ਇਰਾਕ ''ਚ ਮਾਰੇ ਗਏ ਨਵਾਂਸ਼ਹਿਰ ਦੇ 2 ਨੌਜਵਾਨਾਂ ਦੇ ਪਰਿਵਾਰਾਂ ਨਾਲ ਡੀ. ਸੀ. ਨੇ ਕੀਤੀ ਮੁਲਾਕਾਤ
Wednesday, Mar 21, 2018 - 03:11 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਡਿਪਟੀ ਕਮਿਸ਼ਨਰ ਅਮਿਤ ਕੁਮਾਰ ਅਤੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਮੰਗਲਵਾਰ ਦੇਰ ਸ਼ਾਮ ਬਲਾਚੌਰ ਸਬ ਡਿਵੀਜ਼ਨ ਦੇ ਇਰਾਕ 'ਚ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਵੱਲੋਂ ਮਾਰੇ ਗਏ ਨੌਜਵਾਨਾਂ ਪਰਵਿੰਦਰ ਸਿੰਘ ਵਾਸੀ ਜਗਤਪੁਰ ਅਤੇ ਜਸਵੀਰ ਸਿੰਘ ਵਾਸੀ ਮਹਿੰਦਪੁਰ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਮਾਊ ਜੀਆਂ ਦੀ ਦਰਦਨਾਕ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਅਵਸ਼ੇਸ਼ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਭਾਰਤ ਵਾਪਸ ਮੰਗਵਾਏ ਜਾਣ ਲਈ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਗਿਆ ਹੈ। ਇਸ ਮੌਕੇ ਐੱਸ. ਡੀ. ਐੱਮ. ਬਲਾਚੌਰ ਜਗਜੀਤ ਸਿੰਘ ਅਤੇ ਡੀ. ਐੱਸ. ਪੀ. ਬਲਾਚੌਰ ਅਨਿਲ ਕੁਮਾਰ ਕੋਹਲੀ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ 39 ਭਾਰਤੀ ਕਾਮਿਆਂ ਨੂੰ ਆਈ. ਐੱਸ. ਆਈ. ਐੱਸ. ਵੱਲੋਂ 2014 'ਚ ਅਗਵਾ ਕਰ ਲੈਣ ਦੀਆਂ ਖਬਰਾਂ ਤੋਂ ਬਾਅਦ, ਇਨ੍ਹਾਂ ਦੇ ਪਰਿਵਾਰ ਆਪਣੇ ਜੀਆਂ ਦੀ ਸੁਖਦ ਵਾਪਸੀ ਲਈ ਅਰਦਾਸਾਂ ਕਰ ਰਹੇ ਸਨ ਪਰ ਇਸ ਮੰਦਭਾਗੀ ਸੂਚਨਾ ਨਾਲ ਉਨ੍ਹਾਂ ਦੀਆਂ ਸਾਰੀਆਂ ਆਸਾਂ ਖਤਮ ਹੋ ਗਈਆਂ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਰਾਕ 'ਚ ਮਾਰੇ ਗਏ ਵਿਅਕਤੀਆਂ ਦੀਆਂ ਅੰਤਿਮ ਰਸਮਾਂ ਦੇ ਵਾਸਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਅਤੇ ਉਨ੍ਹਾਂ ਨੂੰ ਐਕਸ ਗ੍ਰੇਸ਼ੀਆ ਰਾਹਤ ਮੁਹੱਈਆ ਕਰਵਾਉਣ ਵਾਸਤੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਮਾਰੇ ਗਏ ਵਿਅਕਤੀਆਂ ਦੇ ਬਾਕੀ ਸਰੀਰ ਦੇ ਹਿੱਸਿਆਂ ਨੂੰ ਵਾਪਸ ਭਾਰਤ ਲਿਆ ਕੇ ਅੰਤਿਮ ਰਸਮਾਂ ਕਰਨ ਲਈ ਵੀ ਕੇਂਦਰੀ ਮੰਤਰੀ ਨੂੰ ਯਕੀਨੀ ਬਣਾਉਣ ਵਾਸਤੇ ਆਖਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਹੈ ਕਿ ਭਾਰਤ ਸਰਕਾਰ ਮਾਰੇ ਗਏ ਵਿਅਕਤੀਆਂ ਨੂੰ ਪੂਰੇ ਸਤਿਕਾਰ ਨਾਲ ਤਾਬੂਤਾਂ 'ਚ ਲਿਆਉਣ ਦਾ ਪ੍ਰਬੰਧ ਕਰ ਰਹੀ ਹੈ। ਪੰਜਾਬ ਸਰਕਾਰ ਅੰਤਿਮ ਰਸਮਾਂ ਦੇ ਵਾਸਤੇ ਇਨ੍ਹਾਂ ਤਾਬੂਤਾਂ ਨੂੰ ਸਬੰਧਤ ਪਰਿਵਾਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕਰੇਗੀ। ਉਨ੍ਹਾ ਦੱਸਿਆ ਕਿ ਸੰਸਦ 'ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਇਨ੍ਹਾਂ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ ਹੈ।
ਜ਼ਿਲੇ ਦੇ ਦੋਵੇਂ ਆਲਾ ਅਧਿਕਾਰੀਆਂ ਨੇ ਗਮਜ਼ਦਾ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸ਼ਾਸ਼ਨ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਪਰਿਵਾਰਕ ਜੀਆਂ ਦੇ ਅਵਸ਼ੇਸ਼ ਭਾਰਤ ਮੰਗਵਾਉਣ ਦੀ ਪ੍ਰਕਿਰਿਆ ਦੀ ਪ੍ਰਗਤੀ ਬਾਰੇ ਉਨ੍ਹਾਂ ਨੂੰ ਲਗਾਤਾਰ ਸੂਚਨਾ ਦਿੱਤੀ ਜਾਂਦੀ ਰਹੇਗੀ।