ਵਧੀਆ ਕਾਰਗੁਜ਼ਾਰੀ ਲਈ 4 ਅਧਿਆਪਕਾਂ ਨੂੰ ਕੀਤਾ ਸਨਮਾਨਿਤ
Wednesday, Dec 19, 2018 - 04:05 PM (IST)

ਨਵਾਂਸ਼ਹਿਰ (ਮਨੋਰੰਜਨ) : ਸਕੱਤਰ, ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋ ਸਿੱਖਿਆ ਖੇਤਰ 'ਚ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਨਵੀਂ ਤਕਨੀਕ ਨਾਲ ਸਨਮਾਨਿਤ ਕਰਨ ਦਾ ਉੁਪਰਾਲਾ ਅਰੰਭਿਆ ਗਿਆ ਹੈ। ਇਸ ਲੜੀ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ 20 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ 'ਚ ਸ਼ਹੀਦ ਭਗਤ ਸਿੰਘ ਨਗਰ ਤੋਂ ਚਾਰ ਅਧਿਆਪਕ ਮਨਪ੍ਰੀਤ ਸੈਣੀ (ਹੈੱਡਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਥਾਂਦੀਆਂ ਬਲਾਕ ਨਵਾਂਸ਼ਹਿਰ-2), ਸੁਰਿੰਦਰ ਕੁਮਾਰ (ਈ.ਟੀ.ਟੀ.ਅਧਿਆਪਕ ਸਪ੍ਰਸ ਮੰਢਾਲੀ ਬਲਾਕ ਬੰਗਾ), ਪ੍ਰਵੀਨ ਕੁਮਾਰੀ ( ਈ.ਟੀ.ਟੀ.ਅਧਿਆਪਕਾ ਸਪਸ ਛੂਛੇਵਾਲ ਬਲਾਕ ਸੜੋਆ ਸਕੂਲ ) ਦੇ ਗੁਣਾਤਮਕ ਵਿਕਾਸ ਲਈ ਅਤੇ ਹੰਸ ਰਾਜ (ਹੈੱਡਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਨੌਰਾ ਬਲਾਕ ਨਵਾਂਸ਼ਹਿਰ-1) ਨੂੰ ਸਕੂਲ ਦੀ ਦਿੱਖ ਪ੍ਰਭਾਵਸ਼ਾਲੀ ਬਣਾਉਣ ਅਤੇ ਬੱਚਿਆਂ ਦੇ ਗੁਣਾਤਮਿਕ ਸੁਧਾਰ ਲਈ ਕੀਤੇ ਉਪਰਾਲਿਆਂ ਲਈ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵਿਭਾਗ, ਪੰਜਾਬ ਵਲ੍ਹੋਂ ਮੋਹਾਲੀ ਵਿਖੇ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ ਅਤੇ ਸਨਮਾਨਿਤ ਅਧਿਆਪਕਾਂ ਨੂੰ ਵਿਸ਼ੇਸ਼ ਪਹਿਚਾਣ ਪੱਤਰ (ਆਨਰ ਆਫ਼ ਦੀ ਡਿਪਾਰਟਮੈਂਟ) ਦਿੱਤੇ ਗਏ ਹਨ, ਜਿਸ ਦੀ ਮਦਦ ਨਾਲ ਅਧਿਆਪਕ ਆਪਣੀਆ ਮੁਸ਼ਕਲਾਂ ਵਿਭਾਗ ਦੇ ਅਫ਼ਸਰਾਂ ਨੂੰ ਪਹਿਲ ਦੇ ਆਧਾਰ ਤੇ ਮਿਲ ਕੇ ਹੱਲ ਕਰਵਾ ਸਕਦਾ ਹੈ। ਸਕੱਤਰ ਸਕੂਲ ਸਿੱਖਿਆ ਵਿਭਾਗ, ਪੰਜਾਬ ਕ੍ਰਿਸ਼ਨ ਕੁਮਾਰ ਵਲ੍ਹੋਂ ਸਨਮਾਨਿਤ ਅਧਿਆਪਕਾਂ ਨੂੰ ਦੱਸਿਆ ਗਿਆ ਕਿ ਹਰ ਹਫ਼ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ 20 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਹੋਰ ਅਧਿਆਪਕਾਂ ਨੂੰ ਵੀ ਸਿੱਖਿਆ ਦੇ ਸੁਧਾਰ ਲਈ ਉਪਰਾਲੇ ਕਰਨ ਲਈ ਪ੍ਰੇਰਿਆ ਜਾਵੇ ਤਾਂ ਜੋ ਸਿੱਖਿਆ ਵਿਭਾਗ ਦਾ ਮਾਣ ਵਧੇ।