ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਣ 3 ਔਰਤਾਂ ਦੀ ਮੌਤ, 40 ਪਾਜ਼ੇਟਿਵ

Sunday, Sep 20, 2020 - 10:53 PM (IST)

ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਣ 3 ਔਰਤਾਂ ਦੀ ਮੌਤ, 40 ਪਾਜ਼ੇਟਿਵ

ਕਪੂਰਥਲਾ/ਫਗਵਾੜਾ,(ਮਹਾਜਨ, ਹਰਜੋਤ)- ਕੋਰੋਨਾ ਦਾ ਕਹਿਰ ਲਗਾਤਾਰ ਜ਼ਿਲੇ ’ਚ ਜਾਰੀ ਹੈ। ਜ਼ਿਲੇ ’ਚ ਐਤਵਾਰ ਨੂੰ ਜਿਥੇ ਕੋਰੋਨਾ ਪੀਡ਼ਤ 3 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦਾ ਅੰਕਡ਼ਾ 119 ਦੇ ਕੋਲ ਪਹੁੰਚ ਗਿਆ ਹੈ। ਮਰਨ ਵਾਲਿਆਂ ’ਚ 58 ਸਾਲਾ ਔਰਤ ਵਾਸੀ ਰਿਸ਼ੀ ਨਗਰ ਸੁਲਤਾਨਪੁਰ ਲੋਧੀ, 55 ਸਾਲਾ ਔਰਤ ਪਿੰਡ ਨੂਰਪੁਰ ਲੁਬਾਣਾ ਤੇ 69 ਸਾਲਾ ਔਰਤ ਪਿੰਡ ਅਹਿਮਦਪੁਰ ਛੰਨਾ, ਬਲਾਕ ਸੁਲਤਾਨਪੁਰ ਲੋਧੀ, ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਨਿੱਜੀ ਹਸਪਤਾਲਾਂ ’ਚ ਜ਼ੇਰੇ ਇਲਾਜ ਸਨ ਪਰ ਹਾਲਤ ਵਿਗਡ਼ਨ ਦੇ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਜ਼ਿਲੇ ’ਚ 40 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ, ਜਿਨ੍ਹਾਂ 19 ਆਰ. ਟੀ. ਪੀ. ਸੀ. ਆਰ., 1 ਟਰੂਨਾਟ ਮਸ਼ੀਨ, 4 ਐਂਟੀਜਨ ਤੇ 16 ਨਿੱਜੀ ਹੋਰ ਹਸਪਤਾਲਾਂ ’ਚ ਰਿਪੋਰਟ ਆਈ ਹੈ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚੋਂ 7 ਮਰੀਜ਼ ਮਾਡਰਨ ਜੇਲ ਕਪੂਰਥਲਾ ਨਾਲ ਸਬੰਧਤ ਹਨ।

ਉੱਥੇ ਬੀਤੇ ਦਿਨੀਂ ਮਾਡਰਨ ਜੇਲ ’ਚ ਮਰੀਜ਼ ਪਾਜ਼ੇਟਿਵ ਪਾਏ ਜਾ ਚੁੱਕੇ ਹਨ, ਜਿਨ੍ਹਾਂ ਨੂੰ ਜੇਲ ’ਚ ਹੀ ਬਣੇ ਆਈਸੋਲੇਸ਼ਨ ਸੈਂਟਰ ’ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 4 ਮਰੀਜ਼ ਆਰ. ਸੀ. ਐੱਫ. ਕਪੂਰਥਲਾ ਨਾਲ ਸਬੰਧਤ ਹਨ, ਉੱਥੇ 30 ਸਾਲਾ ਪੁਰਸ਼ ਸੈਦੋ ਭੁਲਾਣਾ, 33 ਸਾਲਾ ਪੁਰਸ਼ ਆਰਮੀ ਦਫਤਰ ਕਪੂਰਥਲਾ, 42 ਸਾਲਾ ਪੁਰਸ਼ ਪ੍ਰੋਫੈਸਰ ਕਾਲੋਨੀ, 81 ਸਾਲਾ ਪੁਰਸ਼ ਕ੍ਰਿਸ਼ਨ ਨਗਰ ਮੰਡੀ ਗੋਬਿੰਦਗਡ਼੍ਹ, 62 ਸਾਲਾ ਪੁਰਸ਼ ਦਬੁਰਜੀ, 22 ਸਾਲਾ ਪੁਰਸ਼ ਧਾਲੀਵਾਲ ਦੋਨਾ, 43 ਸਾਲਾ ਪੁਰਸ਼ ਬਿਹਾਰੀਪੁਰ, 20 ਸਾਲਾ ਪੁਰਸ਼ ਸਿੱਧਵਾਂ ਦੋਨਾ ਨਾਲ ਸਬੰਧਤ ਹਨ। ਇਸੇ ਤਰ੍ਹਾਂ 2 ਮਰੀਜ਼ ਫਗਵਾਡ਼ਾ ਤੇ 2 ਮਰੀਜ਼ ਜਲੰਧਰ ਨਾਲ ਸਬੰਧਤ ਹਨ। ਜਦਕਿ ਹੋਰ ਮਰੀਜ ਕਪੂਰਥਲਾ ਤੇ ਆਸ-ਪਾਸ ਨਾਲ ਸਬੰਧਤ ਹਨ।

ਐਤਵਾਰ 205 ਲੋਕਾਂ ਦੀ ਹੋਈ ਸੈਂਪਲਿੰਗ

ਜ਼ਿਲਾ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਾ. ਸੰਦੀਪ ਧਵਨ ਤੇ ਡਾ. ਰਾਜੀਵ ਭਗਤ ਨੇ ਦੱਸਿਆ ਕਿ ਐਤਵਾਰ ਨੂੰ ਜ਼ਿਲੇ ’ਚ 205 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ ’ਚੋਂ ਕਪੂਰਥਲਾ ਤੋਂ 42, ਢਿਲਵਾਂ ਤੋਂ 58, ਫੱਤੂਢੀਂਗਾ ਤੋਂ 45, ਕਾਲਾ ਸੰਘਿਆਂ ਤੋਂ 59 ਤੇ 1 ਜ਼ਰੂਰੀ ਤੌਰ ’ਤੇ ਸੈਂਪਲ ਲਿਆ ਗਿਆ। ਇਸੇ ਤਰ੍ਹਾਂ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਕੋਰੋਨਾ ਮਰੀਜ਼ਾਂ ’ਚੋਂ 84 ਮਰੀਜ਼ਾਂ ਦੇ ਠੀਕ ਹੋਣ ਕਾਰਣ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ, ਜਿਸ ਕਾਰਣ ਸਿਹਤ ਟੀਮਾਂ ਵੱਲੋਂ ਹੁਣ ਤੱਕ 1786 ਲੋਕਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਉੱਥੇ ਹੀ ਕੋਰੋਨਾ ਦੇ ਕਾਰਨ ਸੰਕਰਮਿਤ ਮਰੀਜ਼ਾਂ ਦੀ ਗਿਣਤੀ 2761 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ’ਚ ਸਿਰਫ 673 ਮਰੀਜ਼ ਹੀ ਐਕਟਿਵ ਚੱਲ ਰਹੇ ਹਨ।


author

Bharat Thapa

Content Editor

Related News