ਫਿਰੋਜ਼ਪੁਰ ਜ਼ਿਲ੍ਹੇ 'ਚ ਐੱਸ. ਪੀ. ਸਣੇ 4 ਲੋਕਾਂ ਦੀ ਰਿਪੋਰਟ ਆਈ 'ਕੋਰੋਨਾ' ਪਾਜ਼ੇਟਿਵ
Monday, Jul 20, 2020 - 02:46 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲੇ 'ਚ ਫਿਰੋਜ਼ਪੁਰ ਜ਼ਿਲ੍ਹੇ 'ਚ ਇਕ ਐੱਸ. ਪੀ. ਸਣੇ 4 ਹੋਰ ਲੋਕਾਂ ਦੀ ਅੱਜ 'ਕੋਰੋਨਾ' ਰਿਪੋਰਟ ਪਾਜ਼ੇਟਿਵ ਆਈ ਹੈ। ਪੁਲਸ ਪ੍ਰਸ਼ਾਸਨ ਵਲੋਂ ਤੁਰੰਤ ਹੀ ਐੱਸ. ਪੀ. ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਅਤੇ ਐੱਸ. ਪੀ. ਫਿਰੋਜ਼ਪੁਰ ਦੇ ਦਫ਼ਤਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ 'ਚੋਂ 3 ਕੋਰੋਨਾ ਪਾਜ਼ੇਟਿਵ ਮਰੀਜ਼ ਫਿਰੋਜ਼ਪੁਰ ਦੇ ਹਨ ਅਤੇ ਇਕ ਮਰੀਜ਼ ਜਾਰੀ ਦਾ ਰਹਿਣ ਵਾਲਾ ਹੈ। ਇਸ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਫਿਲਹਾਲ ਇਨ੍ਹਾਂ ਮਰੀਜ਼ਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਅੱਜ ਆਏ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦਾ ਸਿਹਤ ਮਹਿਕਮੇ ਵਲੋਂ ਪਤਾ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸਿਵਲ ਸਰਜਨ ਅਨੁਸਾਰ ਜ਼ਿਲ੍ਹੇ 'ਚ ਹੁਣ ਤੱਕ ਕੁੱਲ 227 ਕੋਰੋਨਾ ਪਾਜ਼ੇਟਿਵ ਕੇਸ ਆ ਚੁੱਕੇ ਹਨ, ਜਿਨ੍ਹਾਂ 'ਚੋਂ 4 ਰੋਗੀਆਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ 'ਚ ਹੁਣ 106 ਕੇਸ ਐਕਟਿਵ ਹਨ। ਇੱਥੇ ਰਾਹਤ ਦੀ ਗੱਲ ਇਹ ਹੈ ਕਿ 117 ਮਰੀਜ਼ ਕੋਰੋਨਾ ਨੂੰ ਮਾਤ ਦੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਨੇ ਫੜੀ ਰਫ਼ਤਾਰ, 11 ਨਵੇਂ ਮਾਮਲੇ ਆਏ ਸਾਹਮਣੇ
ਸ਼ਨੀਵਾਰ ਆਏ 'ਕੋਰੋਨਾ' ਦੇ 12 ਨਵੇਂ ਕੇਸ ਆਏ ਸਾਹਮਣੇ
ਜ਼ਿਲ੍ਹਾ ਫਿਰੋਜ਼ਪੁਰ ਦੇ ਜਿਨਾਂ ਕੋਰੋਨਾ ਸ਼ੱਕੀ ਮਰੀਜ਼ਾਂ ਦੀ ਟੈਸਟਿੰਗ ਕਰ ਕੇ ਨਮੂਨੇ ਜਾਂਚ ਦੇ ਲਈ ਭੇਜੇ ਗਏ ਸਨ, ਉਨ੍ਹਾਂ 'ਚੋਂ 12 ਹੋਰ ਵਿਅਕਤੀਆਂ ਦੀ ਰਿਪੋਰਟ ਐਤਵਾਰ ਪਾਜ਼ੇਟਿਵ ਮਿਲੀ ਸੀ। ਸਿਹਤ ਮਹਿਕਮੇ ਦੀ ਰਿਪੋਰਟ ਅਨੁਸਾਰ ਪਾਜ਼ੇਟਿਵ ਪਾਏ ਗਏ ਰੋਗੀਆਂ 'ਚ ਜ਼ਿਲਾਪੁਲਸ 'ਚ ਐੱਸ. ਪੀ. ਦੇ ਅਹੁਦੇ 'ਤੇ ਤੈਨਾਤ ਇਕ ਅਧਿਕਾਰੀ ਵੀ ਸ਼ਾਮਲ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਇਨ੍ਹਾਂ 'ਚੋਂ ਤਿੰਨ ਮਾਮਲੇ ਫਿਰੋਜ਼ਪੁਰ ਛਾਉਣੀ, ਦੋ ਮਾਮਲੇ ਫਿਰੋਜ਼ਪੁਰ ਸ਼ਹਿਰ, ਤਿੰਨ ਮਾਮਲੇ ਜ਼ੀਰਾ ਅਤੇ ਤਿੰਨ ਮਾਮਲੇ ਮੱਲਾਂਵਾਲਾ ਨਾਲ ਸਬੰਧਤ ਹਨ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸੰਪਰਕ 'ਚ ਰਹੇ ਲੋਕਾਂ ਦੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਨੀਟਾ ਦਿਓਲ ਵਲੋਂ ਜੇਲ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
ਪੰਜਾਬ 'ਚ ਕੋਰੋਨਾ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 10153 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1272, ਲੁਧਿਆਣਾ 'ਚ 1839, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1664, ਸੰਗਰੂਰ 'ਚ 733 ਕੇਸ, ਪਟਿਆਲਾ 'ਚ 981, ਮੋਹਾਲੀ 'ਚ 531, ਗੁਰਦਾਸਪੁਰ 'ਚ 310 ਕੇਸ, ਪਠਾਨਕੋਟ 'ਚ 275, ਤਰਨਤਾਰਨ 229, ਹੁਸ਼ਿਆਰਪੁਰ 'ਚ 271, ਨਵਾਂਸ਼ਹਿਰ 'ਚ 265, ਮੁਕਤਸਰ 172, ਫਤਿਹਗੜ੍ਹ ਸਾਹਿਬ 'ਚ 201, ਰੋਪੜ 'ਚ 159, ਮੋਗਾ 'ਚ 199, ਫਰੀਦਕੋਟ 200, ਕਪੂਰਥਲਾ 153, ਫਿਰੋਜ਼ਪੁਰ 'ਚ 227, ਫਾਜ਼ਿਲਕਾ 154, ਬਠਿੰਡਾ 'ਚ 177, ਬਰਨਾਲਾ 'ਚ 80, ਮਾਨਸਾ 'ਚ 71 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 6884 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 3016 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 253 ਲੋਕਾਂ ਦੀ ਮੌਤ ਹੋ ਚੁੱਕੀ ਹੈ।