ਇਕਾਂਤਵਾਸ ਕੀਤੇ 36 ਵਿਅਕਤੀ ਘਰਾਂ ਨੂੰ ਪਰਤੇ
Saturday, Jun 06, 2020 - 02:49 AM (IST)
ਖਡੂਰ ਸਾਹਿਬ (ਗਿੱਲ)- ਇਥੇ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਵਿਚ ਕਾਰਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚੱਲਦੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਹੋਸਟਲ ਵਿਖੇ ਇਕਾਂਤਵਾਸ ਕੀਤੇ ਗਏ 36 ਵਿਅਕਤੀ ਅੱਜ ਸਥਾਨਕ ਪ੍ਰਸ਼ਾਸਨ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਘਰਾਂ ਨੂੰ ਪਰਤ ਗਏ । ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਕਾਰਸੇਵਾ ਖਡੂਰ ਸਾਹਿਬ ਦੇ ਸੇਵਾਦਾਰ ਨਿਰਮਲ ਸਿੰਘ ਨੇ ਦੱਸਿਆ ਇਹ ਸਾਰੇ ਵਿਅਕਤੀ, ਜਿਨ੍ਹਾਂ ਵਿਚ ਅੱਠ ਔਰਤਾਂ ਵੀ ਸ਼ਾਮਲ ਸਨ, ਕੋਰੋਨਾ ਨੈਗੇਟਿਵ ਪਾਏ ਗਏ ਹਨ । ਸਥਾਨਕ ਪ੍ਰਸ਼ਾਸਨ ਵਲੋਂ ਪਟਵਾਰੀ ਜਰਮਨਦੀਪ ਸਿੰਘ ਅਤੇ ਲਵਦੀਪ ਸਿੰਘ ਨੇ ਸਬੰਧਤ ਸੰਗਤ ਨੂੰ ਤੰਦਰੁਸਤੀ ਸਬੰਧੀ ਸਰਟੀਫਿਕੇਟ ਦਿੱਤੇ ।
ਇਸ ਮੌਕੇ ਏ.ਐੱਸ.ਆਈ. ਹਰਜਿੰਦਰ ਸਿੰਘ ਵੀ ਮੌਜੂਦ ਸਨ । ਉਪਰੋਕਤ 36 ਵਿਅਕਤੀਆਂ ਵਿਚੋਂ 15 ਦੁਬਈ, 8 ਇੰਗਲੈਂਡ, 4 ਸਿੰਗਾਪੁਰ ਅਤੇ 9 ਕੁਵੈਤ ਤੋਂ ਪਰਤੇ ਸਨ । ਇਸ ਦੌਰਾਨ ਗੱਲਬਾਤ ਕਰਦਿਆਂ ਸਿੰਗਾਪੁਰ ਤੋਂ ਪਰਤੇ ਜੈਮਲ ਸਿੰਘ ਜੋਧਪੁਰ ਨੇ ਕਿਹਾ ਕਿ ਸਿੰਗਾਪੁਰ ਵਿਚ 7 ਅਪ੍ਰੈਲ ਨੂੰ ਲਾਕਡਾਊਨ ਕੀਤਾ ਗਿਆ ਸੀ ਅਤੇ ਉਹ 27 ਮਈ ਤੱਕ ਉਥੇ ਰਹੇ । ਇਸ ਵਿਚਕਾਰ ਸਰਕਾਰ ਅਤੇ ਕੰਪਨੀਆਂ ਵੱਲੋਂ ਨਾ ਸਿਰਫ ਰਿਹਾਇਸ਼ ਅਤੇ ਖਾਣ-ਪੀਣ ਦਾ ਖਰਚ ਚੁੱਕਿਆ ਗਿਆ, ਸਗੋਂ ਭਾਰਤ ਆਉਣ ਦੀ ਹਵਾਈ ਟਿਕਟ ਵੀ ਖਰੀਦ ਕੇ ਦਿੱਤੀ ਗਈ । ਉਨ੍ਹਾਂ ਹੋਰ ਕਿਹਾ ਕਿ ਸਾਡਾ ਦੋਵੇਂ ਪਾਸੇ ਦਾ ਤਜ਼ੁਰਬਾ ਖੁਸ਼ਗਵਾਰ ਰਿਹਾ । ਇਥੇ ਕਾਰਸੇਵਾ ਦੇ ਸੇਵਕਾਂ ਵਲੋਂ ਘਰ ਨਾਲੋਂ ਵੱਧ ਸਹੂਲਤ ਦਿੱਤੀ ਗਈ। ਯਾਦ ਰਹੇ ਕਿ ਖਡੂਰ ਸਾਹਿਬ ਇਕਾਂਤਵਾਸ ਕੇਂਦਰ ਵਿਚ ਰਿਹਾਇਸ਼ ਤੋਂ ਇਲਾਵਾ ਲੰਗਰ ਪਾਣੀ ਦੀ ਸੇਵਾ ਕਾਰ ਸੇਵਾ ਖਡੂਰ ਸਾਹਿਬ ਵਲੋਂ ਸੰਭਾਲੀ ਜਾ ਰਹੀ ਹੈ ।