ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ, ਕਿਸੇ ਦਾ ਕੀ ਗਿਆ?

Wednesday, Oct 04, 2023 - 02:21 PM (IST)

ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ, ਕਿਸੇ ਦਾ ਕੀ ਗਿਆ?

ਜਲੰਧਰ (ਸੁਨੀਲ)- ਐਤਵਾਰ ਸਵੇਰੇ ਕਰੀਬ 7 ਵਜੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਕਾਨਪੁਰ ’ਚ ਸਥਿਤ ਨਵੀਂ ਆਬਾਦੀ ’ਚ ਕਲਯੁਗੀ ਮਾਤਾ-ਪਿਤਾ ਨੇ ਲਾਲਣ-ਪੋਸ਼ਣ ਨਾ ਕਰ ਪਾਉਣ ਦੀ ਦੁਹਾਈ ਦਿੰਦੇ ਹੋਏ ਆਪਣੀਆਂ ਹੀ 3 ਬੱਚੀਆਂ ਨੂੰ ਦੁੱਧ ’ਚ ਜ਼ਹਿਰੀਲਾ ਪਦਾਰਥ ਪਿਆ ਦਿੱਤਾ ਸੀ। ਤੜਫ਼ਦੀਆਂ ਹੋਈਆਂ ਤਿੰਨਾਂ ਬੱਚੀਆਂ ਨੂੰ ਮਾਪੇ ਲੋਹੇ ਦੇ ਟਰੰਕ ’ਚ ਬੰਦ ਕਰ ਤਾਲਾ ਲਾ ਕੇ ਖ਼ੁਦ ਆਪਣੀ 2 ਸਾਲ ਦੀ ਛੋਟੀ ਬੱਚੀ ਨੂੰ ਕੰਮ ’ਤੇ ਨਾਲ ਲੈ ਗਏ ਸਨ।

ਐਤਵਾਰ ਸ਼ਾਮ ਜਦੋਂ ਪਤੀ-ਪਤਨੀ ਆਪਣੀ ਛੋਟੀ ਬੱਚੀ ਅਨੁਸ਼ਕਾ ਦੇ ਨਾਲ ਆਪਣੇ ਕਮਰੇ ’ਚ ਪਹੁੰਚੇ ਤਾਂ ਮਹੁੱਲਾ ਵਾਸੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀਆਂ ਤਿੰਨੋਂ ਬੱਚੀਆਂ ਅਮ੍ਰਿਤਾ ਕੁਮਾਰੀ (9), ਸਾਕਸ਼ੀ ਕੁਮਾਰੀ (7) ਅਤੇ ਕੰਚਨਾ ਕੁਮਾਰੀ (4) ਸਵੇਰੇ ਤੋਂ ਕਿਸੇ ਨੂੰ ਵਿਖਾਈ ਨਹੀਂ ਦਿੱਤੀਆਂ ਹਨ ਅਤੇ ਲੱਭਣ ਦੇ ਬਾਅਦ ਵੀ ਨਹੀਂ ਮਿਲੀਆਂ ਹਨ। ਇਸ ਦੌਰਾਨ ਮਕਾਨ ਮਾਲਕ ਸੁਰਿੰਦਰ ਸਿੰਘ ਨੇ ਹੈਲਪਲਾਈਨ 112 ’ਤੇ ਸੂਚਿਤ ਕੀਤਾ ਅਤੇ ਮੌਕੇ ’ਤੇ ਥਾਣਾ ਮਕਸੂਦਾਂ ਦੀ ਪੁਲਸ ਪਹੁੰਚੀ ਅਤੇ ਬੱਚੀਆਂ ਨੂੰ ਖੋਜਣ ਲੱਗੀ। ਅਗਲੀ ਸਵੇਰੇ ਕਰੀਬ 6 ਵਜੇ ਟਰੰਕ ’ਚੋਂ ਬੱਚੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ

PunjabKesari

ਪਤੀ-ਪਤਨੀ ਨੇ ਆਪਣੇ ਬੱਚਿਆਂ ਦੇ ਪ੍ਰਤੀ ਜੋ ਨਫ਼ਰਤ ਵਿਖਾਈ ਹੈ ਉਸ ਨਾਲ ਇਲਾਕਾ ਨਿਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਹਰਕਤ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਸੂਤਰਾਂ ਅਨੁਸਾਰ ਪੁਲਸ ਨੇ ਜਦੋਂ ਮ੍ਰਿਤਕ ਤਿੰਨਾਂ ਬੱਚੀਆਂ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ ਬੜੇ ਰੌਬਦਾਰ ਅੰਦਾਜ਼ ’ਚ ਕਿਹਾ ਕਿ ਉਸ ਨੇ ਆਪਣੀਆਂ ਬੱਚੀਆਂ ਨੂੰ ਮਾਰਿਆ ਹੈ, ਕਿਸੇ ਦਾ ਕੀ ਗਿਆ ਹੈ? ਪੁਲਸ ਨੇ ਪਤੀ-ਪਤਨੀ ਖ਼ਿਲਾਫ਼ ਧਾਰਾ 302, 201, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਸ ਨੇ ਮੰਗਲਵਾਰ ਦੋਵੇਂ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਅਤੇ 1 ਦਿਨ ਦਾ ਦੋਸ਼ੀਆਂ ਦਾ ਪੁਲਸ ਰਿਮਾਂਡ ਮਿਲਿਆ। ਥਾਣਾ ਮਕਸੂਦਾਂ ਦੀ ਪੁਲਸ ਨੇ ਮੰਗਲਵਾਰ ਤਿੰਨੋਂ ਬੱਚੀਆਂ ਦਾ ਪੋਸਟਮਾਰਟਮ ਕਰਵਾਇਆ ਅਤੇ ਅੱਜ ਹਿੰਦੂ-ਰੀਤੀ ਰਿਵਾਜ ਨਾਲ ਬੱਚੀਆਂ ਦਾ ਸੰਸਕਾਰ ਕੀਤਾ ਜਾਵੇਗਾ। ਪੁਲਸ ਨੇ ਦੋਵੇਂ ਬੱਚਿਆਂ ਅਨੁਸ਼ਕਾ (2) ਅਤੇ ਸੰਨੀ (1) ਨੂੰ ਨਾਰੀ ਨਿਕੇਤਨ ਦੇ ਚਾਈਲਡ ਹੋਮ ’ਚ ਛੱਡ ਦਿੱਤਾ ਤਾਂ ਕਿ ਬੱਚਿਆਂ ਦਾ ਚੰਗੀ ਤਰ੍ਹਾਂ ਨਾਲ ਪਾਲਣ-ਪੋਸ਼ਣ ਹੋ ਸਕੇ।

PunjabKesari

ਤਾਂਤਰਿਕ ਦੇ ਬਹਿਕਾਵੇ ’ਚ ਆ ਕੇ ਇਸ ਹਰਕਤ ਨੂੰ ਅੰਜਾਮ ਤਾਂ ਨਹੀਂ ਦਿੱਤਾ, ਪੁਲਸ ਕਰ ਰਹੀ ਜਾਂਚ
ਪੁਲਸ ਅਜੇ ਵੀ ਰਿਮਾਂਡ ’ਚ ਇਹ ਪਤਾ ਕਰਨ ’ਚ ਲੱਗੀ ਹੋਈ ਹੈ ਕਿ ਕਿਤੇ ਪਤੀ-ਪਤਨੀ ਨੇ ਕਿਸੇ ਤਾਂਤਰਿਕ ਦੇ ਬਹਿਕਾਵੇ ’ਚ ਆ ਕੇ ਇਸ ਹਰਕਤ ਨੂੰ ਅੰਜਾਮ ਤਾਂ ਨਹੀਂ ਦਿੱਤਾ ਹੈ। ਪੁਲਸ ਅਜੇ ਵੀ ਵੱਖ-ਵੱਖ ਥਿਊਰੀ ’ਤੇ ਕੰਮ ਕਰਨ ’ਚ ਲੱਗੀ ਹੋਈ ਹੈ। ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸਿਕੰਦਰ ਸਿੰਘ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਬੇਝਿੱਜਕ ਹੋ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਤਾਂ ਕਿ ਇਲਾਕੇ ’ਚ ਅਜਿਹੀ ਹਰਕਤ ਦੁਬਾਰਾ ਨਾ ਹੋ ਸਕੇ।

PunjabKesari

ਇਹ ਵੀ ਪੜ੍ਹੋ:  ਜਲੰਧਰ 'ਚ ਰੂਹ ਨੂੰ ਕੰਬਾਅ ਦੇਣ ਵਾਲੀ ਵਾਰਦਾਤ, ਟਰੰਕ 'ਚੋਂ ਮਿਲੀਆਂ 3 ਸਕੀਆਂ ਭੈਣਾਂ ਦੀਆਂ ਲਾਸ਼ਾਂ

ਚਾਰਾਂ ਬੱਚਿਆਂ ਦਾ ਧਿਆਨ ਰੱਖਦੀ ਸੀ ਮ੍ਰਿਤਕ ਅੰਮ੍ਰਿਤਾ
ਤਿੰਨੋਂ ਸਕੀਆਂ ਭੈਣਾਂ ’ਚੋਂ ਵੱਡੀ ਭੈਣ ਅੰਮ੍ਰਿਤਾ ਆਪਣੀਆਂ 3 ਛੋਟੀਆਂ ਭੈਣਾਂ ਅਤੇ ਇਕ ਭਰਾ ਦਾ ਦਿਨ-ਰਾਤ ਧਿਆਨ ਰੱਖਦੀ ਸੀ। ਉਨ੍ਹਾਂ ਨੂੰ ਨਹਾਉਣਾ, ਕੱਪੜੇ ਬਦਲਣੇ, ਰੋਟੀ ਬਣਾ ਕੇ ਦੇਣਾ ਅਤੇ ਹੋਰ ਕਈ ਜ਼ਰੂਰਤਾਂ ਦਾ ਧਿਆਨ ਰੱਖਦੀ ਸੀ ਪਰ ਕਲਯੁਗੀ ਮਾਂ-ਪਿਓ ਨੇ ਤਿੰਨੋਂ ਬੱਚੀਆਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਅਤੇ ਦੋਸ਼ੀਆਂ ਦੇ ਮੂੰਹ ’ਤੇ ਸ਼ਿਕਨ ਤੱਕ ਨਹੀਂ ਸੀ। ਮੰਗਲਵਾਰ ਸਵੇਰੇ 2 ਸਾਲਾ ਅਨੁਸ਼ਕਾ ਵੱਡੀ ਭੈਣ ਅੰਮ੍ਰਿਤਾ ਨੂੰ ਯਾਦ ਕਰ ਹੋ ਰਹੀ ਸੀ ਪਰ ਉਸ ਦੀ ਆਵਾਜ਼ ਅੰਮ੍ਰਿਤਾ ਤੱਕ ਨਹੀਂ ਪਹੁੰਚ ਪਾ ਰਹੀ ਸੀ, ਕਿਉਂਕਿ ਉਹ ਇਸ ਦੁਨੀਆ ’ਚ ਨਹੀਂ ਸੀ।

ਜ਼ਿਕਰਯੋਗ ਹੈ ਕਿ ਥਾਣਾ ਮਕਸੂਦਾਂ ਅਧੀਨ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਪਿੰਡ ਕਾਨਪੁਰ ਦੀ ਨਵੀਂ ਆਬਾਦੀ ਵਿਚ 3 ਨਾਬਾਲਗ ਭੈਣਾਂ ਦੀਆਂ ਸਨਸਨੀਖੇਜ਼ ਕਤਲ ਦੀ ਗੁੱਥੀ ਨੂੰ ਸੋਮਵਾਰ ਥਾਣਾ ਮਕਸੂਦਾਂ ਦੀ ਪੁਲਸ ਨੇ ਲਗਭਗ 6 ਘੰਟਿਆਂ ਵਿਚ ਹੀ ਸੁਲਝਾ ਲਿਆ ਸੀ। ਇਨ੍ਹਾਂ ਤਿੰਨਾਂ ਭੈਣਾਂ ਦਾ ਉਨ੍ਹਾਂ ਦੇ ਮਾਤਾ-ਪਿਤਾ ਨੇ ਦੁੱਧ ਵਿਚ ਜ਼ਹਿਰੀਲਾ ਪਦਾਰਥ ਪਿਆ ਕੇ ਕਤਲ ਕੀਤਾ ਅਤੇ ਬਾਅਦ ਵਿਚ ਲਾਸ਼ਾਂ ਨੂੰ ਘਰ ਵਿਚ ਰੱਖੇ ਟਰੰਕ ਵਿਚ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਵਾਸੀ ਜੋੜੇ ਨੇ ਤਿੰਨਾਂ ਬੱਚੀਆਂ ਦੇ ਗੁੰਮ ਹੋਣ ਦਾ ਡਰਾਮਾ ਰਚ ਦਿੱਤਾ ਸੀ। ਬੱਚੀਆਂ ਦੇ ਗੁੰਮ ਹੋਣ ਦੀ ਸੂਚਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪਿੰਡ ਦੇ ਸਰਪੰਚ ਅਤੇ ਮਕਾਨ ਮਾਲਕ ਨੇ ਤਿੰਨਾਂ ਸਕੀਆਂ ਭੈਣਾਂ ਦੀ ਗੁੰਮਸ਼ੁਦਗੀ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਸੀ। ਥਾਣਾ ਮਕਸੂਦਾਂ ਦੀ ਪੁਲਸ ਨੇ ਇਸ ਸਨਸਨੀਖੇਜ਼ ਕਤਲ ਕਾਂਡ ਨੂੰ ਹੱਲ ਕਰਦੇ ਹੋਏ ਜੋੜੇ ਸੁਸ਼ੀਲ ਕੁਮਾਰ ਅਤੇ ਉਸ ਦੀ ਪਤਨੀ ਮੰਜੂ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਮਕਸੂਦਾਂ ਦੀ ਪੁਲਸ ਨੇ ਜੋੜੇ ਸੁਸ਼ੀਲ ਮੰਡਲ ਅਤੇ ਉਸ ਦੀ ਪਤਨੀ ਮੰਜੂ ਦੇਵੀ ਮੂਲ ਨਿਵਾਸੀ ਬਿਹਾਰ, ਹਾਲ ਨਿਵਾਸੀ ਪਿੰਡ ਕਾਨਪੁਰ ਨਵੀਂ ਆਬਾਦੀ ਖ਼ਿਲਾਫ਼ 302, 201 ਅਤੇ 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਜੋੜੇ ਦੇ ਕੁੱਲ 5 ਬੱਚੇ ਸਨ ਅਤੇ ਉਨ੍ਹਾਂ ’ਚੋਂ 3 ਬੱਚੀਆਂ ਦਾ ਮੁਲਜ਼ਮਾਂ ਨੇ ਕਤਲ ਕਰ ਦਿੱਤਾ ਅਤੇ ਬਾਕੀ 2 ਬੱਚੇ ਅਨੁਸ਼ਕਾ (2) ਅਤੇ ਸੰਨੀ (1) ਹਨ, ਜਿਨ੍ਹਾਂ ਨੂੰ ਨਾਰੀ ਨਿਕੇਤਨ ਵਿਚ ਰੱਖੇ ਜਾਣ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਇਨ੍ਹਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਰਵਨੀਤ ਬਿੱਟੂ 'ਤੇ ਬਿਕਰਮ ਮਜੀਠੀਆ ਦਾ ਤੰਜ
 

ਥਾਣਾ ਮਕਸੂਦਾਂ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੱਲਰ ਨੇ ਦੱਸਿਆ ਕਿ ਐਤਵਾਰ ਰਾਤ ਲਗਭਗ 11 ਵਜੇ ਉਨ੍ਹਾਂ ਨੂੰ ਮਾਨ ਐਨਕਲੇਵ ਨਿਵਾਸੀ ਸੁਰਿੰਦਰ ਸਿੰਘ ਨੇ ਸੂਚਨਾ ਦਿੱਤੀ ਕਿ ਪਿੰਡ ਕਾਨਪੁਰ ਦੀ ਨਵੀਂ ਆਬਾਦੀ ਵਿਚ ਰਹਿੰਦੇ ਜੋੜੇ ਦੀਆਂ 3 ਨਾਬਾਲਗ ਧੀਆਂ ਅੰਮ੍ਰਿਤਾ ਕੁਮਾਰੀ (9), ਸਾਕਸ਼ੀ ਕੁਮਾਰੀ (7) ਅਤੇ ਕੰਚਨਾ ਕੁਮਾਰੀ (4) ਸਵੇਰ ਤੋਂ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਗਾਇਬ ਹੋਈਆਂ ਤਿੰਨਾਂ ਭੈਣਾਂ ਦੇ ਮਾਤਾ-ਪਿਤਾ ਨੇ ਸ਼ਰਾਬ ਪੀਤੀ ਹੋਈ ਹੈ। ਇਸ ’ਤੇ ਉਨ੍ਹਾਂ ਨੂੰ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ’ਤੇ ਸਬ-ਇੰਸ. ਮੇਜਰ ਸਿੰਘ ਅਤੇ ਪੁਲਸ ਪਾਰਟੀ ਨੂੰ ਭੇਜਿਆ ਅਤੇ ਤਿੰਨਾਂ ਭੈਣਾਂ ਦੀ ਭਾਲ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਮੇਜਰ ਸਿੰਘ ਨੇ ਸਾਰੀ ਰਾਤ ਪਿੰਡ ਬੁਲੰਦਪੁਰ ਦੀ ਬਰਸਾਤੀ ਡਰੇਨ ਵੱਲ ਅਤੇ ਰਾਏਪੁਰ-ਰਸੂਲਪੁਰ ਦੇ ਸੂਏ ਦੇ ਆਲੇ-ਦੁਆਲੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀਆਂ।

ਜੋੜਾ ਸਾਮਾਨ ਇਕੱਠਾ ਕਰਕੇ ਕਮਰਾ ਛੱਡਣ ਦੀ ਕਰ ਰਿਹਾ ਸੀ ਤਿਆਰੀ
ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਸੋਮਵਾਰ ਸਵੇਰੇ ਲਗਭਗ 6.30 ਵਜੇ ਪੁਲਸ ਸੁਸ਼ੀਲ ਅਤੇ ਮੰਜੂ ਦੇਵੀ ਦੇ ਕਮਰੇ ਵਿਚ ਪੁੱਜੀ ਤਾਂ ਜੋੜਾ ਸਾਮਾਨ ਇਕੱਠਾ ਕਰਕੇ ਕਮਰਾ ਛੱਡਣ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਲੋਹੇ ਦੇ ਟਰੰਕ ਨੂੰ ਜੋੜਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਟਰੰਕ ਭਾਰੀ ਹੋਣ ਕਾਰਨ ਜੋੜੇ ਕੋਲੋਂ ਚੁੱਕਿਆ ਨਹੀਂ ਜਾ ਰਿਹਾ ਸੀ।
ਇੰਨੀ ਸਵੇਰੇ ਕਮਰਾ ਖ਼ਾਲੀ ਕਰਨ ਦੀ ਕੋਸ਼ਿਸ਼ ਨੂੰ ਵੇਖਦਿਆਂ ਮੁਹੱਲਾ ਨਿਵਾਸੀਆਂ ਨੇ ਸ਼ੱਕ ਜ਼ਾਹਰ ਕੀਤਾ ਅਤੇ ਪੁਲਸ ਦੀ ਮੌਜੂਦਗੀ ਵਿਚ ਟਰੰਕ ਨੂੰ ਖੋਲ੍ਹਣ ਲਈ ਕਿਹਾ ਪਰ ਜੋੜਾ ਟਰੰਕ ਖੋਲ੍ਹਣ ਨੂੰ ਲੈ ਕੇ ਬਹਿਸਬਾਜ਼ੀ ਕਰਨ ਲੱਗਾ। ਪੁਲਸ ਨੇ ਜਦੋਂ ਉਕਤ ਟਰੰਕ ਨੂੰ ਖੋਲ੍ਹਿਆ ਤਾਂ ਸਭ ਦੇ ਹੋਸ਼ ਉੱਡ ਗਏ। ਟਰੰਕ ਵਿਚ ਤਿੰਨਾਂ ਭੈਣਾਂ ਦੀਆਂ ਲਾਸ਼ਾਂ ਪਈਆਂ ਸਨ ਅਤੇ ਉਨ੍ਹਾਂ ਦੇ ਮੂੰਹ ਵਿਚੋਂ ਕਾਫ਼ੀ ਝੱਗ ਨਿਕਲ ਰਹੀ ਸੀ। ਪੁਲਸ ਨੇ ਤੁਰੰਤ ਜੋੜੇ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਜਲੰਧਰ ਦੇ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ।

ਜੋੜਾ 5 ਬੱਚਿਆਂ ਦਾ ਨਹੀਂ ਕਰ ਪਾ ਰਿਹਾ ਸੀ ਪਾਲਣ-ਪੋਸ਼ਣ
ਜੋੜੇ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ 5 ਬੱਚਿਆਂ ਦਾ ਪਾਲਣ-ਪੋਸ਼ਣ ਨਹੀਂ ਕਰ ਪਾ ਰਿਹਾ ਸੀ ਕਿਉਂਕਿ ਉਹ ਦੋਵੇਂ ਮਜ਼ਦੂਰੀ ਕਰਦੇ ਹਨ, ਜਿਸ ਕਾਰਨ ਬੱਚਿਆਂ ਦੇ ਖਾਣ-ਪੀਣ ਅਤੇ ਉਨ੍ਹਾਂ ਦਾ ਰੱਖ-ਰਖਾਅ ਨਹੀਂ ਕਰ ਪਾ ਰਹੇ ਸਨ। ਇਸੇ ਕਾਰਨ ਉਨ੍ਹਾਂ ਅੰਮ੍ਰਿਤਾ, ਸ਼ਕਤੀ ਅਤੇ ਕੰਚਨਾ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਐਤਵਾਰ ਲਗਭਗ 7 ਵਜੇ ਸਵੇਰੇ ਦੁੱਧ ਵਿਚ ਜ਼ਹਿਰੀਲਾ ਪਦਾਰਥ ਮਿਲਾ ਕੇ ਪਿਆ ਦਿੱਤਾ।

ਇਹ ਵੀ ਪੜ੍ਹੋ:  9 ਮਹੀਨਿਆਂ ਤੋਂ ਸਾਉਦੀ ਅਰਬ ਦੀ ਜੇਲ੍ਹ ’ਚ ਬੰਦ ਹੈ ਨੂਰਪੁਰਬੇਦੀ ਦਾ ਵਿਅਕਤੀ, ਪਰਿਵਾਰ ਨੇ ਲਾਈ ਗੁਹਾਰ

ਲਾਸ਼ਾਂ ਟਰੰਕ ’ਚ ਬੰਦ ਕਰਕੇ ਪਤੀ-ਪਤਨੀ ਚਲੇ ਗਏ ਸੀ ਮਜ਼ਦੂਰੀ ਕਰਨ
ਜ਼ਹਿਰੀਲਾ ਪਦਾਰਥ ਪੀਣ ਤੋਂ ਬਾਅਦ ਜਦੋਂ ਤਿੰਨੋਂ ਭੈਣਾਂ ਤੜਫਣ ਲੱਗੀਆਂ ਤਾਂ ਜੋੜੇ ਨੇ ਕਮਰੇ ਵਿਚ ਰੱਖੇ ਟਰੰਕ ਵਿਚ ਉਨ੍ਹਾਂ ਨੂੰ ਬੰਦ ਕਰ ਦਿੱਤਾ। ਲਾਸ਼ਾਂ ਨੂੰ ਟਰੰਕ ਵਿਚ ਬੰਦ ਕਰਨ ਤੋਂ ਬਾਅਦ ਦੋਵੇਂ ਮਜ਼ਦੂਰੀ ਕਰਨ ਲਈ ਕੰਮ ’ਤੇ ਚਲੇ ਗਏ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਲਗਭਗ ਰਾਤ 8 ਵਜੇ ਜੋੜਾ ਘਰ ਆਇਆ ਤਾਂ ਮੁਹੱਲਾ ਨਿਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਵੇਰ ਤੋਂ ਉਨ੍ਹਾਂ ਦੀਆਂ ਬੱਚੀਆਂ ਕਿਸੇ ਨੂੰ ਵੀ ਵਿਖਾਈ ਨਹੀਂ ਦਿੱਤੀਆਂ ਹਨ। ਇੰਨਾ ਸੁਣਨ ਤੋਂ ਬਾਅਦ ਵੀ ਜੋੜੇ ਨੇ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਵੇਖਦੇ ਹੋਏ ਮਕਾਨ ਮਾਲਕ ਸੁਰਿੰਦਰ ਸਿੰਘ ਨੇ ਪੁਲਸ ਦੇ ਹੈਲਪਲਾਈਨ ਨੰਬਰ 112 ’ਤੇ ਸੂਚਨਾ ਦਿੱਤੀ ਅਤੇ ਉਸ ਤੋਂ ਬਾਅਦ ਥਾਣਾ ਮਕਸੂਦਾਂ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਜੋੜੇ ਤੋਂ ਪੁੱਛਗਿੱਛ ਸ਼ੁਰੂ ਕੀਤੀ।

5 ਬੱਚਿਆਂ ਦੇ ਪਾਲਣ-ਪੋਸ਼ਣ ’ਚ ਦਿੱਕਤ ਪਰ ਸ਼ਰਾਬ ਦਾ ਸ਼ੌਂਕ ਕਰਦੇ ਸਨ ਪੂਰਾ
ਸੁਸ਼ੀਲ ਕੁਮਾਰ ਅਤੇ ਉਸਦੀ ਪਤਨੀ ਮੰਜੂ ਦੇਵੀ ਨੇ ਪੁਲਸ ਅੱਗੇ ਕਬੂਲ ਕੀਤਾ ਕਿ ਉਹ 5 ਬੱਚਿਆਂ ਦਾ ਪਾਲਣ-ਪੋਸ਼ਣ ਨਹੀਂ ਕਰ ਪਾ ਰਹੇ ਸਨ। ਉਨ੍ਹਾਂ ਦੀ ਹਾਲਤ ਵੀ ਕਾਫ਼ੀ ਖ਼ਰਾਬ ਸੀ, ਜਿਸ ਕਾਰਨ ਕੰਮ ਨੂੰ ਲੈ ਕੇ ਉਹ ਬਿਹਾਰ ਤੋਂ ਜਲੰਧਰ ਨੂੰ ਆ ਗਏ ਪਰ ਇਥੇ ਆਉਣ ਦੇ ਬਾਅਦ ਵੀ ਉਹ ਦੋਵੇਂ ਬੱਚਿਆਂ ਨੂੰ ਪੇਟ ਭਰ ਖਾਣਾ ਨਹੀਂ ਦੇ ਪਾ ਰਹੇ ਸਨ ਪਰ ਇਨ੍ਹਾਂ ਸਾਰੀਆਂ ਗੱਲਾਂ ਨੂੰ ਵੇਖਦੇ ਹੋਏ ਮੁਹੱਲਾ ਵਾਸੀਆਂ ਨੇ ਕਿਹਾ ਕਿ 5 ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿਚ ਜਿਥੇ ਉਨ੍ਹਾਂ ਅਸਮਰੱਥਾ ਦਿਖਾਈ, ਉਥੇ ਹੀ ਉਹ ਰੋਜ਼ਾਨਾ ਸ਼ਰਾਬ ਪੀਂਦੇ ਸਨ।

ਮੈਂ ਆਸਟਰੇਲੀਆ ਗਿਆ ਤਾਂ ਰਿਸ਼ਤੇਦਾਰ ਨੇ ਤਰਸ ਖਾ ਕੇ ਕਿਰਾਏ ’ਤੇ ਦਿੱਤਾ ਸੀ ਕਮਰਾ: ਮਕਾਨ ਮਾਲਕ
ਸਵੇਰੇ ਵਾਰਦਾਤ ਬਾਰੇ ਪਤਾ ਲੱਗਦੇ ਹੀ ਦਿਹਾਤੀ ਦੇ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ, ਮਨਪ੍ਰੀਤ ਸਿੰਘ ਢਿੱਲੋਂ ਐੱਸ. ਪੀ. ਡੀ. ਅਤੇ ਕਰਤਾਰਪੁਰ ਦੇ ਡੀ. ਐੱਸ. ਪੀ. ਬਲਬੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਮੌਕੇ ’ਤੇ ਪਹੁੰਚਦੇ ਹੀ ਉਨ੍ਹਾਂ ਮਕਾਨ ਮਾਲਕ ਸੁਰਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ 4 ਮਹੀਨੇ ਪਹਿਲਾਂ ਆਸਟਰੇਲੀਆ ਗਏ ਸਨ। ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਤਰਸ ਖਾ ਕੇ ਉਕਤ ਜੋੜੇ ਨੂੰ ਕਮਰਾ ਕਿਰਾਏ ’ਤੇ ਦਿੱਤਾ ਸੀ ਪਰ ਉਹ ਵਾਪਸ ਭਾਰਤ ਆਏ ਤਾਂ ਉਨ੍ਹਾਂ ਬੱਚਿਆਂ ਦੀ ਦੇਖ-ਰੇਖ ਨੂੰ ਦੇਖਦਿਆਂ ਜੋੜੇ ਨੂੰ ਕਮਰਾ ਖ਼ਾਲੀ ਕਰਨ ਲਈ ਕਹਿ ਦਿੱਤਾ ਸੀ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News