ਜਲੰਧਰ ''ਚ ਵੱਡੀ ਵਾਰਦਾਤ ਕਰਨ ਦੀ ਫਿਰਾਕ ''ਚ 3 ਬਦਮਾਸ਼ ਵਿਦੇਸ਼ੀ ਹਥਿਆਰਾਂ ਸਣੇ ਗ੍ਰਿਫਤਾਰ

Monday, Mar 09, 2020 - 06:57 PM (IST)

ਜਲੰਧਰ ''ਚ ਵੱਡੀ ਵਾਰਦਾਤ ਕਰਨ ਦੀ ਫਿਰਾਕ ''ਚ 3 ਬਦਮਾਸ਼ ਵਿਦੇਸ਼ੀ ਹਥਿਆਰਾਂ ਸਣੇ ਗ੍ਰਿਫਤਾਰ

ਜਲੰਧਰ (ਸ਼ੋਰੀ)— ਜੇਲ ਤੋਂ ਪੈਰੋਲ ਦੇ ਬਹਾਨੇ ਬਾਹਰ ਆ ਕੇ ਲੁੱਟ-ਖੋਹ ਅਤੇ ਹੱਤਿਆ ਕਰਨ ਦੀ ਫਿਰਾਕ 'ਚ ਘੁੰਮਣ ਵਾਲੇ 2 ਗੈਂਗਸਟਰਾਂ ਅਤੇ ਉਨ੍ਹਾਂ ਦੇ ਤੀਜੇ ਸਾਥੀ ਨੂੰ ਪੁਲਸ ਵੱਲੋਂ ਨਾਕੇਬੰਦੀ ਦੌਰਾਨ ਕਾਬੂ ਕਰ ਲਿਆ ਗਿਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਸਾਹਮਣੇ ਆਈ ਕਿ ਕਾਬੂ ਗੈਂਗਸਟਰਾਂ ਤੋਂ ਵਿਦੇਸ਼ੀ ਹਥਿਆਰ ਬਰਾਮਦ ਹੋਏ ਹਨ। ਜੇਕਰ ਪੁਲਸ ਸਮਾਂ ਰਹਿੰਦੇ ਇਨ੍ਹਾਂ ਨੂੰ ਨਹੀਂ ਟਰੇਸ ਕਰਦੀ ਤਾਂ ਦਿਹਾਤ ਇਲਾਕੇ 'ਚ ਕੋਈ ਵੱਡੀ ਵਾਰਦਾਤ ਜਾਂ ਕਿਸੇ ਦੀ ਹੱਤਿਆ ਹੋ ਸਕਦੀ ਸੀ। ਗ੍ਰਿ੍ਰਫਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਨੇ ਹੀ ਅਲਾਵਲਪੁਰ-ਆਦਮਪੁਰ ਹਾਈਵੇਅ 'ਤੇ ਅੱਡਾ ਮਹਿਮਦਪੁਰ ਨੇੜੇ ਗੰਨ ਪੁਆਇੰਟ 'ਤੇ ਇੱਟ-ਭੱਠੇ ਦੇ ਮਾਲਕ ਤੋਂ 20 ਜਨਵਰੀ ਨੂੰ ਕ੍ਰੇਟਾ ਗੱਡੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਪੁੱਛਗਿੱਛ 'ਚ ਹੋਏ ਖੁਲਾਸੇ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਪੁਲਸ ਪਾਰਟੀ ਦੇ ਨਾਲ ਪਿੰਡ ਲੇਸੜੀਵਾਲ ਕੋਲ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੈਂਗਸਟਰ ਪ੍ਰਦੀਪ ਸ਼ਰਮਾ ਉਰਫ ਦੀਪੂ ਪੁੱਤਰ ਜਤਿੰਦਰ ਸ਼ਰਮਾ ਵਾਸੀ ਅਲਾਵਲਰਪੁਰ, ਗੋਪਾਲ ਸਿੰਘ ਉਰਫ ਗੋਪਾ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਜੱਟਾਂ ਆਦਮਪੁਰ ਪੈਰੋਲ 'ਤੇ ਜੇਲ ਤੋਂ ਬਾਹਰ ਆ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਅਤੇ ਹੱਤਿਆ ਕਰਨ ਦਾ ਆਦੀ ਹੈ। ਇਨ੍ਹਾਂ ਨਾਲ ਤੀਜਾ ਗੈਂਗਸਟਰ ਜਸਵਿੰਦਰ ਸਿੰਘ ਉਰਫ ਜੌਨੀ ਪੁੱਤਰ ਗੁਰਮੀਤ ਸਿੰਘ ਵਾਸੀ ਬਿਆਸ ਪਿੰਡ ਆਦਮਪੁਰ ਹੈ, ਇਨ੍ਹਾਂ ਕੋਲ ਵਿਦੇਸ਼ੀ ਹਥਿਆਰ ਵੀ ਹਨ, ਜੋ ਕਿ ਫੀਗੋ ਗੱਡੀ ਪੀ. ਬੀ.10 ਡੀ. ਜੀ. 9656 'ਤੇ ਸਵਾਰ ਹੋ ਕੇ ਕਿਸੇ ਵਿਅਕਤੀ ਦੀ ਹੱਤਿਆ ਜਾਂ ਲੁੱਟ-ਖੋਹ ਕਰਨ ਦੀ ਫਿਰਾਕ 'ਚ ਪਿੰਡ ਅਲਾਵਲਪੁਰ ਤੋਂ ਪਿੰਡ ਚੂਹੜਵਾਲੀ ਵੱਲ ਜਾ ਰਹੇ ਸੀ।

ਸੂਚਨਾ ਦੇ ਆਧਾਰ 'ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਨੇ ਧਾਰਾ 399, 401 ਅਤੇ ਹੋਰ ਧਾਰਾਵਾਂ ਸਮੇਤ ਥਾਣਾ ਆਦਮਪੁਰ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਚੈਕਿੰੰਗ ਦੌਰਾਨ ਅਲਾਵਲਪੁਰ ਵਲੋਂ ਆ ਰਹੀ ਉਕਤ ਕਾਰ ਨੂੰ ਰੋਕ ਕੇ ਡਰਾਈਵਰ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣੀ ਪਛਾਣ ਜਸਵਿੰਦਰ ਸਿੰਘ ਉਰਫ ਜੌਨੀ, ਕਾਰ ਦੀ ਪਿਛਲੀ ਸੀਟ 'ਤੇ ਸਵਾਰ ਵਿਅਕਤੀਆਂ ਨੇ ਆਪਣਾ ਨਾਂ ਪ੍ਰਦੀਪ ਸ਼ਰਮਾ ਅਤੇ ਗੋਪਾਲ ਸਿੰਘ ਦੱਸਿਆ। ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਦੀ ਤਲਾਸ਼ੀ ਦੌਰਾਨ ਉਸ ਦੀ ਡੱਬ 'ਚੋਂ 9 ਐੱਮ. ਐੱਮ. ਦਾ 1 ਪਿਸਟਲ ਅਤੇ 14 ਜ਼ਿੰਦਾ ਰੌਂਦ ਅਤੇ ਹੱਥ 'ਚ ਫੜੇ ਬੈਗ 'ਚੋਂ 2 ਪਿਸਟਲ 32 ਬੋਰ, 18 ਜ਼ਿੰਦਾ ਕਾਰਤੂਸ ਅਤੇ ਗੋਪਾਲ ਸਿੰਘ ਦੀ ਤਲਾਸ਼ੀ ਦੌਰਾਨ ਉਸ ਦੀ ਡੱਬ 'ਚੋਂ 1 ਰਿਵਾਲਵਰ 32 ਬੋਰ, 6 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਪੁਲਸ ਨੇ ਸਾਰਿਆਂ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਅਤੇ ਕਾਬੂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਐੱਸ. ਪੀ. (ਡੀ) ਸਰਬਜੀਤ ਸਿੰਘ, ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ, ਡੀ. ਐੱਸ. ਪੀ. (ਡੀ) ਰਣਜੀਤ ਸਿੰਘ, ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਪੁਲਸ ਐਨਕਾਊਂਟਰ 'ਚ ਇਕ ਗੈਂਗਸਟਰ ਢੇਰ, ਦੂਜਾ ਗ੍ਰਿਫਤਾਰ

ਪ੍ਰਦੀਪ ਅਤੇ ਗੋਪਾਲ ਨੂੰ ਹੱਤਿਆ ਦੇ ਮਾਮਲੇ 'ਚ ਹੋਈ ਸੀ ਉਮਰਕੈਦ
ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਗੈਂਗਸਟਰ ਪ੍ਰਦੀਪ ਅਤੇ ਗੋਪਾਲ ਨੇ ਆਪਣੇ ਸਾਥੀਆਂ ਸਮੇਤ ਸਾਲ 2012 'ਚ ਮਨਵੀਰ ਸਿੰਘ ਨਿਵਾਸੀ ਦੌਲਤਪੁਰ ਦੀ ਹੱਤਿਆ ਕੀਤੀ ਸੀ। ਇਨ੍ਹਾਂ ਖਿਲਾਫ ਥਾਣਾ ਭੋਗਪੁਰ 'ਚ ਕੇਸ ਵੀ ਦਰਜ ਹੋਇਆ ਸੀ। ਇਸ ਕੇਸ 'ਚ ਇਨ੍ਹਾਂ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਹੋਇਆ ਸੀ। ਨਾਭਾ ਜੇਲ 'ਚ 15 ਅਕਤੂਬਰ 2019 ਨੂੰ ਗੋਪਾਲ ਸਿੰਘ 44 ਦਿਨ ਲਈ ਪੈਰੋਲ 'ਤੇ ਜੇਲ ਤੋਂ ਬਾਹਰ ਆਇਆ ਅਤੇ ਵਾਪਸ ਨਹੀਂ ਗਿਆ। ਇਸ ਖਿਲਾਫ 21 ਜਨਵਰੀ 2010 ਨੂੰ ਥਾਣਾ ਆਦਮਪੁਰ 'ਚ ਇਕ ਹੋਰ ਕੇਸ ਦਰਜ ਹੋ ਗਿਆ ਸੀ। ਦੂਜਾ ਮੁਲਜ਼ਮ ਪ੍ਰਦੀਪ ਕੁਮਾਰ 27 ਨਵੰਬਰ 2019 ਨੂੰ 8 ਹਫਤਿਆਂ ਲਈ ਜੇਲ ਤੋਂ ਪੈਰੋਲ 'ਤੇ ਬਾਹਰ ਆਇਆ ਪਰ ਉਹ ਪੈਰੋਲ ਖਤਮ ਹੋਣ 'ਤੇ ਵਾਪਸ ਜੇਲ ਨਹੀਂ ਪਰਤਿਆ ਤਾਂ ਉਸ ਖਿਲਾਫ ਵੀ 30 ਜਨਵਰੀ 2020 ਥਾਣਾ ਆਦਮਪੁਰ 'ਚ ਕੇਸ ਦਰਜ ਹੋਇਆ। ਇਸ ਦੇ ਨਾਲ ਦੋਵਾਂ ਨੇ ਮੰਨਿਆ ਕਿ 20 ਜਨਵਰੀ 2020 ਨੂੰ ਭੱਠਾ ਮਾਲਕ ਕੋਲੋਂ ਪਿਸਤੌਲ ਦੀ ਨੋਕ 'ਤੇ ਅਲਾਵਰਪੁਰ ਰੋਡ 'ਤੇ ਕ੍ਰੇਟਾ ਕਾਰ ਅਤੇ ਮੋਬਾਇਲ ਲੁੱਟਿਆ ਸੀ।

ਇੰਨੇ ਦਰਜ ਹਨ ਇਨ੍ਹਾਂ ਖਿਲਾਫ ਕੇਸ ਦਰਜ
ਪ੍ਰਦੀਪ ਸ਼ਰਮਾ ਜਿਸ ਦੀ ਉਮਰ ਕਰੀਬ 33 ਸਾਲ ਹੈ, ਉਸ ਖਿਲਾਫ 11 ਅਪਰਾਧਿਕ ਕੇਸ ਵੱਖ-ਵੱਖ ਥਾਣਿਆਂ 'ਚ ਦਰਜ ਹਨ। ਗੋਪਾਲ ਸਿੰਘ (29) ਖਿਲਾਫ 3 ਕੇਸ ਅਤੇ ਜਸਵਿੰਦਰ ਸਿੰਘ (28) ਖਿਲਾਫ 3 ਅਪਰਾਧਿਕ ਕੇਸ ਦਰਜ ਹਨ। ਜੇਲ 'ਚ ਹੀ ਤਿੰਨਾਂ ਦੀਆਂ ਮੁਲਾਕਾਤਾਂ ਹੋਈਆਂ ਅਤੇ ਉਹ ਛੋਟੀ ਉਮਰ 'ਚ ਪੈਸਾ ਅਤੇ ਨਾਂ ਕਮਾਉਣ ਦੇ ਚੱਕਰ 'ਚ ਪੈ ਗਏ। ਪੁਲਸ ਦੀ ਮੰਨੀੲੇ ਤਾਂ ਤਿੰਨੋਂ ਹੈਰੋਇਨ ਨਸ਼ਾ ਕਰਨ ਦੇ ਆਦੀ ਹਨ।

ਇਹ ਵੀ ਪੜ੍ਹੋ: ਜਲੰਧਰ : 3 ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ


author

shivani attri

Content Editor

Related News