ਅਜਨਾਲਾ 'ਚ ਭਿਆਨਕ ਹਾਦਸਾ, ਇੱਕੋ ਪਰਿਵਾਰ ਦੇ 3 ਨੌਜਵਾਨਾਂ ਦੀ ਮੌਤ (ਵੀਡੀਓ)

Wednesday, Jul 25, 2018 - 02:24 PM (IST)

ਅਜਨਾਲਾ (ਸੁਮਿਤ) : ਅਜਨਾਲਾ ਤੋਂ ਥੋੜ੍ਹੀ ਦੂਰ ਸਥਿਤ ਗੁਰਦੁਆਰਾ ਬਾਬੇ ਦੀ ਕੁੱਲੀ ਨੇੜੇ ਬੀਤੀ ਸ਼ਾਮ ਇਕ ਦਰਦਨਾਕ ਹਾਦਸੇ ਦੌਰਾਨ ਇੱਕੋ ਪਰਿਵਾਰ ਦੇ 3 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਤੀ ਦੇਰ ਸ਼ਾਮ ਤਿੰਨ ਨੌਜਵਾਨ ਮੰਗਾ, ਸ਼ੇਰਾ ਤੇ ਆਕਾਸ਼ ਵਾਸੀ ਪਿੰਡ ਮੋਤਲਾ ਥਾਣਾ ਭਿੰਡੀ ਸੈਦਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਵਾਪਸ ਜਾ ਰਹੇ ਸਨ। ਜਦੋਂ ਤਿੰਨੇ ਗੁਰਦੁਆਰਾ ਬਾਬੇ ਦੀ ਕੁੱਲੀ ਤੋਂ ਥੋੜ੍ਹੀ ਅੱਗੇ ਪੁੱਜੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਸੜਕ 'ਤੇ ਜਾ ਰਹੇ ਇਕ ਮੰਦਬੁੱਧੀ ਵਿਅਕਤੀ 'ਚ ਵੱਜ ਕੇ ਇਕ ਐਕਟਿਵਾ 'ਚ ਵੱਜ ਗਿਆ। ਇਸ ਹਾਦਸੇ ਦੌਰਾਨ ਤਿੰਨੇ ਨੌਜਵਾਨ ਮੋਟਰਸਾਈਕਲ ਤੋਂ ਥੱਲੇ ਸੜਕ 'ਤੇ ਡਿਗ ਗਏ।

ਤਿੰਨਾਂ ਦੇ ਸਿਰਾਂ 'ਚ ਡੂੰਘੀਆਂ ਸੱਟਾਂ ਵੱਜਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮੰਦਬੁੱਧੀ ਵਿਅਕਤੀ ਵੀ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ। ਮਰਨ ਵਾਲੇ ਨੌਜਵਾਨ ਆਪਸ 'ਚ ਤਾਏ-ਚਾਚੇ ਦੇ ਪੁੱਤ ਸਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਦੀ ਪੁਲਸ ਮੌਕੇ 'ਤੇ ਪੁੱਜੀ ਤੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇੱਕੋ ਪਰਿਵਾਰ ਦੇ ਤਿੰਨ ਨੌਜਵਾਨਾਂ ਦੀ ਅਚਾਨਕ ਹੋਈ ਮੌਤ ਕਾਰਨ ਪੂਰੇ ਇਲਾਕੇ 'ਤੇ ਸੋਗ ਵਾਲਾ ਮਾਹੌਲ ਪਸਰਿਆ ਹੋਇਆ ਹੈ। ਲੋਕਾਂ ਤੇ ਰਿਸ਼ਤੇਦਾਰਾਂ ਵਲੋਂ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ। 


Related News