ਪੰਜਾਬ ਦੇ 3 ਪੁਲਸ ਅਫਸਰਾਂ ਨੂੰ 'ਡੀ. ਜੀ. ਪੀ. ਰੈਂਕ' ਦੇਣ ਲਈ ਹਰੀ ਝੰਡੀ
Thursday, Jun 13, 2019 - 01:32 PM (IST)
ਚੰਡੀਗੜ੍ਹ (ਵਰੁਣ) : ਪੰਜਾਬ ਸਰਕਾਰ ਦੀ ਵਿਭਾਗੀ ਤਰੱਕੀ ਕਮੇਟੀ (ਡੀ. ਪੀ. ਸੀ.) ਵਲੋਂ 1988 ਬੈਚ ਦੇ 3 ਆਈ. ਪੀ. ਐੱਸ. ਅਫਸਰਾਂ ਨੂੰ 'ਡੀ. ਜੀ. ਪੀ. ਰੈਂਕ' ਦੇਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ, ਜਿਸ ਦੌਰਾਨ ਰੋਹਿਤ ਚੌਧਰੀ, ਪ੍ਰਬੋਧ ਕੁਮਾਰ ਅਤੇ ਇਕਬਾਲਪ੍ਰੀਤ ਸਿੰਘ ਸਹੋਤਾ ਦੇ ਨਾਵਾਂ ਨੂੰ ਡੀ. ਜੀ. ਪੀ. ਰੈਂਕ ਲਈ ਵਿਚਾਰਿਆ ਗਿਆ। ਇਨ੍ਹਾਂ ਤਿੰਨਾਂ ਅਧਿਕਾਰੀਆਂ ਨੂੰ ਡੀ. ਜੀ. ਪੀ. ਰੈਂਕ ਮਿਲਣ ਤੋਂ ਬਾਅਦ ਡੀ. ਜੀ. ਪੀ. ਰੈਂਕ ਦੇ ਪੁਲਸ ਅਧਿਕਾਰੀਆਂ ਦੀ ਗਿਣਤੀ ਵਧ ਕੇ 10 ਹੋ ਜਾਵੇਗੀ।
ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਗ੍ਰਹਿ ਵਿਭਾਗ ਵਲੋਂ ਅਧਿਕਾਰਤ ਹੁਕਮ ਜਲਦੀ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ 1985 ਬੈਚ ਦੇ ਮੁਹੰਮਦ ਮੁਸਤਫਾ, 1986 ਬੈਚ ਦੇ ਜਸਮਿੰਦਰ ਸਿੰਘ ਅਤੇ ਸਿਧਾਰਥ ਚਟੌਪਾਧਿਆਏ, 1987 ਬੈਚ ਦੇ ਦਿਨਕਰ ਗੁਪਤਾ, ਐੱਮ. ਕੇ. ਤਿਵਾੜੀ, ਸੀ. ਐੱਸ. ਐੱਸ. ਰੈਡੀ. ਅਤੇ ਵੀ. ਕੇ. ਭਾਵੜਾ ਸ਼ਾਮਲ ਹਨ। ਇਸ ਬਾਰੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ 1988 ਬੈਚ ਦੇ ਪੁਲਸ ਅਧਿਕਾਰੀਆਂ ਨੂੰ ਡੀ. ਜੀ. ਪੀ. ਰੈਂਕ ਦੇ 3 ਪੁਲਸ ਅਧਿਕਾਰੀਆਂ ਦੇ ਸੇਵਾਮੁਕਤ ਹੋਣ ਵਾਲੀਆਂ ਅਸਾਮੀਆਂ ਅਧੀਨ ਹੀ ਪਦਉੱਨਤ ਕੀਤਾ ਜਾ ਰਿਹਾ ਹੈ।
ਪੰਜਾਬ ਪੁਲਸ ਦੇ 1994 ਬੈਚ ਦੇ 8 ਆਈ. ਪੀ. ਐੱਸ. ਅਫਸਰਾਂ ਵਲੋਂ ਵੀ ਏ. ਡੀ. ਜੀ. ਪੀ. ਵਜੋਂ ਤਰੱਕੀ ਲੈਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਪੰਜਾਬ 'ਚ ਇਸ ਤੋਂ ਪਹਿਲਾਂ ਏ. ਡੀ. ਜੀ. ਪੀ. ਰੈਂਕ ਦੇ ਪੁਲਸ ਅਧਿਕਾਰੀਆਂ ਦੀ ਗਿਣਤੀ 18 ਸੀ। ਇਨ੍ਹਾਂ 'ਚੋ ਜੇਕਰ 1988 ਬੈਚ ਦੇ ਤਿੰਨ ਅਫਸਰਾਂ ਨੂੰ ਡੀ. ਜੀ. ਪੀ. ਰੈਂਕ ਦੇ ਦਿੱਤਾ ਜਾਂਦਾ ਹੈ ਤਾਂ ਵਧੀਕ ਏ. ਡੀ. ਜੀ. ਪੀਜ਼. ਦੀ ਗਿਣਤੀ 15 ਰਹਿ ਜਾਵੇਗੀ ਅਤੇ 8 ਹੋਰਨਾਂ ਨੂੰ ਪਦਉੱਨਤ ਕਰਨ ਤੋਂ ਬਾਅਦ ਇਹ ਗਿਣਤੀ 23 ਤੱਕ ਪਹੁੰਚ ਜਾਵੇਗੀ। ਇਸ ਤੋਂ ਪਹਿਲਾਂ ਵਧੀਕ ਡੀ. ਜੀ. ਪੀ. ਰੈਂਕ ਦੇ ਅਧਿਕਾਰੀਆਂ ਦੀ ਇੰਨੀ ਵੱਡੀ ਗਿਣਤੀ ਕਦੇ ਨਹੀਂ ਸੀ।