ਪੰਜਾਬ ਦੇ 300 ਸ਼ੈਲਰ ਹੋਏ ਬੰਦ

07/20/2017 2:09:29 AM

ਪਟਿਆਲਾ- ਕੈਪਟਨ ਸਰਕਾਰ ਬੇਸ਼ੱਕ ਕਣਕ ਦੀ ਫਸਲ ਸਫਲਤਾ ਨਾਲ ਖਰੀਦ ਚੁੱਕੀ ਹੈ ਪਰ ਆਉਣ ਵਾਲੇ ਜੀਰੀ ਦੇ ਸੀਜ਼ਨ ਦੌਰਾਨ ਸਰਕਾਰ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੇ 300 ਤੋਂ ਵੱਧ ਸ਼ੈਲਰ ਬੰਦ ਹੋ ਚੁੱਕੇ ਹਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਨ੍ਹਾਂ ਸ਼ੈਲਰਾਂ ਨੂੰ ਡਿਫਾਲਟਰ ਕਰਾਰ ਦੇ ਕੇ ਬੰਦ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਇਨ੍ਹਾਂ ਵੱਲ 1 ਹਜ਼ਾਰ ਕਰੋੜ ਰੁਪਿਆ ਬਕਾਇਆ ਹੈ।
ਕਾਫੀ ਵਿਆਜ ਲੱਗ ਚੁੱਕਾ ਹੈ, ਜਿਸ ਕਾਰਨ ਇਹ ਸ਼ੈਲਰ ਮਾਲਕ ਇੰਨੀ ਵੱਡੀ ਅਮਾਊਂਟ ਭਰਨ ਦੇ ਸਮਰੱਥ ਨਹੀਂ। ਜੇਕਰ ਸ਼ੈਲਰ ਬੰਦ ਰਹਿੰਦੇ ਹਨ ਤਾਂ ਜੀਰੀ ਦੇ ਸੀਜ਼ਨ ਦੌਰਾਨ ਪੰਜਾਬ ਸਰਕਾਰ ਨੂੰ ਮੰਡੀਆਂ ਵਿਚੋਂ ਖਰੀਦੀ ਜੀਰੀ ਸਟੋਰ ਕਰਨ ਵਿਚ ਵੱਡੀ ਸਮੱਸਿਆ ਆ ਸਕਦੀ ਹੈ। ਇਸ ਗੱਲ ਨੂੰ ਧਿਆਨ ਵਿਚ ਰਖਦੇ ਹੋਏ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੀ ਅਗਵਾਈ ਹੇਠ ਇਕ  ਉੱਚ-ਪੱਧਰੀ ਵਫਦ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਮਿਲਿਆ। ਸੈਣੀ ਦੀ ਅਗਵਾਈ ਹੇਠ ਸ਼ੈਲਰ ਮਾਲਕਾਂ ਨੇ ਵਿੱਤ ਮੰਤਰੀ ਨੂੰ ਮੰਗ-ਪੱਤਰ ਦੇ ਕੇ ਦੱਸਿਆ ਕਿ ਜੀਰੀ ਦਾ ਪੁਰਾਣਾ ਬਕਾਇਆ ਹੋਣ ਕਰ ਕੇ ਇਹ ਸ਼ੈੱਲਰ ਬੰਦ ਪਏ ਹਨ।
ਜਿਥੇ ਸ਼ੈਲਰ ਮਾਲਕ ਪ੍ਰੇਸ਼ਾਨ ਹਨ, ਉਥੇ ਹੀ ਪੰਜਾਬ ਲਈ ਵੀ ਇਹ ਇਕ ਵੱਡੀ ਸਮੱਸਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਹਰ ਤਰ੍ਹਾਂ ਦੀ ਇੰਡਸਟਰੀ ਅਤੇ ਖਾਸ ਕਰ ਕੇ ਰਾਈਸ ਇੰਡਸਟਰੀ ਆਰਥਿਕ ਮੰਦੀ ਵਿਚੋਂ ਲੰਘ ਰਹੀ ਹੈ। ਜੋ ਸ਼ੈਲਰ ਮਾਲਕਾਂ ਵੱਲ ਬਕਾਏ ਖੜ੍ਹੇ ਹਨ, ਉਨ੍ਹਾਂ ਦਾ ਵਿਆਜ ਮੁਆਫ ਕੀਤਾ ਜਾਵੇ। ਜਿਸ ਤਰ੍ਹਾਂ ਪੁੱਡਾ ਅਤੇ ਨਗਰ ਨਿਗਮਾਂ ਵੱਲੋਂ ਵੱਖ-ਵੱਖ ਸਮੇਂ 'ਤੇ ਵਨ ਟਾਈਮ ਸੈਟਲਮੈਂਟ ਸਕੀਮ ਚਲਾਈ ਜਾਂਦੀ ਹੈ, ਉਸੇ ਤਰ੍ਹਾਂ ਦੀ ਸਕੀਮ ਫੂਡ ਸਪਲਾਈ ਵਿਭਾਗ ਵੱਲੋਂ ਚਲਾ ਕੇ ਸ਼ੈਲਰ ਮਾਲਕਾਂ ਦਾ ਮਸਲਾ ਹੱਲ ਕੀਤਾ ਜਾਵੇ।
ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਸ਼ੈਲਰ ਮਾਲਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੈਪ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੀ ਖਤਮ ਹੋ ਚੁੱਕੀ ਹਰ ਤਰ੍ਹਾਂ ਦੀ ਇੰਡਸਟਰੀ ਨੂੰ ਮੁੜ ਚਲਾਉਣ ਲਈ ਯਤਨ ਕਰ ਰਹੀ ਹੈ। ਜਲਦੀ ਹੀ ਨਵੀਂ ਇੰਡਸਟਰੀ ਪਾਲਿਸੀ ਲਿਆਂਦੀ ਜਾ ਰਹੀ ਹੈ, ਜਿਸ ਤਹਿਤ ਹਰ ਤਰ੍ਹਾਂ ਦੀ ਇੰਡਸਟਰੀ ਨੂੰ ਰਾਹਤ ਦਿੱਤੀ ਜਾਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਵਿਚੋਂ ਇੰਸਪੈਕਟਰੀ ਰਾਜ ਖਤਮ ਕਰ ਰਹੀ ਹੈ। ਕਿਸੇ ਵੀ ਉਦਯੋਗਪਤੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤਰਸੇਮ ਸੈਣੀ ਨਾਲ ਸੰਜੇ ਭੂਤ, ਮੁਸ਼ਤਾਕ ਖਾਨ, ਬੋਨੀ ਬਰਨਾਲਾ, ਰਾਜ ਕੁਮਾਰ, ਰਾਜੇਸ਼ ਮੋਦੀ, ਰਾਜ ਕੁਮਾਰ ਜਲੰਧਰ, ਸੁਭਾਸ਼ ਕਾਦੀਆਂ, ਪੁਰਸ਼ੋਤਮ ਕੁਮਾਰ ਰਾਮਪੁਰਾ ਫੂਲ, ਨਕਸ਼ ਜਿੰਦਲ, ਵਿਨੋਦ ਕੁਮਾਰ, ਮੱਖਣ ਫਤਿਹਗੜ੍ਹ ਸਾਹਿਬ ਤੇ ਫਕੀਰ ਚੰਦ ਬਾਂਸਲ ਰਾਜਪੁਰਾ ਤੋਂ ਇਲਾਵਾ ਪੰਜਾਬ ਭਰ ਦੇ ਆਗੂ ਮੌਜੂਦ ਸਨ।


Related News