ਇਟਲੀ 'ਚ ਸਕੇ ਭੈਣ-ਭਰਾ ਸਮੇਤ ਮਾਰੇ ਗਏ 3 ਨੌਜਵਾਨ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਨਾਲ ਸਨ ਸਬੰਧਿਤ
Tuesday, Jan 17, 2023 - 10:48 AM (IST)
ਮਿਲਾਨ (ਸਾਬੀ ਚੀਨੀਆ)- ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਵੈਰੋਨੇਲਾ ਵਿਖੇ ਖ਼ਰਾਬ ਮੌਸਮ ਦੇ ਚੱਲਦਿਆਂ ਬੀਤੇ ਦਿਨੀਂ ਲਗਭਗ 5:20 'ਤੇ ਇਕ ਕਾਰ ਦੇ ਨਹਿਰ ਵਿਚ ਡਿੱਗ ਜਾਣ ਨਾਲ ਮਾਰੇ ਗਏ 2 ਪੰਜਾਬੀ ਮੁੰਡਿਆਂ ਅਤੇ 1 ਪੰਜਾਬੀ ਕੁੜੀ ਦੀ ਪਛਾਣ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ 2 ਸਕੇ ਭੈਣ-ਭਰਾ ਬਲਪ੍ਰੀਤ ਕੌਰ (20) ਅਤੇ ਅਮ੍ਰਿਤਪਾਲ ਸਿੰਘ (19) ਵਜੋਂ ਹੋਈ ਹੈ, ਜਦੋਂ ਕਿ ਤੀਜੇ ਨੌਜਵਾਨ ਦੀ ਪਛਾਣ ਵਿਸ਼ਾਲ ਕਲੇਰ ਵਜੋਂ ਹੋਈ ਹੈ, ਜੋ ਕਿ ਜਲੰਧਰ ਨਾਲ ਸਬੰਧਤ ਸੀ।
ਇਹ ਵੀ ਪੜ੍ਹੋ: ਨੇਪਾਲ ਜਹਾਜ਼ ਹਾਦਸੇ 'ਚ ਮਾਰੇ ਗਏ UP ਦੇ 4 ਨੌਜਵਾਨ, ਪਛਾਣ ਲਈ ਕਾਠਮੰਡੂ ਗਏ ਰਿਸ਼ਤੇਦਾਰ
ਇਸ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਇਟਾਲੀਅਨ ਸੁਰੱਖਿਆ ਦਸਤਿਆਂ ਨੇ ਮੌਕੇ 'ਤੇ ਪਹੁੰਚ ਕੇ ਮੀਂਹ ਅਤੇ ਹਨੇਰੇ ਦੇ ਬਾਵਜੂਦ ਲਗਾਤਾਰ ਕੋਸ਼ਿਸ਼ ਕਰਦਿਆਂ ਕਰੇਨਾਂ ਦੀ ਮਦਦ ਦੇ ਨਾਲ ਪਾਣੀ ਵਿੱਚ ਡੁੱਬੀ ਕਾਰ ਨੂੰ ਤੁਰੰਤ ਬਾਹਰ ਕੱਢਿਆ ਪ੍ਰੰਤੂ ਉਦੋਂ ਤੱਕ ਇਹ ਤਿੰਨੇ ਆਪਣੀ ਜਾਨ ਗੁਆ ਚੁੱਕੇ ਸਨ। ਜਦੋਂ ਕਿ ਕਾਰ ਵਿਚ ਸਵਾਰ ਚੌਥੇ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਇੱਥੋਂ ਦੇ ਨੇੜਲੇ ਸ਼ਹਿਰ ਸਨਬੋਨੀਫਾਚੋ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਚਾਰੇ ਨੌਜਵਾਨ ਵੈਰੋਨਾ ਨੇੜਲੇ ਸ਼ਹਿਰ ਮੌਤੀਫੋਰਤੇ ਦੇ ਰਹਿਣ ਵਾਲੇ ਸਨ। ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।