ਗੁਰਦਾਸਪੁਰ ’ਚ ਇਕ ਸਾਲ ਤੋਂ ਬੇਕਾਰ ਪਏ ਰਹਿਣ ਉਪਰੰਤ ਆਖਿਰਕਾਰ ਲੁਧਿਆਣਾ ਪਹੁੰਚੇ 4 ਵੈਂਟੀਲੇਟਰ

Friday, May 14, 2021 - 02:24 PM (IST)

ਗੁਰਦਾਸਪੁਰ (ਹਰਮਨ) : ਪਹਿਲਾਂ ਹੀ ਕਈ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਤੋਂ ਸੱਖਣੇ ਜ਼ਿਲ੍ਹਾ ਗੁਰਦਾਸਪੁਰ ਵਿਚ ਕੋਵਿਡ ਦੇ ਕਹਿਰ ਕਾਰਨ ਸਮਾਜ ਸੇਵੀ ਜਥੇਬੰਦੀਆਂ ਤੇ ਲੋਕ ਸਭਾ ਮੈਂਬਰ ਵੱਲੋਂ ਦਿੱਤੇ ਗਏ 6 ਵੈਂਟੀਲੇਟਰ ਚਿੱਟਾ ਹਾਥੀ ਬਣੇ ਰਹਿਣ ਕਾਰਨ ਜਿੱਥੇ ਲੋਕ ਪਹਿਲਾਂ ਹੀ ਖ਼ਫਾ ਸਨ। ਉਥੇ ਹੁਣ ਇਨ੍ਹਾਂ ’ਚੋਂ 4 ਵੈਂਟੀਲੇਟਰ ਲੁਧਿਆਣਾ ਜ਼ਿਲ੍ਹੇ ’ਚ ਭੇਜ ਦਿੱਤੇ ਜਾਣ ਕਾਰਨ ਲੋਕਾਂ ਵਿਚ ਨਿਰਾਸ਼ਾ, ਚਿੰਤਾ ਅਤੇ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ’ਚ ਅੱਵਲ ਦਰਜੇ ਦੀਆਂ ਸਿਹਤ ਸਹੂਲਤਾਂ ਦੀ ਘਾਟ ਕਾਰਨ ਵੱਖ-ਵੱਖ ਬੀਮਾਰੀਆਂ ਤੋਂ ਗੰਭੀਰ ਰੂਪ ’ਚ ਪੀੜਤ ਜ਼ਿਆਦਾਤਰ ਲੋਕਾਂ ਨੂੰ ਇਲਾਜ ਲਈ ਅੰਮ੍ਰਿਤਸਰ, ਜਲੰਧਰ, ਚੰਡੀਗੜ੍ਹ ਅਤੇ ਲੁਧਿਆਣੇ ਸਮੇਤ ਹੋਰ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ। ਹੁਣ ਜਦੋਂ ਪਿਛਲੇ ਸਾਲ ਤੋਂ ਕੋਵਿਡ ਦਾ ਤੇਜ਼ੀ ਨਾਲ ਫੈਲਾਅ ਹੋਇਆ ਹੈ ਤਾਂ ਜ਼ਿਲ੍ਹੇ ’ਚ ਵੈਂਟੀਲੇਟਰਾਂ ਦੀ ਅਣਹੋਂਦ ਦਾ ਮੁੱਦਾ ਵੀ ਮੀਡੀਆ ਵੱਲੋਂ ਉਜਾਗਰ ਕੀਤਾ ਗਿਆ ਸੀ। ਉਪਰੰਤ ਗੁਰਦਾਸਪੁਰ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਐੱਮ. ਪੀ. ਲੈਂਡ ਫੰਡ ’ਚੋਂ ਬਟਾਲਾ ਹਸਪਤਾਲ ਵਿਚ 2 ਵੈਂਟੀਲੇਟਰ ਦਿੱਤੇ ਸਨ। ਇਸੇ ਤਰ੍ਹਾਂ ਸਰਬੱਤ ਦਾ ਭਲਾ ਟਰੱਸਟ ਦੇ ਡਾ. ਓਬਰਾਏ ਅਤੇ ਗੁਰਦਾਸਪੁਰ ਦੇ ਪ੍ਰਾਈਵੇਟ ਹਸਪਤਾਲ ਦੇ ਡਾ. ਅਬਰੋਲ ਨੇ ਗੁਰਦਾਸਪੁਰ ਸਿਵਲ ਹਸਪਤਾਲ ਲਈ 2-2 ਵੈਂਟੀਲੇਟਰ ਦਿੱਤੇ ਸਨ। ਪਰ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਪੂਰਾ ਇਕ ਸਾਲ ਇਹ ਵੈਂਟੀਲੇਟਰ ਚਿੱਟਾ ਹਾਥੀ ਬਣੇ ਰਹੇ, ਜਿਸ ਦੇ ਬਾਅਦ ਅੱਜ 4 ਵੈਂਟੀਲੇਟਰ ਲੁਧਿਆਣਾ ਭੇਜ ਦਿੱਤੇ ਗਏ ਹਨ। 

ਇਹ ਵੀ ਪੜ੍ਹੋ :  ਕੋਰੋਨਾ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ 

ਸਿਹਤ ਮਹਿਕਮਾ ਇਹ ਤਰਕ ਦੇ ਰਿਹਾ ਹੈ ਕਿ ਵੈਂਟੀਲੇਟਰ ਚਲਾਉਣ ਲਈ ਮਾਹਿਰ ਡਾਕਟਰਾਂ ਅਤੇ ਸਿੱਖਿਅਤ ਸਟਾਫ ਦੀ ਲੋੜ ਹੁੰਦੀ ਹੈ ਜਦੋਂ ਕਿ ਗੁਰਦਾਸਪੁਰ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਹੋਣ ਕਾਰਨ ਵੈਂਟੀਲੇਟਰ ਚਲਾਏ ਨਹੀਂ ਜਾ ਸਕੇ ਪਰ ਲੋਕ ਇਸ ਗੱਲ ਨੂੰ ਲੈ ਕੇ ਖਫਾ ਹਨ ਕਿ ਵੈਂਟੀਲੇਟਰ ਚਲਾਉਣ ਲਈ ਸਰਕਾਰ ਨੂੰ ਇਥੇ ਲੋੜੀਂਦਾ ਸਟਾਫ ਅਤੇ ਹੋਰ ਸਾਜੋ-ਸਮਾਨ ਉਪਲੱਬਧ ਕਰਵਾਉਣ ਦੀ ਲੋੜ ਸੀ ਨਾ ਕਿ ਵੈਂਟੀਲੇਟਰ ਹੀ ਕਿਸੇ ਹੋਰ ਜ਼ਿਲੇ ’ਚ ਭੇਜ ਦਿੱਤੇ ਜਾਂਦੇ।

ਇਹ ਵੀ ਪੜ੍ਹੋ :  ਪੰਜਾਬ ’ਚ 18-44 ਉਮਰ ਦੇ ਵਰਗ ਦਾ ਟੀਕਾਕਰਣ ਅੱਜ ਤੋਂ

ਕੀ ਕਹਿਣਾ ਹੈ ਸਿਵਲ ਸਰਜਨ ਦਾ
ਇਸ ਸਬੰਧੀ ਸਿਵਲ ਸਰਜਨ ਡਾ. ਹਰਭਜਨ ਮਾਂਡੀ ਨੇ ਕਿਹਾ ਕਿ ਲੁਧਿਆਣਾ ’ਚ ਲੈਵਲ-3 ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਹੋਏ ਵਾਧੇ ਦੇ ਮੱਦੇਨਜ਼ਰ ਉਥੋਂ ਦੇ ਡਿਪਟੀ ਕਮਿਸ਼ਨਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਵੈਂਟੀਲੇਟਰਾਂ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਹ ਵੈਂਟੀਲੇਟਰ ਡੋਨੇਟ ਕਰਨ ਵਾਲੇ ਐੱਮ. ਪੀ. ਅਤੇ ਡਾ. ਓਬਰਾਏ ਕੋਲੋਂ ਪ੍ਰਵਾਨਗੀ ਲੈਣ ਉਪਰੰਤ ਇਹ ਵੈਂਟੀਲੇਟਰ ਲੁਧਿਆਣਾ ਭੇਜਣ ਲਈ ਪ੍ਰਵਾਨਗੀ ਦਿੱਤੀ ਹੈ।

ਇਹ ਵੀ ਪੜ੍ਹੋ :  ਪੰਜਾਬ ’ਚ ਕੋਰੋਨਾ ਕਾਰਨ ਹਾਲਾਤ ਹੋਏ ਬਦ ਤੋਂ ਬਦਤਰ, 186 ਦੀ ਮੌਤ; ਦਵਾਈਆਂ ਦੀ ਕਾਲਾਬਾਜ਼ਾਰੀ ਨੇ ਵਧਾਈ ਚਿੰਤਾ


Anuradha

Content Editor

Related News