ਪੂਰੇ ਪੰਜਾਬ 'ਚ 31 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ, ਗੁਰਦਾਸਪੁਰ ਸਟੇਸ਼ਨ 'ਤੇ ਲੱਗਾ ਪੱਕਾ ਧਰਨਾ
Thursday, Oct 01, 2020 - 06:25 PM (IST)
ਗੁਰਦਾਸਪੁਰ(ਗੁਰਪ੍ਰੀਤ ਚਾਵਲਾ) - ਪੰਜਾਬ 'ਚ 31 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਅੰਦੋਲਨ ਤਹਿਤ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਤੇ ਜੱਥੇਬੰਦੀਆਂ ਨੇ ਪੱਕਾ ਧਰਨਾ ਲਗਾਇਆ ਹੈ। ਕਿਸਾਨਾਂ ਨੇ ਕਿਹਾ ਕਿ ਇਹ ਪ੍ਰਦਰਸ਼ਨ ਉਦੋਂ ਤੱਦ ਚਲਦਾ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਕਾਨੂੰਨ ਰੱਦ ਨਹੀਂ ਕਰਦੀ । ਕਿਸਾਨਾਂ ਨੇ ਪ੍ਦਰਸ਼ਨ ਦੌਰਾਨ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਸਿਰਫ ਸਿਆਸਤ ਚਮਕਾਉਣ ਲਈ ਕਿਸਾਨਾਂ ਦੇ ਹੱਕ਼ 'ਚ ਪੰਜਾਬ ਵਿਚ ਧਰਨੇ ਕਰ ਰਹੇ ਹਨ। ਜੇਕਰ ਇਹਨਾਂ ਰਾਜਨੀਤਿਕ ਲੋਕਾਂ ਨੂੰ ਪੰਜਾਬ ਦੀ ਕਿਸਾਨੀ ਦਾ ਅਸਲ ਵਿਚ ਦਰਦ ਹੁੰਦਾ ਤਾਂ ਆਰਡਿਨੇਂਸ ਆਉਣ ਤੋਂ ਪਹਿਲਾਂ ਹੀ ਇਹ ਧਰਨੇ ਸ਼ੁਰੂ ਹੋ ਜਾਣੇ ਚਾਹੀਦੇ ਸਨ। ਸਿਆਸੀ ਪਾਰਟੀਆ ਤਾਂ ਸਿਰਫ ਡਰਾਮਾ ਕਰ ਰਹੀਆਂ ਹਨ |
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਖੇਤੀ ਕਾਨੂੰਨ ਦੇ ਵਿਰੋਧ ਵਿਚ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਤੇ ਪੱਕੇ ਤੌਰ 'ਤੇ ਮੋਰਚਾ ਲਗਾਇਆ ਗਿਆ ਹੈ ਇਹ ਧਰਨਾ ਤੱਦ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਕਾਨੂੰਨ ਰੱਦ ਨਹੀ ਕੀਤੇ ਜਾਂਦੇ। ਕਿਸਾਨਾਂ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਸਿਰਫ ਆਪਣੀ ਸਿਆਸਤ ਚਮਕਾਉਣ ਲਈ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦਾ ਡਰਾਮਾ ਕਰ ਰਹੀਆਂ ਹਨ। ਇਹ ਪਾਰਟੀਆਂ ਜੇਕਰ ਅਸਲ ਵਿਚ ਸਾਡੇ ਨਾਲ ਹਨ ਤਾਂ ਆਪਣੇ ਝੰਡੇ ਛੱਡ ਕੇ ਕਿਸਾਨਾਂ ਦੇ ਨਾਲ ਬੈਠਣ। ਇਸ ਤੋਂ ਇਲਾਵਾ ਰਾਹੁਲ ਗਾਂਧੀ 'ਤੇ ਵੀ ਤੰਜ ਕੱਸਦੇ ਹੋਏ ਕਿਸਾਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਸਿਰਫ ਸਿਆਸਤ ਚਮਕਾਉਣ ਲਈ ਪੰਜਾਬ ਦੌਰੇ ਉੱਤੇ ਆ ਰਿਹਾ ਹੈ ਉਨ੍ਹਾਂ ਨੂੰ ਕਿਸਾਨਾਂ ਨਾਲ ਕੋਈ ਦਰਦ ਨਹੀ ਹੈ ।