ਸਪਾਰਕਿੰਗ ਕਾਰਨ ਲੱਗੀ ਅੱਗ ਦੀ ਭੇਟ ਚੜ੍ਹੀ 31 ਏਕੜ ਕਣਕ

Tuesday, Apr 17, 2018 - 02:35 AM (IST)

ਭਦੌੜ/ਸ਼ਹਿਣਾ, (ਸਿੰਗਲਾ)— ਸੋਮਵਾਰ ਸਵੇਰੇ ਲੀਲੋ ਰੋਡ ਵਿਖੇ ਇਕ ਕਿਸਾਨ ਜਗਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਸ਼ਹਿਣਾ ਦੇ ਖੇਤਾਂ 'ਚ ਅੱਗ ਲੱਗ ਗਈ, ਜਿਸ ਕਾਰਨ 6 ਏਕੜ ਕਣਕ ਸੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਜਗਜੀਤ ਸਿੰਘ ਨੇ 22 ਕਿੱਲੇ ਠੇਕੇ 'ਤੇ ਲਏ ਹੋਏ ਸਨ, ਜਿਸ ਵਿਚ ਕਣਕ ਬੀਜੀ ਹੋਈ ਸੀ, ਜਿਸ ਵਿਚੋਂ 6 ਕਿੱਲੇ ਕਣਕ ਸੜ ਗਈ ਅਤੇ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਬਿਜਲੀ ਸਪਾਰਕਿੰਗ ਤੋਂ ਲੱਗੀ ਦੱਸੀ ਜਾਂਦੀ ਹੈ। ਥਾਣਾ ਸ਼ਹਿਣਾ ਦੇ ਐੱਸ. ਐੱਚ. ਓ. ਅਨਵਰ ਅਲੀ, ਏ. ਐੱਸ. ਆਈ. ਤਰਸੇਮ ਸਿੰਘ ਪੁਲਸ ਪਾਰਟੀ ਸਣੇ ਪੁੱਜੇ ਅਤੇ ਅੱਗ ਬੁਝਾਉਣ 'ਚ ਲੋਕਾਂ ਦੀ ਮਦਦ ਕੀਤੀ। ਕਸਬੇ ਭਦੌੜ ਦੇ ਲੋਕਾਂ ਅਤੇ ਐੱਨ. ਆਰ. ਆਈਜ਼ ਵੱਲੋਂ ਅੱਗ ਬੁਝਾਉਣ ਲਈ ਬਣਾਈ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ 'ਚ ਪੂਰਾ ਸਹਿਯੋਗ ਦਿੱਤਾ ਗਿਆ।
ਚੀਮਾ ਮੰਡੀ, (ਬੇਦੀ)— ਇਸੇ ਤਰ੍ਹਾਂ ਝਾੜੋਂ ਰੋਡ 'ਤੇ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਹੋਣ ਕਾਰਨ ਖੜ੍ਹੀ ਕਣਕ ਨੂੰ ਅੱਗ ਲੱਗ ਗਈ। ਕਿਸਾਨਾਂ ਨੇ ਕਾਫ਼ੀ ਜੱਦੋ-ਜਹਿਦ ਦੇ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਕਿਸਾਨ ਅਵਤਾਰ ਸਿੰਘ ਚੀਮਾ ਦੀ ਕਰੀਬ ਏਕੜ ਕਣਕ ਅਤੇ ਦਰਸ਼ਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੀਮਾ ਦੀ ਕਰੀਬ 2 ਏਕੜ ਫਸਲ ਸੜ ਕੇ ਸੁਆਹ ਹੋ ਗਈ। ਦਰਸ਼ਨ ਸਿੰਘ ਨੇ ਇਹ ਜ਼ਮੀਨ ਠੇਕੇ 'ਤੇ ਛੱਜੂ ਸਿੰਘ ਤੋਂ ਲਈ ਹੋਈ ਸੀ।  
ਧਨੌਲਾ, (ਰਵਿੰਦਰ)—ਢਿਲੋਂ ਪੱਤੀ ਦੇ ਖੇਤਾਂ 'ਚ ਬਿਜਲੀ ਦੀਆਂ ਤਾਰਾਂ ਨਾਲ ਹੋਈ ਸਪਾਰਕਿੰਗ ਕਾਰਨ 2 ਕਿਸਾਨਾਂ ਦੀ ਖੇਤਾਂ 'ਚ ਖੜ੍ਹੀ ਕਰੀਬ 16 ਏਕੜ ਕਣਕ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨ ਕੇਵਲ ਸਿੰਘ, ਭੁਪਿੰਦਰ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਢਿੱਲੋਂ ਪੱਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੋਵਾਂ ਭਰਾਵਾਂ ਦੀ ਇਕ ਖੇਤ ਵਿਚ ਹੀ ਕਣਕ ਬੀਜੀ ਹੋਈ ਸੀ, ਜਿਸ ਉਪਰੋਂ 11 ਹਜ਼ਾਰ ਵੋਲਟ ਕਰੰਟ ਦੀਆਂ ਤਾਰਾਂ ਲੰਘਦੀਆਂ ਹਨ। ਜੋ ਪਿਛਲੇ ਸਮੇਂ ਨਵੀਆਂ ਪਾਉਣ ਸਮੇਂ ਢਿੱਲੀਆਂ ਛੱਡ ਦਿੱਤੀਆਂ ਗਈਆਂ ਸਨ। ਉਨ੍ਹਾਂ ਦੋਵਾਂ ਦੀ 8-8 ਏਕੜ ਕਣਕ ਸੜ ਗਈ।
ਸ਼ੰਕਰ ਸਿੰਘ ਜੇ. ਈ. ਨੇ ਕਿਹਾ ਕਿ ਇਹ ਤਾਰਾਂ ਜੇ. ਆਰ. ਕੰਪਨੀ ਤੋਂ ਮਹਿਕਮੇ ਨੇ ਠੇਕੇ 'ਤੇ ਪਵਾਈਆਂ ਹਨ। ਉਨ੍ਹਾਂ ਦੀ ਗਲਤੀ ਨਾਲ ਹਾਦਸਾ ਹੋਇਆ ਹੈ। 
ਜੇ. ਆਰ. ਕੰਪਨੀ ਦੇ ਸੁਪਰਵਾਈਜ਼ਰ ਮਨਜਿੰਦਰ ਸਿੰਘ ਨੇ ਕਿਹਾ ਕਿ ਸਾਡੀ ਕੰਪਨੀ ਵੱਲੋਂ ਤਾਰਾਂ ਨਹੀਂ ਬਦਲੀਆਂ ਗਈਆਂ ਸਗੋਂ ਖੁਦ ਪਾਵਰਕਾਮ ਨੇ ਇਹ ਤਾਰਾਂ ਬਦਲਵਾਈਆਂ ਹਨ। 
ਥਾਣਾ ਮੁਖੀ ਕੁਲਦੀਪ ਸਿੰਘ ਨੇ ਕਿਹਾ ਕਿ ਉਕਤ ਪੀੜਤ ਕਿਸਾਨਾਂ ਦੀ ਦਰਖਾਸਤ ਸਾਨੂੰ ਮਿਲ ਗਈ ਹੈ, ਜਿਸ ਦੇ ਆਧਾਰ 'ਤੇ ਜਾਂਚ ਕਰ ਕੇ ਜ਼ਿੰਮੇਵਾਰ ਵਿਅਕਤੀਆਂ 'ਤੇ ਕਾਰਵਾਈ ਕੀਤੀ ਜਾਵੇਗੀ।


Related News