ਕੌਮਾਂਤਰੀ ਸਰਹੱਦ ਤੋਂ 33 ਕਰੋਡ਼ ਦੀ ਹੈਰੋਇਨ ਬਰਾਮਦ

Saturday, May 23, 2020 - 09:13 PM (IST)

ਫਿਰੋਜ਼ਪੁਰ/ਗੁਰੂਹਰਸਹਾਏ, (ਮਲਹੋਤਰਾ, ਕੁਮਾਰ, ਆਵਲਾ)– ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਹਿੰਦ ਪਾਕ ਸਰਹੱਦ ’ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ 33 ਕਰੋਡ਼ ਰੁਪਏ ਮੁੱਲ ਦੀ 6.56 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਡੀ. ਆਈ. ਜੀ. ਬੀ. ਐੱਸ. ਐੱਫ. ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ’ਚ ਤੈਨਾਤ 136 ਬਟਾਲੀਅਨ ਦੇ ਜਵਾਨਾਂ ਵੱਲੋਂ ਪਾਕਿ ਸਮੱਗਲਰਾਂ ਵੱਲੋਂ ਸਤਲੁਜ ਦਰਿਆ ਦੀ ਜਲਖੁੰਭੀ ’ਚ ਫਸਾ ਕੇ ਭੇਜੀ ਗਈ ਡੇਢ ਲੀਟਰ ਵਾਲੀ ਪਲਾਸਟਿਕ ਦੀ ਬੋਤਲ ਫਡ਼ੀ। ਇਸ ਬੋਤਲ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਇਸ ’ਚ ਹੈਰੋਇਨ ਭਰੀ ਹੋਈ ਸੀ। ਡੀ. ਆਈ. ਜੀ. ਅਨੁਸਾਰ ਬੋਤਲ ’ਚ ਭਰੀ ਹੈਰੋਇਨ ਦਾ ਵਜ਼ਨ ਇਕ ਕਿਲੋਗ੍ਰਾਮ ਹੈ ਅਤੇ ਇਸਦੀ ਅੰਤਰ ਰਾਸ਼ਟਰੀ ਬਾਜ਼ਾਰ ’ਚ ਕੀਮਤ ਪੰਜ ਕਰੋਡ਼ ਰੁਪਏ ਹੈ। ਇਸ ਤੋਂ ਇਲਾਵਾ ਅਬੋਹਰ ਸੈਕਟਰ ’ਚ ਤੈਨਾਤ ਬਲ ਦੀ 124 ਬਟਾਲੀਅਨ ਦੇ ਜਵਾਨਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਤਲਾਸ਼ੀ ਮੁਹਿੰਮ ਦੌਰਾਨ 5.560 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਦੀ ਕੀਮਤ ਕਰੀਬ 28 ਕਰੋਡ਼ ਰੁਪਏ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਫਰੰਟੀਅਰ ਤੇ ਇਸ ਸਾਲ ਬੀ. ਐੱਸ. ਐੱਫ. ਵੱਲੋਂ ਹੁਣ ਤੱਕ 168.593 ਕਿਲੋ ਹੈਰੋਇਨ ਫਡ਼ੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਬਾਰਡਰ ਤੇ 50 ਭਾਰਤੀ ਨਾਗਰਿਕ, 6 ਪਾਕਿਸਤਾਨੀ ਘੁਸਪੈਠੀਏ, ਵੱਖ-ਵੱਖ ਕਿਸਮ ਦੇ 18 ਹਥਿਆਰ, 28 ਮੈਗਜ਼ੀਨ, 281 ਕਾਰਤੂਸ, 2 ਪਾਕਿਸਤਾਨੀ ਮੋਬਾਇਲ ਫੋਨ ਅਤੇ 4 ਪਾਕਿਸਤਾਨੀ ਸਿੰਮ ਕਾਰਡ ਬਰਾਮਦ ਕੀਤੇ ਜਾ ਚੁੱਕੇ ਹਨ।


Bharat Thapa

Content Editor

Related News