ਪਟਿਆਲਾ, ਘੱਗਾ ਤੇ ਘਨੌਰ ਦੇ 396 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ

12/07/2017 8:12:55 AM

ਪਟਿਆਲਾ  (ਜੋਸਨ, ਬਲਜਿੰਦਰ, ਰਾਜੇਸ਼, ਪਰਮੀਤ, ਰਾਣਾ) - ਨਗਰ ਨਿਗਮ ਪਟਿਆਲਾ, ਨਗਰ ਪੰਚਾਇਤ ਘੱਗਾ ਅਤੇ ਘਨੌਰ ਦੀਆਂ ਆਮ ਚੋਣਾਂ-2017 ਦੇ ਸਬੰਧ ਵਿਚ ਅੰਤਿਮ ਦਿਨ ਤੱਕ ਕੁਲ 396 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰੀਆਂ ਗਈਆਂ। ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਵਧੀਕ ਜ਼ਿਲਾ ਚੋਣਕਾਰ ਅਫ਼ਸਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵੱਖ-ਵੱਖ ਵਾਰਡਾਂ ਲਈ ਅੱਜ ਤੱਕ 292 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਜਦਕਿ ਨਗਰ ਪੰਚਾਇਤ ਘੱਗਾ ਲਈ 79 ਅਤੇ ਨਗਰ ਪੰਚਾਇਤ ਘਨੌਰ ਲਈ  ਕੁਲ 25 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵਾਰਡ ਨੰ. 1 ਤੋਂ 10 ਲਈ ਨਿਯੁਕਤ ਰਿਟਰਨਿੰਗ ਅਧਿਕਾਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਕੋਲ ਕੁਲ 48 ਉਮੀਦਵਾਰਾਂ, ਵਾਰਡ ਨੰ. 11 ਤੋਂ 20 ਲਈ ਰਿਟਰਨਿੰਗ ਅਧਿਕਾਰੀ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਕੋਲ ਕੁੱਲ 48, ਵਾਰਡ ਨੰ. 21 ਤੋਂ 30 ਦੇ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ ਸਮਾਣਾ ਕੋਲ 55 ਉਮੀਦਵਾਰਾਂ, ਵਾਰਡ ਨੰ. 31 ਤੋਂ 40 ਦੇ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ ਪਟਿਆਲਾ ਕੋਲ 39 ਉਮੀਦਵਾਰ, ਵਾਰਡ ਨੰ. 41 ਤੋਂ 50 ਲਈ ਰਿਟਰਨਿੰਗ ਅਧਿਕਾਰੀ ਸਕੱਤਰ ਆਰ. ਟੀ. ਏ. ਪਟਿਆਲਾ ਕੋਲ 52 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ । ਵਾਰਡ ਨੰ. 51 ਤੋਂ 60 ਲਈ ਰਿਟਰਨਿੰਗ ਅਧਿਕਾਰੀ ਸਹਾਇਕ ਕਮਿਸ਼ਨਰ ਜਨਰਲ ਪਟਿਆਲਾ ਕੋਲ ਕੁਲ 50 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਘੱਗਾ ਦੇ 13 ਵਾਰਡਾਂ ਲਈ ਅੱਜ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਕੋਲ 79 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜਦਕਿ ਨਗਰ ਪੰਚਾਇਤ ਘਨੌਰ ਲਈ 25 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸ਼੍ਰੀ ਪਰੇ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਤੋਂ ਬਾਅਦ ਹੁਣ 7 ਦਸੰਬਰ ਨੂੰ ਇਨ੍ਹਾਂ ਦੀ ਪੜਤਾਲ ਹੋਵੇਗੀ, 8 ਦਸੰਬਰ ਤਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ ਤੇ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ 4 ਵਜੇ ਤਕ ਵੋਟਾਂ ਪੈਣਗੀਆਂ । ਇਸੇ ਦੌਰਾਨ ਸਮਾਪਤੀ ਸਮੇਂ ਵੋਟਾਂ ਦੀ ਗਿਣਤੀ ਹੋਵੇਗੀ।


Related News