ਲੁਧਿਆਣਾ ਜ਼ਿਲ੍ਹੇ ’ਚ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ, 102 ਪਾਜ਼ੇਟਿਵ

12/04/2020 12:24:36 AM

ਲੁਧਿਆਣਾ,(ਸਹਿਗਲ)- ਜ਼ਿਲ੍ਹੇ ਵਿਚ ਕੋਰੋਨਾ ਦੇ ਕੇਸ ਵਧਣ ਨਾਲ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਅੱਜ ਚੂਹੜਪੁਰ ਰੋਡ ਦੇ ਇਲਾਕੇ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ, ਜਦੋਂਕਿ ਕੱਲ ਸੁੰਦਰ ਨਗਰ ਅਤੇ ਸਿਵਲ ਲਾਈਨ ਸਥਿਤ ਗ੍ਰੀਨ ਪਾਰਕ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ, ਜ਼ਿਲ੍ਹਾ ਐਪੀਡੇਮਿਓਲਾਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਇਨ੍ਹਾਂ 10 ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਤੋਂ ਬਾਅਦ ਜ਼ਿਲ੍ਹੇ ਵਿਚ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 18 ਹੋ ਗਈ ਹੈ। ਮਹਾਨਗਰ ਦੇ ਹਸਪਤਾਲਾਂ ਵਿਚ ਅੱਜ ਕੋਰੋਨਾ ਵਾਇਰਸ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 102 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 82 ਮਰੀਜ਼ ਜ਼ਿਲ੍ਹੇ, ਜਦੋਂਕਿ 20 ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਨਾਲ ਸਬੰਧਤ ਹਨ, ਜਿਨ੍ਹਾਂ ਤਿੰਨ ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 2 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਜਿਨ੍ਹਾਂ ਵਿਚ ਇਕ 47 ਸਾਲਾ ਔਰਤ ਬਾਬਾ ਦੀਪ ਸਿੰਘ ਨਗਰ, ਸ਼ੇਰਪੁਰ ਦੀ ਰਹਿਣ ਵਾਲੀ ਸੀ ਅਤੇ ਦਯਾਨੰਦ ਹਸਪਤਾਲ ’ਚ ਭਰਤੀ ਸੀ, ਜਦੋਂਕਿ ਦੂਜਾ 56 ਸਾਲਾ ਮਰੀਜ਼ ਓਸਵਾਲ ਹਸਪਤਾਲ ਵਿਚ ਭਰਤੀ ਸੀ ਅਤੇ ਪਿੰਡ ਬੱਲੋਕੇ ਦਾ ਰਹਿਣ ਵਾਲਾ ਸੀ। ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 23161 ਹੋ ਗਈ ਹੈ। ਇਨ੍ਹਾਂ ’ਚੋਂ 910 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਬਾਹਰੀ ਜ਼ਿਲ੍ਹਿਆਂ ਜਾਂ ਰਾਜਾਂ ਤੋਂ ਇਲਾਜ ਲਈ ਆਏ ਮਰੀਜ਼ਾਂ ’ਚੋਂ 3299 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ ’ਚੋਂ 390 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਦੇ 21331 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਵਿਚ 920 ਐਕਟਿਵ ਮਰੀਜ਼ ਰਹਿ ਗਏ ਹਨ।

4 ਹੈਲਥ ਕੇਅਰ ਵਰਕਰ ਆਏ ਪਾਜ਼ੇਟਿਵ

ਅੱਜ 4 ਨਵੇਂ ਹੈਲਥ ਕੇਅਰ ਪਾਜ਼ੇਟਿਵ ਆਏ ਹਨ, ਜਿਸ ਨਾਲ ਪਿਛਲੇ 18 ਦਿਨਾਂ ਵਿਚ ਪਾਜ਼ੇਟਿਵ ਆਉਣ ਵਾਲੇ ਹੈਲਥ ਕੇਅਰ ਵਰਗਾਂ ਦੀ ਗਿਣਤੀ 60 ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਨਿੱਜੀ ਹਸਪਤਾਲਾਂ ਵਿਚ ਕਈ ਥਾਵਾਂ ’ਤੇ ਡਾਕਟਰ ਹੈਲਥ ਕੇਅਰ ਵਰਕਾਂ ਦੇ ਭਰੋਸੇ ਹੀ ਇਲਾਜ ਕਰ ਰਹੇ ਹਨ, ਜਦੋਂਕਿ ਮਰੀਜ਼ਾਂ ਕੋਲ ਨਹੀਂ ਆਉਂਦੇ।

246 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ

ਸਿਹਤ ਵਿਭਾਗ ਵੱਲੋਂ ਅੱਜ ਸਕ੍ਰੀਨਿੰਗ ਉਪਰੰਤ 246 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਮੌਜੂਦਾ ਵਿਚ ਹੋਮ ਕੁਆਰੰਟਾਈਨ ਵਿਚ ਰਹਿਣ ਵਾਲੇ ਮਰੀਜ਼ਾਂ ਦੀ ਗਿਣਤੀ 2315 ਹੋ ਗਈ ਹੈ, ਜਦੋਂਕਿ 711 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

3556 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲ੍ਹੇ ਵਿਚ ਅੱਜ 3556 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚ ਸਿਹਤ ਵਿਭਾਗ ਵੱਲੋਂ 2966 ਅਤੇ ਨਿਜੀ ਹਸਪਤਾਲਾਂ ਵੱਲੋਂ ਐਪਸ ਜ਼ਰੀਏ 590 ਸੈਂਪਲ ਜਾਂਚ ਲਈ ਇਕੱਠੇ ਕੀਤੇ ਗਏ।

3066 ਦੀ ਰਿਪੋਰਟ ਅਜੇ ਪੈਂਡਿੰਗ

ਸਿਹਤ ਵਿਭਾਗ ਵੱਲੋਂ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਭੇਜੇ ਸੈਂਪਲਾਂ ’ਚੋਂ 3066 ਮਰੀਜ਼ਾਂ ਦੀ ਟੈਸਟ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ। ਟੈਸਟ ਦੇ ਨਤੀਜਿਆਂ ਵਿਚ ਦੇਰੀ ਨਾਲ ਲੋਕ ਸਿਹਤ ਵਿਭਾਗ ’ਤੇ ਉਂਗਲਾਂ ਉਠਾਉਣ ਲੱਗੇ ਹਨ ਅਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਮਹਾਮਾਰੀ ਸ਼ਿਖਰਾਂ ’ਤੇ ਸੀ ਤਾਂ ਰਿਪੋਰਟ ਜਲਦੀ ਆ ਜਾਂਦੀ ਸੀ। ਹੁਣ ਤਾਂ ਪਹਿਲਾਂ ਨਾਲੋਂ ਘੱਟ ਸੈਂਪਲ ਭੇਜੇ ਜਾਣ ’ਤੇ ਵੀ ਉਸ ਦੀ ਰਿਪੋਰਟ ਸਮੇਂ ’ਤੇ ਨਹੀਂ ਆਉਂਦੀ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਹੁਣ ਸਰਵੇ ਦੀ ਰਿਪੋਰਟ ਲੇਟ ਆਉਂਦੀ ਹੈ, ਜੋ ਪਟਿਆਲਾ ਜਾਂ ਫਰੀਦਕੋਟ ਜਾਂਚ ਲਈ ਭੇਜੀ ਜਾਂਦੀ ਹੈ।


Bharat Thapa

Content Editor

Related News