''ਪਰਲਜ਼'' ਕੰਪਨੀ ਦੀ ਜ਼ਮੀਨ ''ਤੇ ਬਣੀਆਂ ਬਿਲਡਿੰਗਾਂ ''ਤੇ ਚੱਲਿਆ ਪੀਲਾ ਪੰਜਾ, 3 ਸ਼ੋਅਰੂਮ ਦਿੱਤੇ ਢਾਹ

Saturday, Oct 21, 2023 - 10:08 PM (IST)

''ਪਰਲਜ਼'' ਕੰਪਨੀ ਦੀ ਜ਼ਮੀਨ ''ਤੇ ਬਣੀਆਂ ਬਿਲਡਿੰਗਾਂ ''ਤੇ ਚੱਲਿਆ ਪੀਲਾ ਪੰਜਾ, 3 ਸ਼ੋਅਰੂਮ ਦਿੱਤੇ ਢਾਹ

ਬਠਿੰਡਾ (ਵਰਮਾ) : ਨਗਰ ਨਿਗਮ ਬਠਿੰਡਾ ਦੀ ਬਿਲਡਿੰਗ ਬ੍ਰਾਂਚ ਨੇ ਵੱਡੀ ਕਾਰਵਾਈ ਕਰਦਿਆਂ ਪਰਲਜ਼ ਕੰਪਨੀ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਕੇ ਬਿਨਾਂ ਨਕਸ਼ਾ ਪਾਸ ਕਰਵਾਏ ਜੋ 3 ਸ਼ੋਅਰੂਮ ਬਣਾਏ ਗਏ ਸਨ, ਨੂੰ ਅੱਜ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ 'ਤੇ ਢਾਹ ਦਿੱਤਾ ਗਿਆ। 3 ਸਾਲ ਪਹਿਲਾਂ ਕਾਂਗਰਸ ਸਰਕਾਰ ਵੇਲੇ ਸਿਆਸੀ ਸਰਪ੍ਰਸਤੀ ਦੇ ਚਲਦਿਆਂ 100 ਫੁੱਟ ਰੋਡ ਘੋੜੇਵਾਲਾ ਚੌਕ ਵਿਖੇ ਪਰਲਜ਼ ਦੀ 205 ਗਜ਼ ਦੀ ਸਭ ਤੋਂ ਮਹਿੰਗੀ ਜ਼ਮੀਨ ਦੀ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਰਜਿਸਟਰੀ ਕਰਵਾਈ ਗਈ ਸੀ ਅਤੇ ਨਿਯਮਾਂ ਦੀ ਅਣਦੇਖੀ ਕਰਕੇ ਉਸਾਰੀ ਵੀ ਕਰਵਾਈ ਗਈ ਸੀ। ਪੁਲਸ ਨੇ ਕਾਰਵਾਈ ਕਰਦਿਆਂ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 3 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਪੁਲਸ ਨੇ 2 ਸਕੇ ਭਰਾਵਾਂ ਸਮੇਤ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ 'ਚ ਨਰਿੰਦਰ ਸਿੰਘ, ਮਨਜੀਤ ਸਿੰਘ ਤੇ ਬਲਰਾਜ ਸਿੰਘ ਉਰਫ਼ ਫਤਿਹ ਸਿੰਘ ਸ਼ਾਮਲ ਹਨ। ਇਨ੍ਹਾਂ 'ਚੋਂ ਮਨਜੀਤ ਸਿੰਘ ਨੂੰ ਛੱਡ ਕੇ 3 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਘਰੋਂ ਕਾਲਜ ਲਈ ਨਿਕਲੀ ਕੁੜੀ ਨੇ ਰਸਤੇ 'ਚ ਚੁੱਕ ਲਿਆ ਖੌਫ਼ਨਾਕ ਕਦਮ, ਜਾਣੋ ਪੂਰਾ ਮਾਮਲਾ

ਐੱਮਟੀਪੀ ਸੁਰਿੰਦਰਪਾਲ ਸਿੰਘ ਬਿੰਦਰਾ ਦੀ ਅਗਵਾਈ ਹੇਠ ਸੈਂਕੜੇ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਕਰੋੜਾਂ ਰੁਪਏ ਦੇ ਇਨ੍ਹਾਂ ਸ਼ੋਅਰੂਮਾਂ ਨੂੰ ਜੇ.ਸੀ.ਬੀ. ਨਾਲ ਢਾਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸ਼ੋਅਰੂਮ ਬਿਨਾਂ ਨਕਸ਼ਾ ਪਾਸ ਕਰਵਾਏ ਹੀ ਬਣਾਏ ਗਏ ਸਨ ਅਤੇ ਇਸ ਸਬੰਧੀ ਕਈ ਵਾਰ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ। ਥਾਣਾ ਸਿਵਲ ਲਾਈਨ ਦੇ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ 2020-21 ਵਿੱਚ ਗਲਤ ਪੱਖ ਦਾ ਹਵਾਲਾ ਦੇ ਕੇ ਰਜਿਸਟ੍ਰੇਸ਼ਨ ਕਰਵਾ ਲਈ ਸੀ, ਜਿਸ ਤੋਂ ਬਾਅਦ ਜ਼ਮੀਨ ’ਤੇ ਜੰਗੀ ਪੱਧਰ ’ਤੇ 2 ਮੰਜ਼ਿਲਾ ਸ਼ੋਅਰੂਮ ਬਣਾਇਆ ਗਿਆ ਸੀ। ਇੱਥੋਂ ਤੱਕ ਕਿ ਇਨ੍ਹਾਂ ਸ਼ੋਅਰੂਮਾਂ ਦਾ ਨਕਸ਼ਾ ਵੀ ਪਾਸ ਨਹੀਂ ਕੀਤਾ ਗਿਆ ਤੇ ਨਾ ਹੀ ਸੀ.ਐੱਲ.ਯੂ.।

ਇਹ ਵੀ ਪੜ੍ਹੋ : ਰੱਬ ਦੇ ਘਰ ਨੂੰ ਵੀ ਨਹੀਂ ਬਖ਼ਸ਼ਦੇ ਚੋਰ, CCTV 'ਚ ਕੈਦ ਹੋਈ ਘਿਨੌਣੀ ਹਰਕਤ

ਵਰਣਨਯੋਗ ਹੈ ਕਿ ਪਰਲਜ਼ ਦੀਆਂ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕੀਤਾ ਸੀ ਕਿ ਪਰਲਜ਼ ਦਾ ਕਿਸੇ ਵੀ ਜ਼ਮੀਨ 'ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਜਿਹੜੇ ਕਬਜ਼ੇ ਕੀਤੇ ਗਏ ਹਨ, ਉਨ੍ਹਾਂ ਨੂੰ ਛੁਡਵਾਇਆ ਜਾਵੇਗਾ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਪਰਲਜ਼ ਦੀ ਮਹਿੰਗੀ ਜ਼ਮੀਨ ਖਾਲੀ ਕਰਵਾਈ ਹੈ। ਇਸ ਮਾਮਲੇ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਲਸ ਅਧਿਕਾਰੀ ਅਤੇ ਨਿਗਮ ਅਧਿਕਾਰੀ ਨੂੰ ਵੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਨਗਰ ਨਿਗਮ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਅਹੁਦੇ 'ਤੇ ਕਿਉਂ ਨਾ ਹੋਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News