10 ਮਿੰਟ ਦੀ ਹਨੇਰੀ ਨਾਲ ‘ਫਾਲਟ ਦੀਆਂ 3500 ਸ਼ਿਕਾਇਤਾਂ’, ਬਿਜਲੀ ਦੀ ਲੁਕਣ-ਮੀਚੀ ਤੋਂ ਜਨਤਾ ਦੁਖੀ

05/25/2024 6:01:24 AM

ਜਲੰਧਰ (ਪੁਨੀਤ)– ਰਾਤ ਨੂੰ 8.30 ਵਜੇ ਦੇ ਲਗਭਗ 5-10 ਮਿੰਟ ਦੀ ਹਨੇਰੀ ਆਉਣ ਨਾਲ ਬਿਜਲੀ ਸਿਸਟਮ ਨੂੰ ਭਾਰੀ ਨੁਕਸਾਨ ਪੁੱਜਾ ਤੇ ਇਸ ਦੌਰਾਨ ਬਿਜਲੀ ਦੀ ਖ਼ਰਾਬੀ ਦੀਆਂ 3500 ਤੋਂ ਵੱਧ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ। ਉੱਤਰੀ ਜ਼ੋਨ ਅਧੀਨ ਵੱਖ-ਵੱਖ ਥਾਵਾਂ ’ਤੇ ਤਾਰਾਂ ਟੁੱਟਣ ਤੇ ਸਪਾਰਕਿੰਗ ਕਰਕੇ ਫਾਲਟ ਪੈਣ ਕਾਰਨ ਕਈ ਘੰਟੇ ਬਿਜਲੀ ਬੰਦ ਰਹੀ।

ਹਨੇਰੀ ਚੱਲਣ ਤੋਂ ਬਾਅਦ ਪਾਵਰਕਾਮ ਵਲੋਂ ਅਹਿਤਿਆਤ ਵਜੋਂ ਬਿਜਲੀ ਸਪਲਾਈ ਬੰਦ ਕੀਤੀ ਗਈ ਸੀ ਪਰ ਫੀਡਰਾਂ ਨੂੰ ਚਾਲੂ ਕਰਨ ਤੋਂ ਬਾਅਦ ਕਈ ਸਬ-ਡਵੀਜ਼ਨਾਂ ਅਧੀਨ ਫਾਲਟ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਸ ਕਾਰਨ ਪਾਵਰਕਾਮ ਕਰਮਚਾਰੀਆਂ ਨੂੰ ਸਖ਼ਤ ਮੁਸ਼ੱਕਤ ਕਰਨੀ ਪਈ। ਦੇਰ ਰਾਤ ਤਕ ਫਾਲਟ ਠੀਕ ਕਰਨ ਦਾ ਸਿਲਸਿਲਾ ਜਾਰੀ ਸੀ ਤੇ ਲੋਕਾਂ ਦੀ ਪ੍ਰੇਸ਼ਾਨੀ ਹੱਲ ਨਹੀਂ ਹੋ ਸਕੀ ਸੀ।

ਉਥੇ ਹੀ ਕੁਝ ਦੇਰ ਦੀ ਬਾਰਿਸ਼ ਦੌਰਾਨ ਕਈ ਥਾਵਾਂ ’ਤੇ ਬਿਜਲੀ ਦੀ ਖ਼ਰਾਬੀ ਦੇ ਕੇਸ ਸੁਣਨ ਨੂੰ ਮਿਲੇ। ਲੋਕਾਂ ਦੀਆਂ ਸ਼ਿਕਾਇਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਫੀਲਡ ਸਟਾਫ ਨੂੰ 2 ਮਿੰਟ ਦੀ ਵੀ ਫੁਰਸਤ ਨਹੀਂ ਮਿਲ ਪਾ ਰਹੀ, ਜਦਕਿ ਬਿਜਲੀ ਖ਼ਪਤਕਾਰਾਂ ’ਚ ਕਰਮਚਾਰੀਆਂ ਦੇ ਦੇਰੀ ਨਾਲ ਆਉਣ ਨੂੰ ਲੈ ਕੇ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਵੱਖ-ਵੱਖ ਇਲਾਕਿਆਂ ’ਚ ਲੋਕਾਂ ਦਾ ਕਹਿਣਾ ਹੈ ਕਿ ਫਾਲਟ ਪੈਣ ਤੋਂ ਬਾਅਦ 5-6 ਘੰਟੇ ਤਕ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ। ਸ਼ਹਿਰ ਦੇ ਦਰਜਨਾਂ ਇਲਾਕਿਆਂ ’ਚ ਬਿਜਲੀ ਦੀ ਲੁਕਣ-ਮੀਚੀ ਨੂੰ ਲੈ ਕੇ ਸ਼ਿਕਾਇਤਾਂ ਸੁਣਨ ਨੂੰ ਮਿਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿਨ ’ਚ ਕਈ-ਕਈ ਵਾਰ ਬਿਜਲੀ ਬੰਦ ਰਹਿਣ ਕਾਰਨ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ 16 ਖਿਡਾਰੀਆਂ ਨੂੰ ਦਰੜਨ ਵਾਲੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਦੇਸ਼ ਨਿਕਾਲੇ ਦੇ ਹੁਕਮ

ਪੂਰੇ ਘਟਨਾਕ੍ਰਮ ’ਚ ਬਿਜਲੀ ਦੀ ਲੁਕਣ-ਮੀਚੀ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਸੁਣਨ ਨੂੰ ਮਿਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪਾਵਰਕਾਮ ਵਲੋਂ ਸਰਪਲੱਸ ਬਿਜਲੀ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਆਲਮ ਇਹ ਹੈ ਕਿ ਦਿਨ ’ਚ 4-5 ਵਾਰ 1-1 ਘੰਟੇ ਦਾ ਕੱਟ ਲੱਗ ਜਾਂਦਾ ਹੈ, ਜਿਸ ਕਾਰਨ ਆਰਾਮ ਕਰਨਾ ਨਸੀਬ ਨਹੀਂ ਹੋ ਪਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਰੁਟੀਨ ਦੇ ਕੰਮਕਾਜ ਹੋਣ ’ਚ ਵੀ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ।

ਉਥੇ ਹੀ ਇਸ ’ਤੇ ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਤੇ ਵੀ ਐਲਾਨਿਆ ਕੱਟ ਨਹੀਂ ਲਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਤਾਪਮਾਨ ਵਧਣ ਕਾਰਨ ਫਾਲਟ ਪੈ ਰਹੇ ਹਨ ਤੇ ਇਸ ਦੇ ਹੱਲ ਸਬੰਧੀ ਪੂਰਾ ਸਿਸਟਮ ਕੰਮ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਖ਼ਪਤਕਾਰਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਗਰਮੀ ਵਧਣ ਕਾਰਨ ਜੋ ਪ੍ਰੇਸ਼ਾਨੀ ਪੇਸ਼ ਆ ਰਹੀ ਹੈ, ਉਸ ਦੇ ਪੱਕੇ ਹੱਲ ਲਈ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।

PunjabKesari

ਵਾਰ-ਵਾਰ ਬਿਜਲੀ ਬੰਦ ਰਹਿਣ ਕਾਰਨ ਜਵਾਬ ਦੇ ਰਹੇ ਇਨਵਰਟਰ
ਦੂਜੇ ਪਾਸੇ ਵਾਰ-ਵਾਰ ਬਿਜਲੀ ਬੰਦ ਰਹਿਣ ਨਾਲ ਕਈ ਇਲਾਕਿਆਂ ’ਚ ਇਨਵਰਟਰ ਜਵਾਬ ਦੇ ਰਹੇ ਹਨ, ਜਿਸ ਕਾਰਨ ਲੋਕਾਂ ਦੀਆਂ ਸਮੱਸਿਆਵਾਂ ’ਚ ਵਾਧਾ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ’ਤੇ ਆ ਕੇ ਸ਼ਿਕਾਇਤਾਂ ਸਬੰਧੀ ਪੱਕਾ ਹੱਲ ਕਰਨਾ ਚਾਹੀਦਾ ਹੈ। ਇਨਵਰਟਰ ਜਵਾਬ ਦੇ ਜਾਣ ਕਾਰਨ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਤੇ ਉਹ ਪਾਵਰਕਾਮ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਕਈ ਖ਼ਪਤਕਾਰਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਖ਼ਰਾਬੀ ਤੋਂ ਬਾਅਦ ਕਰਮਚਾਰੀ ਸਮਾਂ ਰਹਿੰਦੇ ਮੌਕੇ ’ਤੇ ਨਹੀਂ ਆਉਂਦੇ, ਜਿਸ ਕਾਰਨ ਘੰਟਿਆਂਬੱਧੀ ਉਨ੍ਹਾਂ ਨੂੰ ਬਿਨਾਂ ਵਜ੍ਹਾ ਉਡੀਕ ਕਰਨੀ ਪੈਂਦੀ ਹੈ।

ਨਿਊ ਰਸੀਲਾ ਨਗਰ ਨਿਵਾਸੀਆਂ ਵਲੋਂ ਪ੍ਰਦਰਸ਼ਨ ਦੀ ਚਿਤਾਵਨੀ
ਬਸਤੀ ਦਾਨਿਸ਼ਮੰਦਾਂ ਨਜ਼ਦੀਕ ਪੈਂਦੇ ਰਸੀਲਾ ਨਗਰ ਦੇ ਨਿਊ ਇੰਡੋ-ਜਰਮਨ ਸਕੂਲ ਨੇੜਲੇ ਨਿਵਾਸੀਆਂ ਵਲੋਂ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਗਈ। ਸਕੂਲ ਨਜ਼ਦੀਕ ਸਥਿਤ ਖ਼ਪਤਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਖ਼ਰਾਬੀ ਕਾਰਨ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਇਸ ਬਾਰੇ ਬਿਜਲੀ ਘਰ ਤੇ ਕੰਟਰੋਲ ਰੂਮ ’ਚ ਸ਼ਿਕਾਇਤ ਲਿਖਵਾਈ ਗਈ ਹੈ। ਖ਼ਪਤਕਾਰਾਂ ਨੇ ਕਿਹਾ ਕਿ ਪਾਵਰਕਾਮ ਵਲੋਂ ਹਰ ਵਾਰ ਸ਼ਿਕਾਇਤ ਹੱਲ ਹੋਣ ਦਾ ਰਿਪਲਾਈ ਭੇਜ ਦਿੱਤਾ ਜਾਂਦਾ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਸਮੱਸਿਆ ਦਾ ਪੱਕਾ ਹੱਲ ਨਾ ਹੋਇਆ ਤਾਂ ਉਹ ਪ੍ਰਦਰਸ਼ਨ ਕਰਨ ’ਤੇ ਮਜਬੂਰ ਹੋ ਜਾਣਗੇ, ਜਿਸ ਦੇ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ।

PunjabKesari

ਸੈਦਾਂ ਗੇਟ ਦੇ ਲੋਕਾਂ ਨੇ ਕਿਹਾ– ਇਲਾਕਿਆਂ ਨੂੰ ਲੈ ਕੇ ਉਲਝਦੇ ਹਨ ਕਰਮਚਾਰੀ
ਸੈਦਾਂ ਗੇਟ ਨਿਵਾਸੀਆਂ ਨੇ ਕਿਹਾ ਕਿ ਵੀਰਵਾਰ ਸ਼ਾਮ ਤੋਂ ਲੈ ਕੇ ਸ਼ੁੱਕਰਵਾਰ ਸਵੇਰ ਤਕ ਬਿਜਲੀ ਬੰਦ ਰਹਿਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖ਼ਪਤਕਾਰਾਂ ਨੇ ਦੱਸਿਆ ਕਿ ਵੈਸਟ ਡਿਵੀਜ਼ਨ ਅਧੀਨ 1912 ’ਤੇ ਸ਼ਿਕਾਇਤ ਲਿਖਵਾਉਣ ਤੋਂ ਬਾਅਦ ਮੋਬਾਇਲ ’ਤੇ ਰਿਪਲਾਈ ਆਇਆ, ਜਿਸ ’ਚ ਉਨ੍ਹਾਂ ਦਾ ਸ਼ਿਕਾਇਤ ਨੰਬਰ 66856000 ਦੱਸਿਆ ਗਿਆ ਸੀ। ਇਸ ਸਬੰਧ ’ਚ ਜਦੋਂ ਬਿਜਲੀ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹ ਇਲਾਕਿਆਂ ਨੂੰ ਲੈ ਕੇ ਉਲਝਦੇ ਰਹੇ, ਜਿਸ ਕਾਰਨ ਸਮੱਸਿਆ ਦਾ ਸਮਾਂ ਰਹਿੰਦੇ ਹੱਲ ਨਹੀਂ ਹੋ ਸਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News