ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦੇ 305 ਨਵੇੇਂ ਮਾਮਲੇ ਆਏ ਸਾਹਮਣੇ, 7 ਦੀ ਮੌਤ

Wednesday, Sep 16, 2020 - 01:48 AM (IST)

ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦੇ 305 ਨਵੇੇਂ ਮਾਮਲੇ ਆਏ ਸਾਹਮਣੇ, 7 ਦੀ ਮੌਤ

ਅੰਮ੍ਰਿਤਸਰ,(ਦਲਜੀਤ)- ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਅੰਮ੍ਰਿਤਸਰ ਵਿਚ ਵਧਦਾ ਜਾ ਰਿਹਾ ਹੈ । ਮੰਗਲਵਾਰ ਜ਼ਿਲ੍ਹੇ ’ਚ ਕੋਰੋਨਾ ਧਮਾਕਾ ਹੋਇਆ ਹੈ , 7 ਮਰੀਜ਼ਾਂ ਦੀ ਜਿੱਥੇ ਕੋਰੋਨਾ ਨਾਲ ਮੌਤ ਹੋ ਗਈ ਹੈ, ਉੱਥੇ ਹੀ ਸਿਵਲ ਸਰਜਨ ਦਫ਼ਤਰ ’ਚ ਤਾਇਨਾਤ ਡਰੱਗ ਇੰਸਪੈਕਟਰ, 4 ਡਾਕਟਰ, 3 ਪੁਲਸ ਕਰਮਚਾਰੀਆਂ ਸਮੇਤ 305 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਆਏ ਪਾਜ਼ੇਟਿਵ ’ਚ 170 ਕਮਿਊਨਿਟੀ ਤੋਂ ਹਨ, ਜਦਕਿ 135 ਸੰਪਰਕ ਵਾਲੇ ਹਨ । ਜ਼ਿਲੇ ’ਚ ਹੁਣ ਤਕ ਕੁੱਲ 6978 ਲੋਕ ਪਾਜ਼ੇਟਿਵ ਆ ਚੁੱਕੇ ਹਨ, ਜਦੋਂਕਿ 5067 ਠੀਕ ਵੀ ਹੋ ਚੁੱਕੇ ਹਨ । ਹਸਪਤਾਲਾਂ ’ਚ 1640 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 271 ਹੋ ਚੁੱਕੀ ਹੈ ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਲਗਾਤਾਰ ਆਪਣੇ ਪੈਰ ਪਸਾਰਦਾ ਹੋਇਆ ਲੋਕਾਂ ਨੂੰ ਮੌਤ ਦਾ ਸ਼ਿਕਾਰ ਬਣਾ ਰਿਹਾ ਹੈ । ਕੁਝ ਲੋਕ ਅਜੇ ਵੀ ਲਾਪ੍ਰਵਾਹੀ ਵਰਤਦੇ ਹੋਏ ਬਿਨਾਂ ਮਾਸਕ ਦੇ ਘੁੰਮ ਰਹੇ ਹਨ , ਜਿਸ ਕਾਰਣ ਮਿਊਨਿਟੀ ’ਚ ਕੋਰੋਨਾ ਦੀ ਮਹਾਮਾਰੀ ਪੂਰੀ ਤਰ੍ਹਾਂ ਫੈਲੀ ਹੋਈ ਹੈ । ਪ੍ਰਸ਼ਾਸਨ ਵੱਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕਰਨ ਦੇ ਬਾਵਜੂਦ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ। ਜੇਕਰ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤੀ ਨਾ ਵਰਤੀ ਤਾਂ ਆਉਣ ਵਾਲੇ ਦਿਨਾਂ ਵਿਚ ਮਰੀਜ਼ਾਂ ਦੀ ਗਿਣਤੀ ਕਾਫ਼ੀ ਵਧ ਸਕਦੀ ਹੈ । ਕੁਝ ਦਿਨ ਪਹਿਲਾਂ ਸਿਵਲ ਸਰਜਨ ਡਾ . ਨਵਦੀਪ ਸਿੰਘ ਕੋਰੋਨਾ ਪਾਜ਼ੇਟਿਵ ਆਏ ਸਨ ਪਰ ਹੁਣ ਦਫ਼ਤਰ ’ਚ ਤਾਇਨਾਤ ਡਰੱਗ ਇੰਸਪੈਕਟਰ ਕੋਰੋਨਾ ਦੀ ਗ੍ਰਿਫਤ ’ਚ ਆ ਗਈ ਹੈ , ਜਿਸ ਕਾਰਣ ਕਰਮਚਾਰੀਆਂ ਵਿਚ ਭਾਰੀ ਦਹਿਸ਼ਤ ਹੈ। ਵਿਭਾਗ ਅਨੁਸਾਰ ਜ਼ਿਲੇ ’ਚ ਹੁਣ ਵੀ 9 ਮਰੀਜ਼ ਜ਼ਿੰਦਗੀ ਅਤੇ ਮੌਤ ਦੀ ਲੜਾਈ ਨਾਲ ਜੂਝਦੇ ਹੋਏ ਵੈਂਟੀਲੇਟਰ ’ਤੇ ਇਲਾਜ ਕਰਵਾ ਰਹੇ ਹਨ, ਜਦੋਂ ਕਿ 69 ਮਰੀਜ਼ ਵੱਖ-ਵੱਖ ਹਸਪਤਾਲਾਂ ਦੇ ਆਈ. ਸੀ. ਯੂ . ’ਚ ਦਾਖਲ ਹਨ ।

ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ

ਹਰੀ ਵਰਮਾ ( 52 ) ਸ਼ਾਸਤਰੀ ਨਗਰ ਛੇਹਰਟਾ

ਰਣਜੀਤ ਕੌਰ ( 62 ) ਅੰਮ੍ਰਿਤਸਰ

ਲਵਪ੍ਰੀਤ ਸਿੰਘ ( 24 ) ਅਜਨਾਲਾ

ਸੁਰਜੀਤ ਸਿੰਘ ( 74 ) ਮਜੀਠਾ

ਗੁਰਮੀਤ ਕੌਰ ( 65 ) ਗੁਮਟਾਲਾ

ਰਾਮਾ ਕੁਮਾਰੀ ( 62 ) ਵੇਰਕਾ

ਬਲਜਿੰਦਰ ਕੌਰ ( 50 ) ਕਟੜਾ ਕਰਮ ਸਿੰਘ

ਪ੍ਰਾਈਵੇਟ ਹਸਪਤਾਲ ਨਹੀਂ ਦਾਖਲ ਕਰ ਰਹੇ ਗੰਭੀਰ ਹਾਲਤ ਵਾਲੇ ਕੋਰੋਨਾ ਮਰੀਜ਼ਾਂ ਨੂੰ

ਜ਼ਿਲੇ ’ਚ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਉਥੇ ਹੀ ਜ਼ਿਲੇ ਦੇ ਕਈ ਪ੍ਰਾਈਵੇਟ ਹਸਪਤਾਲ ਗੰਭੀਰ ਹਾਲਾਤ ਵਾਲੇ ਕੋਰੋਨਾ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਕੰਨੀ ਕਤਰਾ ਰਹੇ ਹਨ ਅਤੇ ਪਰਿਵਾਰਾਂ ਨੂੰ ਸਪੱਸ਼ਟ ਕਹਿ ਰਹੇ ਹਨ ਕਿ ਉਹ ਉਨ੍ਹਾਂ ਦੇ ਮਰੀਜ਼ਾਂ ਨੂੰ ਦਾਖਲ ਨਹੀਂ ਕਰ ਸਕਦੇ। ਕਈ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਉਨ੍ਹਾਂ ਦੇ ਮਰੀਜ਼ਾਂ ਨੂੰ ਦਾਖਲ ਨਹੀਂ ਕੀਤਾ ਗਿਆ ਹੈ , ਜਿਸ ਕਾਰਣ ਉਨ੍ਹਾਂ ਸਰਕਾਰੀ ਹਸਪਤਾਲ ਵਿਚ ਆਪਣੇ ਮਰੀਜ਼ ਨੂੰ ਦਾਖਲ ਕਰਵਾਇਆ ਹੈ। ਸਰਕਾਰ ਨੂੰ ਜਿਹੜੇ ਲੋਕ ਪੈਸੇ ਦੇ ਕੇ ਚੰਗੀਆਂ ਸੇਵਾਵਾਂ ਲੈਣ ਲਈ ਪ੍ਰਾਈਵੇਟ ਹਸਪਤਾਲ ’ਚ ਆਪਣੇ ਮਰੀਜ਼ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ ਅਤੇ ਜਿਹੜੇ ਹਸਪਤਾਲ ਮਰੀਜ਼ ਨੂੰ ਲੈਣ ਤੋਂ ਇਸ ਘੜੀ ’ਚ ਮਨ੍ਹਾ ਕਰਨ ਉਨ੍ਹਾਂ ’ਤੇ ਸਖ਼ਤ ਕਾਰਵਾਈ ਹੋਵੇ । ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ।

ਸਿਵਲ ਸਰਜਨ ਨੂੰ ਸਿਰਫ ਆਪਣੀ ਚਿੰਤਾ, ਹੋਰ ਕਰਮਚਾਰੀਆਂ ਦੀ ਨਹੀਂ

ਅੰਮ੍ਰਿਤਸਰ ਦੇ ਸਿਵਲ ਸਰਜਨ ਡਾ . ਨਵਦੀਪ ਸਿੰਘ ਨੂੰ ਕੋਰੋਨਾ ਮਹਾਮਾਰੀ ਸਿਰਫ ਆਪਣੀ ਦੌਰਾਨ ਚਿੰਤਾ ਹੈ, ਜਦੋਂਕਿ ਸਰਕਾਰੀ ਜ਼ਿਲਾ ਪੱਧਰੀ ਹਸਪਤਾਲ ਅਤੇ ਸਰਕਾਰੀ ਸੈਟੇਲਾਇਟ ਹਸਪਤਾਲ ਰਣਜੀਤ ਐਵੀਨਿਊ ਦੇ ਡਾਕਟਰ ਅਤੇ ਕਰਮਚਾਰੀਆਂ ਦੀ ਸਿਹਤ ਸਬੰਧੀ ਚਿੰਤਾ ਨਹੀਂ ਹੈ । ਦੋਵਾਂ ਹਸਪਤਾਲਾਂ ’ਚ ਡਾਕਟਰਾਂ ਸਮੇਤ ਕਈ ਕਰਮਚਾਰੀ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ । ਸਿਵਲ ਸਰਜਨ ਡਾ . ਨਵਦੀਪ ਸਿੰਘ ਨੇ ਖੁਦ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸਰਕਾਰੀ ਦਫ਼ਤਰ 2 ਦਿਨਾਂ ਲਈ ਬੰਦ ਕਰਵਾ ਦਿੱਤਾ ਪਰ ਉਕਤ ਦੋਵਾਂ ਹਸਪਤਾਲਾਂ ਵਿਚ ਕਰਮਚਾਰੀਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਹਸਪਤਾਲ ਕੁਝ ਸਮਾਂ ਲਈ ਬੰਦ ਨਹੀਂ ਕੀਤੇ ਗਏ। ਇਹ ਗੱਲਾਂ ਵੇਖ ਕੇ ਕਰਮਚਾਰੀ ਕਹਿ ਰਹੇ ਹਨ ਕਿ ਡਾ . ਨਵਦੀਪ ਸਿੰਘ ਨੂੰ ਸਿਰਫ ਆਪਣੀ ਸਿਹਤ ਦੀ ਚਿੰਤਾ ਹੈ, ਹੋਰ ਕਰਮਚਾਰੀਆਂ ਦੀ ਸਿਹਤ ਦੀ ਨਹੀਂ ।

ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਨੇ ਵਾਇਰਸ ਦਾ ਸੰਤਾਪ ਵੇਖਦੇ ਹੋਏ ਵਧਾਈ ਬੈਂਡਾਂ ਦੀ ਗਿਣਤੀ

ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਨੇ ਵਾਇਰਸ ਦਾ ਕਹਿਰ ਵੇਖਦੇ ਹੋਏ ਤੁਰੰਤ 100 ਤੋਂ ਵੱਧ ਨਵੇਂ ਬੈੱਡ ਬਣਾ ਲਏ ਹਨ । ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਕਾਲਜ ਪ੍ਰਸ਼ਾਸਨ ਕੋਰੋਨਾ ਮਹਾਮਾਰੀ ਦੌਰਾਨ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਚੌਕਸ ਹੈ । ਡਾਕਟਰਾਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਮਰੀਜ਼ਾਂ ਦਾ ਇਲਾਜ ਕਰਨ ’ਚ ਲੱਗੀਆਂ ਹੋਈਆਂ ਹਨ । ਸਰਕਾਰ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਸਮੇਂ-ਸਮੇਂ ’ਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ , ਉਸ ਦੇ ਤਹਿਤ ਮਰੀਜ਼ਾ ਦਾ ਇਲਾਜ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਫਿਲਹਾਲ ਹੁਣ 200 ਦੇ ਕਰੀਬ ਮਰੀਜ਼ ਹਸਪਤਾਲ ’ਚ ਦਾਖਲ ਹਨ, ਜਦੋਂਕਿ ਬਾਕੀ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ।


author

Bharat Thapa

Content Editor

Related News