ਅਹਿਮ ਖ਼ਬਰ: ਹਜ਼ਾਰਾਂ ਲੋਕਾਂ ਨੂੰ ਇਸ ਵਾਰ ਨਹੀਂ ਮਿਲੇਗੀ 2 ਰੁਪਏ ਵਾਲੀ ਕਣਕ, ਕਈ ਕਾਰਡਧਾਰਕਾਂ ਦੇ ਕੱਟੇ ਜਾਣਗੇ ਨਾਮ

Thursday, Feb 16, 2023 - 05:57 PM (IST)

ਜਲੰਧਰ (ਸੁਰਿੰਦਰ)–ਆਟਾ-ਦਾਲ ਸਕੀਮ ਤਹਿਤ 2 ਰੁਪਏ ਵਾਲੀ ਸਸਤੀ ਕਣਕ ਵੰਡਣ ਦਾ ਕੰਮ ਇਸੇ ਹਫ਼ਤੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫੂਡ ਸਪਲਾਈ ਵਿਭਾਗ ਜ਼ਿਲ੍ਹੇ ਵਿਚ ਸਮਾਰਟ ਕਾਰਡਧਾਰਕਾਂ ਦੀ ਵੈਰੀਫਿਕੇਸ਼ਨ ਵੀ ਕਰ ਰਿਹਾ ਹੈ, ਜਿਸ ਤਹਿਤ ਇਸ ਵਾਰ 2.79 ਲੱਖ ਸਮਾਰਟ ਕਾਰਡਧਾਰਕਾਂ ਵਿਚੋਂ 15 ਫ਼ੀਸਦੀ ਕਾਰਡਧਾਰਕਾਂ ਦੇ ਨਾਂ ਆਟਾ-ਦਾਲ ਸਕੀਮ ਤੋਂ ਹਟਾ ਦਿੱਤੇ ਜਾਣਗੇ। ਭਾਵ 30 ਹਜ਼ਾਰ ਦੇ ਲਗਭਗ ਲੋਕਾਂ ਨੂੰ ਇਸ ਵਾਰ 2 ਰੁਪਏ ਵਾਲੀ ਕਣਕ ਨਹੀਂ ਮਿਲੇਗੀ, ਜਿਸ ਲਈ ਡਿਪੂ ਹੋਲਡਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕਿਸੇ ਨੂੰ ਵੀ ਕਣਕ ਦੇਣੀ ਹੈ ਤਾਂ ਉਸ ਦੀ ਜਾਂਚ-ਪੜ੍ਹਤਾਲ ਕੀਤੀ ਜਾਵੇ। ਗ਼ਰੀਬਾਂ ਦੀਆਂ ਪਰਚੀਆਂ ਪਹਿਲਾਂ ਕੱਟੀਆਂ ਜਾਣ ਅਤੇ ਉਸ ਤੋਂ ਬਾਅਦ ਕਾਰ ਅਤੇ ਕੋਠੀਆਂ ਵਾਲਿਆਂ ਦਾ ਨਾਂ ਅਤੇ ਪਤਾ ਨੋਟ ਕੀਤਾ ਜਾਵੇ ਤਾਂ ਜੋ ਵੈਰੀਫਿਕੇਸ਼ਨ ਨੂੰ ਪੂਰਾ ਕਰਨ ਅਤੇ ਅਯੋਗ ਕਾਰਡਧਾਰਕਾਂ ਨੂੰ ਲਿਸਟ ਵਿਚੋਂ ਹਟਾਉਣ ਵਿਚ ਪ੍ਰੇਸ਼ਾਨੀ ਨਾ ਆਵੇ। ਡਿਪੂ ਹੋਲਡਰਾਂ ਨੂੰ ਪਰਚੀਆਂ ਕੱਟਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ :  ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਪੰਜਾਬ ਪੁਲਸ ਸਖ਼ਤ, ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤਾ ਅਹਿਮ ਬਿਆਨ

50 ਹਜ਼ਾਰ ਦੀ ਹੋ ਚੁੱਕੀ ਹੈ ਵੈਰੀਫਿਕੇਸ਼ਨ
ਫੂਡ ਸਪਲਾਈ ਵਿਭਾਗ ਅਨੁਸਾਰ ਜਲੰਧਰ ਵਿਚ 50 ਹਜ਼ਾਰ ਤੋਂ ਜ਼ਿਆਦਾ ਸਮਾਰਟ ਕਾਰਡਧਾਰਕਾਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 4 ਹਜ਼ਾਰ ਦੇ ਲਗਭਗ ਕਾਰਡ ਅਯੋਗ ਹਨ, ਜਿਨ੍ਹਾਂ ਨੂੰ ਲਿਸਟ ਵਿਚੋਂ ਹਟਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਵਿਭਾਗ ਨੇ 700 ਤੋਂ ਜ਼ਿਆਦਾ ਕਾਰਡ ਰੱਦ ਵੀ ਕੀਤੇ ਹਨ। ਜੋ ਲੋਕ ਪਹਿਲਾਂ ਲਾਈਨ ਵਿਚ ਨਾ ਲੱਗ ਕੇ ਕਣਕ ਦੀਆਂ ਪਰਚੀਆਂ ਲੈਂਦੇ ਸਨ, ਉਨ੍ਹਾਂ ਦੀ ਜਾਂਚ ਪਹਿਲਾਂ ਕੀਤੀ ਜਾ ਰਹੀ ਹੈ। ਪੰਜਾਬ ਵਿਚ 40 ਲੱਖ ਤੋਂ ਜ਼ਿਆਦਾ ਕਾਰਡ ਹੋਲਡਰ ਹਨ, ਜਿਨ੍ਹਾਂ ਵਿਚੋਂ ਅਜੇ ਤੱਕ 52 ਫ਼ੀਸਦੀ ਦੀ ਹੀ ਵੈਰੀਫਿਕੇਸ਼ਨ ਹੋਈ ਹੈ।

PunjabKesari

ਲੋਕ ਛੁਪਾ ਰਹੇ ਹਨ ਸ਼ੋਹਰਤ, ਦੱਸ ਰਹੇ ਹਨ ਆਪਣੇ-ਆਪ ਨੂੰ ਗ਼ਰੀਬ
ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਜਦੋਂ ਵੈਰੀਫਿਕੇਸ਼ਨ ਸ਼ੁਰੂ ਹੋਈ ਅਤੇ ਹੁਣ ਪਰਚੀਆਂ ਕੱਟਣ ਦਾ ਸਮਾਂ ਆ ਗਿਆ ਤਾਂ ਉਹ ਲੋਕ ਉਨ੍ਹਾਂ ਕੋਲ ਆ ਰਹੇ ਹਨ, ਜਿਨ੍ਹਾਂ ਕੋਲ ਕਾਰਾਂ, ਕੋਠੀਆਂ ਅਤੇ ਸਰਕਾਰੀ ਨੌਕਰੀ ਵੀ ਹੈ, ਆ ਕੇ ਇਹ ਕਹਿ ਰਹੇ ਹਨ ਕਿ ਜੇਕਰ ਵੈਰੀਫਿਕੇਸ਼ਨ ਹੋਈ ਤਾਂ ਉਨ੍ਹਾਂ ਦਾ ਨਾਂ-ਪਤਾ ਤਾਂ ਭਾਵੇਂ ਦੱਸ ਦਿੱਤਾ ਜਾਵੇ ਪਰ ਉਨ੍ਹਾਂ ਦੀ ਜ਼ਮੀਨ-ਜਾਇਦਾਦ ਅਤੇ ਉਨ੍ਹਾਂ ਦੇ ਕੰਮਕਾਜ ਬਾਰੇ ਜਾਣਕਾਰੀ ਨਾ ਦਿੱਤੀ ਜਾਵੇ। ਡਿਪੂ ਹੋਲਡਰਾਂ ਨੇ ਕਿਹਾ ਕਿ ਜੇਕਰ ਕੁਝ ਗਲਤ ਹੁੰਦਾ ਹੈ ਤਾਂ ਵਿਭਾਗ ਉਨ੍ਹਾਂ ਖ਼ਿਲਾਫ਼ ਵੀ ਐਕਸ਼ਨ ਲੈ ਸਕਦਾ ਹੈ, ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਉਹ ਅਯੋਗ ਹਨ ਤਾਂ ਖ਼ੁਦ ਆਪਣਾ ਨਾਂ ਸਕੀਮ ਤੋਂ ਹਟਾ ਲੈਣ।

ਕੇਂਦਰ ਸਰਕਾਰ ਪੂਰਾ ਕੋਟਾ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਕਿਉਂ ਕੱਟ ਰਹੀ
ਉਥੇ ਹੀ ਇਸ ਸਕੀਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਅਮੀਰ ਹੋਣ ਜਾਂ ਫਿਰ ਮਿਡਲ ਕਲਾਸ, ਉਹ ਹਰ ਤਰ੍ਹਾਂ ਦੇ ਟੈਕਸ ਦੇ ਰਹੇ ਹਨ। ਕੇਂਦਰ ਸਰਕਾਰ ਆਪਣੇ ਵੱਲੋਂ ਪੂਰਾ ਕੋਟਾ ਭੇਜ ਰਹੀ ਹੈ ਤਾਂ ਪੰਜਾਬ ਸਰਕਾਰ ਇਸ ’ਤੇ ਕੱਟ ਕਿਉਂ ਲਗਾ ਰਹੀ ਹੈ। ਇਸ ਤੋਂ ਪਹਿਲਾਂ ਜਿੰਨੀ ਵਾਰ ਵੀ ਕਣਕ ਮਿਲੀ ਹੈ, ਭਾਵੇਂ ਉਹ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਮਿਲੀ ਹੋਵੇ ਜਾਂ ਫਿਰ ਆਟਾ-ਦਾਲ ਸਕੀਮ ਤਹਿਤ, ਉਸ ਵਿਚ ਪਹਿਲਾਂ ਹੀ ਕੱਟ ਲਗਾਏ ਜਾ ਚੁੱਕੇ ਹਨ ਅਤੇ ਹੁਣ ਵੈਰੀਫਿਕੇਸ਼ਨ ਕਰਕੇ ਨਾਂ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਗਲਤ ਹੈ। ਉਥੇ ਹੀ ਡਿਪੂ ਹੋਲਡਰ ਐਸੋਸੀਏਸ਼ਨ ਦੇ ਸੀਨੀਅਰ ਉੱਪ ਪ੍ਰਧਾਨ ਬਿਸ਼ਨ ਦਾਸ ਨੇ ਦੱਸਿਆ ਕਿ 2 ਦਿਨ ਬਾਅਦ ਪਰਚੀਆਂ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪਹਿਲਾਂ ਉਨ੍ਹਾਂ ਲੋਕਾਂ ਦੀਆਂ ਪਰਚੀਆਂ ਕੱਟੀਆਂ ਜਾਣਗੀਆਂ, ਜੋ ਗ਼ੀਰੀਬੀ ਰੇਖਾ ਤੋਂ ਹੇਠਾਂ ਹਨ। ਬਾਕੀ ਲੋਕਾਂ ਦੀਆਂ ਪਰਚੀਆਂ ਬਾਅਦ ਵਿਚ ਕੱਟੀਆਂ ਜਾਣਗੀਆਂ।

ਇਹ ਵੀ ਪੜ੍ਹੋ :  ਜਨਤਾ ਨੂੰ ਦਿੱਤੀ ਵੱਡੀ ਰਾਹਤ, CM ਭਗਵੰਤ ਮਾਨ ਨੇ ਰਸਮੀ ਤੌਰ 'ਤੇ ਦੋਆਬੇ ਦੇ 3 ਟੋਲ ਪਲਾਜ਼ੇ ਕੀਤੇ ਬੰਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News