ਨਸ਼ੇ ਵਾਲੀਆਂ ਦਵਾਈਆਂ ਸਮੇਤ 4 ਵਿਅਕਤੀ ਗ੍ਰਿਫ਼ਤਾਰ
Saturday, Jun 13, 2026 - 03:02 PM (IST)
ਤਲਵੰਡੀ ਸਾਬੋ (ਮੁਨੀਸ਼) : ਤਲਵੰਡੀ ਸਾਬੋ ਪੁਲਸ ਨੇ ਵੱਡੀ ਮਾਤਰਾ ’ਚ ਕਾਰ ’ਚੋਂ ਨਸ਼ੇ ਵਾਲੀਆਂ ਗੋਲੀਆਂ ਸਮੇਤ ਚਾਰ ਲੋਕਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਚਾਰੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹਾ ਪੁਲਸ ਮੁਖੀ ਡਾ. ਜਯੋਤੀ ਯਾਦਵ ਅਤੇ ਯਸਜੋਤ ਸਿੰਘ ਡੀ. ਐੱਸ. ਪੀ. ਤਲਵੰਡੀ ਸਾਬੋ ਦੇ ਦਿਸ਼ਾ ਨਿਰਦੇਸ਼ਾਂ ’ਤੇ ਥਾਣਾ ਤਲਵੰਡੀ ਸਾਬੋ ਦੇ ਮੁਖੀ ਅਮਰੀਕ ਸਿੰਘ ਗਰੇਵਾਲ ਦੀ ਅਗਵਾਈ ’ਚ ਹੌਲਦਾਰ ਕੁਲਦੀਪ ਸਿੰਘ ਸਮੇਤ ਪੁਲਸ ਪਾਰਟੀ ਨਸ਼ਾ ਸਬੰਧੀ ਮਲਕਾਣਾ ਰੋਡ ’ਤੇ ਨਾਕਾਬੰਦੀ ਕਰ ਕੇ ਖੜ੍ਹੇ ਸਨ।
ਇਸ ਦੌਰਾਨ ਇਕ ਬਿਨਾਂ ਨੰਬਰੀ ਗੱਡੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ’ਚੋਂ 27000 ਪ੍ਰੀਗਾਬਾਲੀਨ ਕੈਪਸੂਲ ਅਤੇ 60 ਗੋਲੀਆਂ ਐਟੀਜੋਲਮ ਬਰਾਮਦ ਕੀਤੇ ਗਏ। ਪੁਲਸ ਨੇ ਗੱਡੀ ਅਤੇ ਨਸ਼ੇ ਵਾਲੀਆਂ ਗੋਲੀਆਂ ਆਪਣੇ ਕਬਜ਼ੇ ’ਚ ਲੈ ਕੇ ਕਥਿਤ ਦੋਸ਼ੀਆਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਛਾਣ ਬਿੱਟੂ ਸਿੰਘ ਪੁੱਤਰ ਦਰਸ਼ਨ ਸਿੰਘ, ਭਾਰਤ ਭੂਸ਼ਣ ਪੁੱਤਰ ਕਸ਼ਮੀਰੀ ਲਾਲ ਵਾਸੀ ਕਾਲਿਆਂਵਾਲੀ (ਹਰਿਆਣਾ), ਜਗਸੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਮਨੀ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
