6 ਸਾਲਾ ਉਦੈਵੀਰ ਨੂੰ ਕਤਲ ਕਰਨ ਵਾਲੇ ਤਿੰਨ ਕਾਤਲ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ

Saturday, Mar 18, 2023 - 01:19 PM (IST)

6 ਸਾਲਾ ਉਦੈਵੀਰ ਨੂੰ ਕਤਲ ਕਰਨ ਵਾਲੇ ਤਿੰਨ ਕਾਤਲ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ

ਮਾਨਸਾ : ਉਦੈਵੀਰ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਾਨਸਾ ਪੁਲਸ ਨੇ ਹਰਉਦੈਵੀਰ ਨੂੰ ਮਾਰਨ ਵਾਲੇ 3 ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਨਸਾ ਦੇ ਐੱਸ. ਐੱਸ. ਪੀ. ਨਾਨਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਉਕਤ ਵਿਅਕਤੀਆਂ ਕੋਲੋਂ ਵਾਰਦਾਤ ਸਮੇਂ ਵਰਤੀ ਪਿਸਤੌਲ, ਮੋਟਰਸਾਈਕਲ ਅਤੇ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਰੰਜਿਸ਼ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਸੇਵਕ ਸਿੰਘ ਨਾਂ ਦਾ ਵਿਅਕਤੀ ਹਰਉਦੈਵੀਰ ਦੇ ਗੁਆਂਢ ਰਹਿੰਦੇ ਬਲਬੀਰ ਸਿੰਘ ਦੇ ਘਰ ਸੀਰੀ ਵੱਜੋਂ ਕੰਮ ਕਰਦਾ ਸੀ ਤੇ ਉਹ ਬਲਬੀਰ ਸਿੰਘ ਦੀ 12 ਸਾਲਾ ਪੋਤੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਜਿਸ 'ਤੇ ਉਦੈਵੀਰ ਦੇ ਪਿਤਾ ਜਸਪ੍ਰੀਤ ਸਿੰਘ ਨੇ ਉਸ ਨੂੰ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਸੇਵਕ ਸਿੰਘ, ਅੰਮ੍ਰਿਤ ਸਿੰਘ ਤੇ ਚੰਨੀ ਨੇ ਜਸਪ੍ਰੀਤ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ। 

ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀ ਕਾਂਡ : ਹੁਣ ਸਾਬਕਾ IG ਉਮਰਾਨੰਗਲ ਨੇ ਅਦਾਲਤ 'ਚ ਦਾਇਰ ਕੀਤੀ ਅਗਾਊਂ ਜ਼ਮਾਨਤ ਅਰਜ਼ੀ

ਇਸ ਦੌਰਾਨ ਜਦੋਂ ਉਹ ਜਸਪ੍ਰੀਤ ਸਿੰਘ 'ਤੇ ਫਾਇਰਿੰਗ ਕਰਨ ਗਏ ਤਾਂ ਗੋਲ਼ੀ ਉਦੈਵੀਰ ਸਿੰਘ ਦੇ ਲੱਗ ਗਈ ਤੇ ਉਸਦੀ ਮੌਤ ਹੋ ਗਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਅੰਮ੍ਰਿਤ ਸਿੰਘ 'ਤੇ ਪਹਿਲਾਂ ਹੀ 4 ਮਾਮਲੇ ਦਰਜ ਹਨ,ਜਿਨ੍ਹਾਂ ਵਿੱਚੋਂ 2 'ਚ ਸਜ਼ਾ ਵੀ ਕੱਟ ਚੁੱਕਿਆ ਹੈ। ਪੁਲਸ ਨੇ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਖ਼ਿਲਾਫ਼ 302 ਤੇ 307 ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ- ਸਿੰਥੈਟਿਕ ਡਰੱਗ ਮਾਮਲਾ : ਪੈਰੋਲ ਤੋਂ ਬਾਅਦ ਮਾਂ ਨੂੰ ਹਸਪਤਾਲ ਮਿਲਣ ਪਹੁੰਚੇ ਜਗਦੀਸ਼ ਭੋਲਾ

ਜ਼ਿਕਰਯੋਗ ਹੈ ਕਿ ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿਖੇ 6 ਸਾਲਾ ਮਾਸੂਮ ਮੁੰਡੇ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਵੀਰਵਾਰ ਰਾਤ ਕਰੀਬ 9 ਵਜੇ ਦੀ ਹੈ। ਪਿੰਡ ਕੋਟਲੀ ਕਲਾ ਦੇ ਕਿਸਾਨ ਜਸਪ੍ਰੀਤ ਸਿੰਘ ਰਾਤ ਵੇਲੇ ਆਪਣੇ ਚਾਚਾ ਦੇ ਘਰ ਖੇਡਣ ਗਏ ਆਪਣੇ ਦੋ ਬੱਚਿਆਂ ਨੂੰ ਲੈ ਕੇ ਘਰ ਆ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਵਿਅਕਤੀ ਹਥਿਆਰ ਲੈ ਕੇ ਆਏ ਤੇ ਉਨ੍ਹਾਂ ਜਸਪ੍ਰੀਤ ਸਿੰਘ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ਵਿਚ ਹਰਉਦੈਵੀਰ ਸਿੰਘ (6 ਸਾਲ) ਦੀ ਮੌਤ ਹੋ ਗਈ ਜਦਕਿ 10 ਸਾਲਾ ਨਵਸੀਰਤ ਕੌਰ ਨੂੰ ਗੋਲ਼ੀ ਦੇ ਛੱਰੇ ਲੱਗੇ। ਹਰਉਦੈਵੀਰ ਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਨਵਸੀਰਤ ਕੌਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News