''ਰਜਿਸਟ੍ਰੇਸ਼ਨ ਕਰਵਾਏ ਮਜ਼ਦੂਰਾਂ ''ਚੋਂ 35 ਫੀਸਦੀ ਮਜ਼ਦੂਰਾਂ ਨੇ ਪੰਜਾਬ ''ਚ ਰਹਿਣ ਦਾ ਲਿਆ ਫੈਸਲਾ''
Monday, May 11, 2020 - 12:29 AM (IST)
ਜਲੰਧਰ,(ਧਵਨ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਦਯੋਗ ਜਗਤ ਦੇ ਲਈ ਸਕਾਰਤਮਕ ਸੰਕੇਤ ਦਿੰਦੇ ਹੋਏ ਕਿਹਾ ਕਿ ਪੰਜਾਬ ’ਚ ਕੁਲ 30 ਲੱਖ ਪ੍ਰਵਾਸੀ ਮਜਦੂਰ ਹਨ ਜਿਨ੍ਹਾਂ ’ਚੋ 10 ਲੱਖ ਮਜਦੂਰਾਂ ਨੇ ਕੋਰੋਨਾ ਕਾਰਣ ਆਪਣੇ ਗ੍ਰਹਿ ਸੂਬੇ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਝੋਨੇ ਦੀ ਬਿਜਾਈ ਅਤੇ ਉਦਯੋਗਾਂ ਦੇ ਚਾਲੂ ਹੋਣ ਦੇ ਬਾਅਦ 35 ਫੀਸਦੀ ਮਜਦੂਰਾਂ ਨੇ ਅਜੇ ਪੰਜਾਬ ’ਚ ਹੀ ਬਣੇ ਰਹਿਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਣ ਜਦ ਉਦਯੋਗ-ਧੰਧੇ ਠੱਪ ਹੋ ਕੇ ਰਹਿ ਗਏ ਸਨ ਤਾਂ ਉਸ ਸਮੇਂ ਪ੍ਰਵਾਸੀ ਮਜਦੂਰਾਂ ਨੇ ਕਾਫੀ ਗਿਣਤੀ ’ਚ ਆਪਣੇ ਗ੍ਰਹਿ ਸੂਬੇ ਵਾਪਸ ਜਾਣ ਲਈ ਰਜਿਸਟ੍ਰੇਸ਼ਨ ਕਰਵਾ ਦਿੱਤੀ ਸੀ, ਜਿਸ ਦੀ ਗਿਣਤੀ 10 ਲੱਖ ਪਹੁੰਚ ਗਈ ਸੀ ਜੋ ਕਿ ਪੰਜਾਬ ਦੇ ਉਦਯੋਗਾਂ ਲਈ ਚਿੰਤਾਜਨਕ ਸੀ। ਕੈਪਟਨ ਨੇ ਕਿਹਾ ਕਿ ਸਰਕਾਰ ਵਲੋਂ ਉਦਯੋਗਿਕ ਇਕਾਈਆਂ ਨੂੰ ਫਿਰ ਤੋਂ ਕੰਮ ਸ਼ੁਰੂ ਕਰਨ ਦੀ ਦਿੱਤੀ ਗਈ ਛੋਟ ਦੇ ਬਾਅਦ ਜਿਵੇਂ-ਜਿਵੇਂ ਉਦਯੋਗਿਕ ਇਕਾਈਆਂ ’ਚ ਉਤਪਾਦਨ ਸ਼ੁਰੂ ਹੰੁਦਾ ਜਾ ਰਿਹਾ ਹੈ ਉਸੇ ਤਰ੍ਹਾਂ ਪ੍ਰਵਾਸੀ ਮਜਦੂਰਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 10 ਜੂਨ ਤੋਂ ਝੋਨੇ ਦੀ ਬਿਜਾਈ ਵੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਜਿਸ ਨਾਲ ਮਜਦੂਰਾਂ ਨੂੰ ਖੇਤਾਂ ’ਚ ਵੀ ਕੰਮ ਮਿਲ ਜਾਵੇਗਾ। ਅਜਿਹੀ ਹਾਲਤ ’ਚ ਉਮੀਦ ਹੈ ਕਿ ਪ੍ਰਵਾਸੀ ਮਜਦੂਰ ਆਪਣੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਆਪਣੇ ਘਰ ਵਾਪਸ ਜਾਣ ਤੋਂ ਗੁਰੇਜ ਕਰਨਗੇ।