ਲੁਧਿਆਣਾ ’ਚ ਕੋਰੋਨਾ ਕਾਰਨ ਸ਼ੁੱਕਰਵਾਰ ਨੂੰ ਦਿੱਲੀ ਦੇ ਡਾਕਟਰ ਸਮੇਤ 31 ਦੀ ਮੌਤ
Saturday, May 08, 2021 - 02:07 PM (IST)
ਲੁਧਿਆਣਾ (ਸਹਿਗਲ) : ਮਹਾਨਗਰ ਵਿਚ ਪਿਛਲੇ 24 ਘੰਟਿਆਂ ਦੌਰਾਨ ਇਕ ਡਾਕਟਰ ਸਮੇਤ 31 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ, ਜਦੋਂਕਿ 1615 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। 56 ਸਾਲਾ ਉਕਤ ਡਾਕਟਰ ਮੈਡੀਵੇਜ਼ ਹਸਪਤਾਲ ਵਿਚ ਦਾਖ਼ਲ ਸੀ। ਸਿਵਲ ਸਰਜਨ ਮੁਤਾਬਕ 31 ਮ੍ਰਿਤਕ ਮਰੀਜ਼ਾਂ ਵਿਚ 20 ਜ਼ਿਲ੍ਹੇ ਦੇ, ਜਦੋਂਕਿ 11 ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਸਨ। ਜਿਨ੍ਹਾਂ ਵਿਚ 5 ਮਰੀਜ਼ ਦਿੱਲੀ, 1 ਉੱਤਰ ਪ੍ਰਦੇਸ਼ ਅਤੇ 1-1 ਮਰੀਜ਼ ਸੰਗਰੂਰ, ਬਰਨਾਲਾ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ ਅਤੇ ਹਰਿਆਣਾ ਦਾ ਰਹਿਣ ਵਾਲਾ ਸੀ। ਇਸੇ ਤਰ੍ਹਾਂ ਪਾਜ਼ੇਟਿਵ ਮਰੀਜ਼ਾਂ ਵਿਚ 1465 ਲੁਧਿਆਣਾ ਦੇ, ਜਦੋਂਕਿ 150 ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਹਨ। ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 64043 ਹੋ ਗਈ ਹੈ। ਇਨ੍ਹਾਂ ’ਚੋਂ 1509 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 8763 ਹੋ ਗਈ ਹੈ। ਇਨ੍ਹਾਂ ’ਚੋਂ 763 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਜ਼ਿਲ੍ਹੇ ਦੇ ਪਾਜ਼ੇਟਿਵ ਮਰੀਜ਼ਾਂ ’ਚੋਂ 51322 ਮਰੀਜ਼ ਠੀਕ ਹੋ ਚੁੱਕੇ ਹਨ। ਦੂਜੇ ਪਾਸੇ ਐਕਟਿਵ ਮਰੀਜ਼ਾਂ ਦੀ ਗਿਣਤੀ ਪਹਿਲਾਂ ਨਾਲੋਂ ਵਧ ਕੇ 11212 ਹੋ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦਰਮਿਆਨ ਲੁਧਿਆਣਾ ਦੇ ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਡੀ. ਸੀ. ਵੱਲੋਂ ਜਾਰੀ ਕੀਤੇ ਤਾਜ਼ਾ ਹੁਕਮ
-ਦੁੱਧ ਦੀ ਡਲਿਵਰੀ ਕਰਨ ਵਾਲਿਆਂ ਨੂੰ ਹਫਤਾ ਭਰ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਦੀ ਛੋਟ ਹੋਵੇਗੀ
-ਸਾਰੇ ਬਾਰ, ਸਿਨੇਮਾ ਹਾਲਸ, ਸਪਾ, ਜਿਮ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਪੂਰੀ ਤਰ੍ਹਾਂ ਬੰਦ ਰਹਿਣਗੇ।
-ਕਰਫਿਊ ਦੌਰਾਨ ਇੰਡਸਟਰੀ ’ਚ ਕੰਮ ਕਰਦੀ ਲੇਬਰ ਨੂੰ ਪੈਦਲ ਜਾਂ ਸਾਈਕਲ ’ਤੇ ਹੀ ਚੱਲਣ ਦੀ ਛੋਟ ਹੋਵੇਗੀ। ਉਨ੍ਹਾਂ ਲਈ ਇੰਡਸਟਰੀ ਵੱਲੋਂ ਜਾਰੀ ਸ਼ਨਾਖਤੀ ਕਾਰਡ ਨੂੰ ਹੀ ਕਰਫਿਊ ਪਾਸ ਸਮਝਿਆ ਜਾਵੇਗਾ।
-ਕਰਫਿਊ ਦੌਰਾਨ ਕਿਸੇ ਵੀ ਯਾਤਰੀ ਵਾਹਨ ਨੂੰ ਸ਼ਹਿਰ ’ਚ ਚੱਲਣ ਦੀ ਇਜਾਜ਼ਤ ਨਹੀਂ ਹੋਵੇਗੀ। ਅਜਿਹਾ ਸਿਰਫ ਵਿਸ਼ੇਸ਼ ਹਾਲਾਤਾਂ ਵਿਚ ਕਰਫਿਊ ਪਾਸ ਹੋਣ ’ਤੇ ਹੀ ਹੋਵੇਗਾ।
- ਹਰ ਤਰ੍ਹਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਕ ਸਮਾਗਮਾਂ ’ਤੇ ਪਾਬੰਦੀ ਹੋਵੇਗੀ। ਅਜਿਹਾ ਕਰਨ ਵਾਲਿਆਂ ’ਤੇ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।
-ਪੰਜਾਬ ’ਚ ਕਿਸੇ ਵੀ ਬਾਹਰੀ ਵਿਅਕਤੀ ਦਾ ਦਾਖਲਾ ਤਾਂ ਹੀ ਹੋਵੇਗਾ, ਜਦੋਂ ਉਸ ਕੋਲ ਕੋਰੋਨਾ ਵੈਕਸੀਨ ਦਾ ਪ੍ਰਮਾਣ ਪੱਤਰ ਅਤੇ ਕੋਵਿਡ ਨੈਗੇਟਿਵ ਰਿਪੋਰਟ ਹੋਵੇਗੀ।
- ਸਾਰੇ ਬੈਂਕਾਂ ’ਚ 50 ਫੀਸਦੀ ਸਟਾਫ ਦੀ ਹਾਜ਼ਰੀ ਹੀ ਹੋਵੇਗੀ। ਚੌਪਹੀਆ ਵਾਹਨਾਂ ਵਿਚ ਸਿਰਫ ਦੋ ਵਿਅਕਤੀ ਹੀ ਬੈਠ ਸਕਣਗੇ।
-ਵਿਆਹ ਜਾਂ ਸਸਕਾਰ ’ਚ 10 ਵਿਅਕਤੀਆਂ ਤੋਂ ਜ਼ਿਆਦਾ ਨਹੀਂ ਜਾ ਸਕਣਗੇ। ਵਿਆਹ ਲਈ ਪਰਮਿਸ਼ਨ ਅਤੇ ਕਰਫਿਊ ਪਾਸ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ : ਪਿੰਡ ਭਗਤੂਪੁਰ ਦੇ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?