ਇਰਾਕ 'ਚ ਮਾਰੇ ਗਏ ਨੰਦ ਲਾਲ ਦੀਆਂ ਅਸਥੀਆਂ ਦਾ ਤਾਬੂਤ ਪਿੰਡ ਪਹੁੰਚਣ 'ਤੇ ਮਾਹੌਲ ਹੋਇਆ ਗਮਗੀਨ
Thursday, Apr 05, 2018 - 02:45 PM (IST)

ਬਿਲਗਾ (ਇਕਬਾਲ)— ਥਾਣਾ ਬਿਲਗਾ ਅਧੀਨ ਆਉਂਦੇ ਪਿੰਡ ਤਲਵਣ ਵਿਖੇ 39 ਭਾਰਤੀਆਂ 'ਚੋਂ ਇਕ ਪਿੰਡ ਤਲਵਣ ਦੇ 52 ਸਾਲਾ ਨੰਦ ਲਾਲ ਦੀਆਂ ਅਸਥੀਆਂ ਦਾ ਤਾਬੂਤ ਪਿੰਡ ਤਲਵਣ ਵਿਖੇ ਪਹੁੰਚਣ 'ਤੇ ਮਾਹੌਲ ਗਮਗੀਨ ਹੋ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ , ਤਪਨ ਭਨੋਟ ਤਹਿਸੀਲਦਾਰ ਫਿਲੌਰ, ਪਰਗਣ ਸਿੰਘ ਨਾਇਬ ਤਹਿਸੀਲਦਾਰ ਨੂਰਮਹਿਲ, ਮੁੱਖ ਅਫਸਰ ਥਾਣਾ ਬਿਲਗਾ ਸਬ ਇੰਸਪੈਕਟਰ ਸੁਲੱਖਣ ਸਿੰਘ, ਬਲਵਿੰਦਰ ਸਿੰਘ ਸਰਪੰਚ ਤਲਵਣ, ਹਰੀਸ਼ ਚੰਦਰ ਮੈਂਬਰ ਬਲਾਕ ਸੰਮਤੀ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ 'ਚ ਮੌਜੂਦ ਸਨ। ਇਸ ਸਬੰਧ 'ਚ ਨੰਦ ਲਾਲ ਦੇ ਭਰਾ ਮਲਕੀਤ ਰਾਮ ਨੇ ਦੱਸਿਆ ਕਿ ਨੰਦ ਲਾਲ 2013 ਵਿਚ ਰੋਜ਼ੀ-ਰੋਟੀ ਕਮਾਉਣ ਲਈ ਇਰਾਕ ਗਿਆ ਸੀ। 12 ਜੂਨ 2014 ਨੂੰ ਫੋਨ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ। 12 ਜੂਨ 2014 ਤੋਂ ਲੈ ਕੇ 21 ਜੂਨ 2014 ਤੱਕ ਸਾਡੇ ਨਾਲ ਸੰਪਰਕ ਹੁੰਦਾ ਰਿਹਾ। ਉਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਲੱਗਾ। ਉਸ ਤੋਂ ਬਾਅਦ ਵਿਦੇਸ਼ ਮੰਤਰੀ ਨਾਲ ਮੀਟਿੰਗਾਂ ਕੀਤੀਆਂ ਗਈਆਂ। 20 ਮਾਰਚ 2018 ਨੂੰ 39 ਭਾਰਤੀਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਤਾਂ ਘਰ ਵਿਚ ਮਾਤਮ ਛਾ ਗਿਆ। ਮਲਕੀਤ ਰਾਮ ਨੇ ਦੱਸਿਆ ਕਿ ਸਾਡੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਨੰਦ ਲਾਲ ਨੂੰ ਅਸੀਂ ਰੋਟੀ- ਰੋਜ਼ੀ ਕਮਾਉਣ ਲਈ ਇਰਾਕ ਭੇਜਿਆ ਸੀ। ਨੰਦ ਲਾਲ ਦੀਆਂ ਅਸਥੀਆਂ ਦਾ ਤਾਬੂਤ ਸਮੇਤ ਅੰਤਿਮ ਸੰਸਕਾਰ ਪਿੰਡ ਤਲਵਣ ਦੇ ਸ਼ਮਸ਼ਾਨਘਾਟ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਰ ਦਿੱਤਾ ਗਿਆ। ਇਸ ਮੌਕੇ ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ ਨੇ ਕਿਹਾ ਕਿ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ। ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਪੰਜ ਲੱਖ ਦੀ ਮਾਲੀ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦੇਣ ਦੇ ਐਲਾਨ 'ਤੇ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਬਲਵਿੰਦਰ ਸਿੰਘ ਹੁੰਦਲ ਸਰਪੰਚ, ਹਰੀਸ਼ ਚੰਦਰ ਮੈਂਬਰ ਬਲਾਕ ਸੰਮਤੀ, ਕੁਲਜਿੰਦਰ ਸਿੰਘ ਪੰਚ, ਦਿਲਬਾਗ ਸਿੰਘ ਦੀਪਾ, ਮੇਜਰ ਸਿੰਘ ਜੌਹਲ, ਭਿੰਦਰਜੀਤ ਸਿੰਘ, ਤਜਿੰਦਰ ਤਲਵਣ, ਕੁਲਦੀਪ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ ਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ 'ਚ ਮੌਜੂਦ ਸਨ।