ਸੜਕ ਹਾਦਸੇ ''ਚ 3 ਦੀ ਮੌਤ

Monday, Jun 19, 2017 - 07:49 AM (IST)

ਪੱਟੀ,   (ਪਾਠਕ)-  ਪੱਟੀ-ਤਰਨਤਾਰਨ ਰੋਡ 'ਤੇ ਪੈਲੇਸ ਦੇ ਨੇੜੇ ਕਾਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ ਦੌਰਾਨ 2 ਮਾਸੂਮ ਭੈਣ-ਭਰਾਵਾਂ ਸਮੇਤ ਉਨ੍ਹਾਂ ਦੇ ਮਾਮੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ 
ਹੋਇਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਥਾਣਾ ਸਦਰ ਪੱਟੀ ਇੰਚਾਰਜ ਰਾਜੇਸ਼ ਕੁਮਾਰ ਕੱਕੜ ਤੇ ਚੌਕੀ ਕੈਰੋਂ ਦੇ ਇੰਚਾਰਜ ਚਰਨ ਸਿੰਘ ਨੇ ਘਟਨਾ ਸਥਾਨ 'ਤੇ ਪੁੱਜਦਿਆਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਜੋਗਾ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਆਪਣੀ ਭੈਣ ਤੇ ਉਸ ਦੇ ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਮੌਕੇ ਲੈਣ ਲਈ ਗਿਆ ਸੀ ਅੱਜ ਜਦੋਂ ਉਹ ਆਪਣੀ ਭੈਣ ਗੁਰਮੀਤ ਕੌਰ ਪਤਨੀ ਪ੍ਰੇਮ ਸਿੰਘ, ਭਾਣਜੀ ਪੁਨੀਤ ਕੌਰ (1 ਸਾਲ) ਤੇ ਭਾਣਜੇ ਸੁਖਮਨਦੀਪ ਸਿੰਘ (6 ਸਾਲ) ਨੂੰ ਆਪਣੇ ਮੋਟਰਸਾਈਕਲ 'ਤੇ ਲੈ ਕੇ ਆ ਰਿਹਾ ਸੀ ਤਾਂ ਮਾਹੀ ਪੈਲੇਸ ਕੈਰੋਂ ਕੋਲ ਤਰਨਤਾਰਨ ਵੱਲੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਤੇ ਉਸ ਦੇ ਭਾਣਜਾ-ਭਾਣਜੀ ਦੀ ਮੌਤ ਹੋ ਗਈ ਤੇ ਉਸ ਦੀ ਲੜਕੀ ਗੁਰਮੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਸੰਧੂ ਹਸਪਤਾਲ ਪੱਟੀ ਵਿਖੇ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਦੇ ਬਿਆਨਾਂ 'ਤੇ ਦੋਸ਼ੀ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 


Related News