ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਲੈ ਪੰਜਾਬ ਸਰਕਾਰ ਦਾ ਵੱਡਾ ਐਲਾਨ
Wednesday, Mar 26, 2025 - 12:50 PM (IST)

ਚੰਡੀਗੜ੍ਹ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਹਰਪਾਲ ਚੀਮਾ ਨੇ ਕੁੱਲ੍ਹ 2 ਲੱਖ 36 ਹਜ਼ਾਰ 80 ਕਰੋੜ ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਵਿੱਤ ਮੰਤਰੀ ਨੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਕ ਵਿਰਾਸਤ ਦੇ ਸਨਮਾਨ ਅਤੇ ਪ੍ਰਦਰਸ਼ਨ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਵਿੱਤੀ ਸਾਲ 2025-26 ਦੌਰਾਨ ਰਾਜ ਪੱਧਰ 'ਤੇ ਯਾਦਗਾਰੀ ਸਮਾਗਮਾਂ ਦੀ ਲੜੀ ਆਯੋਜਿਤ ਕੀਤੀ ਜਾਵੇਗੀ, ਇਸ ਦੇ ਨਾਲ ਹੀ ਗੁਰੂ ਸਾਹਿਬ ਦੀਆਂ ਯਾਤਰਾਵਾਂ ਨਾਲ ਸਬੰਧਤ ਸਥਾਨਾਂ 'ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਸਥਾਪਿਤ ਸ਼ਹਿਰ, ਸ੍ਰੀ ਆਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਨੰਗਲ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ, ਇਸ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਇਸ ਨੂੰ ਪ੍ਰਮੁੱਖ ਸੈਰ-ਸਪਾਟਾ ਸਥਾਨ ਵਜੋਂ ਉਤਸ਼ਾਹਿਤ ਕਰਨ ਲਈ 10 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- ਬਜਟ 'ਚ ਵੱਡਾ ਐਲਾਨ, ਡੋਰ ਸਟੈੱਪ ਡਿਲੀਵਰੀ ਸਰਵਿਸ ਚਾਰਜ ਵਿਚ ਭਾਰੀ ਕਟੌਤੀ
ਇਸ ਦੌਰਾਨ ਉਨ੍ਹਾਂ ਕਿ ਸਰਕਾਰ ਨੇ ਰਾਮ ਤੀਰਥ, ਅੰਮ੍ਰਿਤਸਰ ਵਿਖੇ 33 ਕਰੋੜ ਰੁਪਏ ਦੀ ਲਾਗਤ ਨਾਲ ਭਗਵਾਨ ਵਾਲਮੀਕੀ ਪੈਨੋਰਮਾ ਸਥਾਪਿਤ ਕੀਤਾ ਹੈ। ਇਹ ਅਤਿ-ਆਧੁਨਿਕ ਅਜਾਇਬ ਘਰ, ਜਿਸ ਵਿੱਚ 14 ਗੈਲਰੀਆਂ ਹਨ, ਆਧੁਨਿਕ ਤਕਨਾਲੋਜੀ ਰਾਹੀਂ ਭਗਵਾਨ ਵਾਲਮੀਕੀ ਜੀ ਦੇ ਜੀਵਨ, ਸਿੱਖਿਆਵਾਂ ਅਤੇ ਯੋਗਦਾਨ ਨੂੰ ਪੇਸ਼ ਕਰਦਾ ਹੈ। 7 ਅਕਤੂਬਰ 2024 ਨੂੰ ਉਦਘਾਟਿਤ ਕੀਤੇ ਗਏ ਇਸ ਪੈਨੋਰਮਾ ਨੂੰ ਹਜ਼ਾਰਾਂ ਸ਼ਰਧਾਲੂਆਂ ਨੂੰ ਆਕਰਸ਼ਿਤ ਕੀਤਾ ਹੈ, ਜੇ ਉਨ੍ਹਾਂ ਨੂੰ ਡੂੰਘਾ ਅਤੇ ਗਿਆਨਵਾਨ ਅਨੁਭਵ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ- ਸਿਹਤ ਸੇਵਾਵਾਂ ਨੂੰ ਲੈ ਕੇ ਬਜਟ 'ਚ ਵੱਡਾ ਐਲਾਨ
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਵਿੱਤੀ ਸਾਲ 2025-26 ਵਿਚ ਸਰਕਾਰ ਦਾ ਸ਼ਹੀਦ ਭਗਤ ਸਿੰਘ ਨਗਰ ਵਿਖੇ 54 ਕਰੋੜ ਰੁਪਏ ਦੀ ਲਾਗਤ ਵਾਲੀ ਵਿਰਾਸਤੀ ਸੜਕ ਅਤੇ ਆਡੀਟੋਰੀਅਮ ਬਣਾਉਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ, ਰਾਜ ਭਰ ਵਿੱਚ 32 ਸੱਭਿਆਚਾਰਕ ਪ੍ਰੋਗਰਾਮ ਤਿਉਹਾਰ ਅਤੇ ਇਤਿਹਾਸਿਕ ਸ਼ਖਸੀਅਤਾਂ 'ਤੇ ਅਧਾਰਿਤ ਨਾਟਕ ਆਯੋਜਿਤ ਕੀਤੇ ਜਾਣਗੇ ਜੋ ਪੰਜਾਬ ਦੇ ਸ਼ਾਨਦਾਰ ਇਤਿਹਾਸ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਸੰਭਾਲਣ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੇ ਹਨ। ਵੱਖ-ਵੱਖ ਪਹਿਲਕਦਮੀਆਂ ਸ਼ੁਰੂ ਕਰਨ ਲਈ ਵਿੱਤੀ ਸਾਲ 2025-26 ਵਿੱਚ 204 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8