸਦੇ ਬੱਚੇ ਮਰਵਾ ਦੇਣਗੇ। ਸ਼ਰਾਬੀ ਹਾਲਤ ਵਿਚ ਵਿਅਕਤੀ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਪੀੜਤਾ ਦਾ ਦੋਸ਼ ਹੈ ਕਿ ਕੁਝ ਮਹੀਨੇ ਪਹਿਲਾਂ ਉਹ ਗਰਭਵਤੀ ਹੋ ਗਈ ਅਤੇ ਬੀਤੇ 30 ਤਰੀਕ ਨੂੰ ਉਸਦੇ ਜਣੇਪਾ ਦਰਦਾਂ ਹੋਣ ਲੱਗੀਆਂ ਪਰ ਉਸਦਾ ਅਬਾਰਸ਼ਨ ਹੋ ਗਿਆ। ਉਸ ਤੋਂ ਬਾਅਦ ਉਹ ਬੀਮਾਰ ਰਹਿਣ ਲੱਗੀ। 
ਪੈਸੇ ਨਾ ਹੋਣ ਕਾਰਨ ਉਹ ਜਬਰ-ਜ਼ਨਾਹ ਕਰਨ ਵਾਲੇ ਨੂੰ ਉਹ ਵਾਰ-ਵਾਰ ਕਹਿਣ ਲੱਗੀ ਕਿ ਉਸਦਾ ਇਲਾਜ ਹਸਪਤਾਲ ਤੋਂ ਕਰਵਾ ਦੇਵੇ ਪਰ ਮੁਲਜ਼ਮ ਨੇ ਉਸਦਾ ਇਲਾਜ ਨਹੀਂ ਕਰਵਾਇਆ ਤੇ ਧਮਕੀਆਂ ਦੇ ਕੇ ਚੁੱਪ ਰਹਿਣ ਲਈ ਕਿਹਾ। ਅੱਜ ਜਦੋਂ ਉਸਦੀ ਦਰਦ ਵਧੀ ਤਾਂ ਉਸਨੇ ਇਲਾਕੇ ਦੇ ਲੋਕਾਂ ਨੂੰ ਦੱਸਿਆ ਤਾਂ ਇਲਾਕੇ ਦੇ ਦੋ ਵਿਅਕਤੀਆਂ ਨੇ ਤੁਰੰਤ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ। ਓਧਰ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਰਾਜੇਸ਼ ਠਾਕੁਰ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 


Related News