ਡੇਢ ਕਰੋੜ ਦੀ ਹੈਰੋਇਨ ਸਮੇਤ 3 ਤਸਕਰ ਗ੍ਰਿਫਤਾਰ
Monday, Nov 11, 2019 - 07:15 PM (IST)

ਸਮਰਾਲਾ, (ਗਰਗ, ਗੋਪਾਲ)— ਸਥਾਨਕ ਪੁਲਸ ਨੇ ਨਸ਼ਾ ਸਮੱਗਲਰਾਂ ਖਿਲਾਫ਼ ਸੋਮਵਾਰ ਇਕ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਵੱਡੇ ਹੈਰੋਇਨ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹਾਲਾਂਕਿ ਪੁਲਸ ਬਰਾਮਦ ਕੀਤੀ ਹੈਰੋਇਨ ਦੀ ਕੀਮਤ ਕਾਫ਼ੀ ਘੱਟ ਦੱਸ ਰਹੀ ਹੈ ਪਰ ਦੱਸਿਆ ਇਹ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਬਰਾਮਦ ਹੋਈ ਹੈਰੋਇਨ ਦੀ ਕੀਮਤ ਡੇਢ ਕਰੋੜ ਤੋਂ ਵੀ ਵੱਧ ਹੈ। ਇਸ ਸਬੰਧੀ ਸੋਮਵਾਰ ਥਾਣਾ ਸਮਰਾਲਾ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਐੱਸ.ਪੀ. ਖੰਨਾ ਜਗਵਿੰਦਰ ਸਿੰਘ ਚੀਮਾ ਅਤੇ ਡੀ.ਐੱਸ.ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਥਾਣਾ ਸਮਰਾਲਾ ਮੁਖੀ ਸਿਕੰਦਰ ਸਿੰਘ ਦੀ ਅਗਵਾਈ ਹੇਠ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੁਲਸ ਚੌਕੀ ਬਰਧਾਲਾਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ।
ਪੁਲਸ ਦੀ ਚੈਕਿੰਗ ਦੌਰਾਨ ਖੰਨਾ ਸਾਈਡ ਤੋਂ ਇਕ ਸਕੌਡਾ ਗੱਡੀ ਵਿਖਾਈ ਦਿੱਤੀ। ਪੁਲਸ ਪਾਰਟੀ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਜਲਦਬਾਜ਼ੀ 'ਚ ਗੱਡੀ ਬੰਦ ਹੋ ਗਈ। ਪੁਲਸ ਪਾਰਟੀ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਗੱਡੀ ਨੂੰ ਘੇਰ ਕੇ ਉਸ ਵਿਚ ਸਵਾਰ 3 ਵਿਅਕਤੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਹਿਰਾਸਤ ਵਿਚ ਲਏ ਗਏ ਇਨ੍ਹਾਂ 3 ਨੌਜਵਾਨਾਂ ਦੀ ਤਲਾਸ਼ੀ ਦੌਰਾਨ ਪੁਲਸ ਨੂੰ ਤਿੰਨਾਂ ਤੋਂ ਵੱਖ-ਵੱਖ ਮਾਤਰਾ 'ਚ 260 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਨ੍ਹਾਂ ਨੌਜਵਾਨਾਂ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਬਡਾਲਾ ਥਾਣਾ ਜੀਰਾ, ਅਰਜਿੰਦਰ ਸਿੰਘ ਉਰਫ਼ ਪ੍ਰੀਤ ਅਰੋੜਾ ਪੁੱਤਰ ਇੰਦਰ ਸਿੰਘ ਵਾਸੀ ਜੀਰਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਵਾਸੀ ਜੀਰਾ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ 'ਤੇ ਮਾਮਲਾ ਦਰਜ ਕਰਦੇ ਹੋਏ ਮੁੱਢਲੀ ਪੁੱਛ-ਗਿੱਛ 'ਚ ਜੋ ਜਾਣਕਾਰੀ ਹਾਸਲ ਕੀਤੀ ਹੈ, ਉਸ ਮੁਤਾਬਕ ਇਹ ਨੌਜਵਾਨ ਪੰਜਾਬ 'ਚ ਹੈਰੋਇਨ ਦੀ ਵੱਡੇ ਪੱਧਰ 'ਤੇ ਸਪਲਾਈ ਕਰਦੇ ਆ ਰਹੇ ਸਨ। ਹੁਣ ਵੀ ਇਨ੍ਹਾਂ ਕੋਲੋਂ ਬਰਾਮਦ ਹੋਈ ਹੈਰੋਇਨ ਇਹ ਦਿੱਲੀ ਤੋਂ ਲੈ ਕੇ ਆਏ ਸਨ ਤੇ ਇਸ ਦੀ ਸਪਲਾਈ ਦੁਆਬਾ ਖੇਤਰ ਵਿਚ ਦਿੱਤੀ ਜਾਣੀ ਸੀ। ਡੀ.ਐੱਸ.ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿਚੋਂ 2 ਉੱਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।