ਤਾਂਤਰਿਕ ਔਰਤ ਵਲੋਂ ਸਾਥਣ ਦੇ ਪਤੀ ਦੇ ਕਤਲ ਮਾਮਲੇ ''ਚ 3 ਹੋਰ ਲੋਕ ਗ੍ਰਿਫ਼ਤਾਰ

Wednesday, Nov 27, 2024 - 12:24 PM (IST)

ਤਾਂਤਰਿਕ ਔਰਤ ਵਲੋਂ ਸਾਥਣ ਦੇ ਪਤੀ ਦੇ ਕਤਲ ਮਾਮਲੇ ''ਚ 3 ਹੋਰ ਲੋਕ ਗ੍ਰਿਫ਼ਤਾਰ

ਤਲਵੰਡੀ ਸਾਬੋ (ਮੁਨੀਸ਼) : ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ’ਚ ਤਾਂਤਰਿਕ ਵਜੋਂ ਕੰਮ ਕਰਦੀ ਇੱਕ ਔਰਤ ਵੱਲੋਂ ਆਪਣੀ ਸਾਥਣ ਨਾਲ ਸਬੰਧਾਂ ’ਚ ਰੁਕਾਵਟ ਬਣਦੇ ਜਾ ਰਹੇ ਸਾਥਣ ਦੇ ਪਤੀ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਵਿਹੜੇ ’ਚ ਹੀ ਦੱਬ ਦਿੱਤਾ ਗਿਆ। ਇਸ ਮਾਮਲੇ ’ਚ ਤਲਵੰਡੀ ਸਾਬੋ ਪੁਲਸ ਨੇ ਤਿੰਨ ਹੋਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਤਾਂਤਰਿਕ ਔਰਤ ਅਤੇ ਮ੍ਰਿਤਕ ਨੌਜਵਾਨ ਦੀ ਪਤਨੀ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦੱਸਣਾ ਬਣਦਾ ਹੈ ਕਿ 18 ਨਵੰਬਰ ਨੂੰ ਲਾਪਤਾ ਤਲਵੰਡੀ ਸਾਬੋ ਦੇ ਨੌਜਵਾਨ ਬਲਵੀਰ ਸਿੰਘ ਦੀ ਗੁੰਮਸ਼ੁਦਗੀ ਦੀ ਜਾਂਚ ਦੌਰਾਨ ਤਲਵੰਡੀ ਸਾਬੋ ਪੁਲਸ ਨੇ ਪਿੰਡ ਗਾਟਵਾਲੀ ਦੀ ਇੱਕ ਔਰਤ ਤਾਂਤਰਿਕ ਗੁਰਪ੍ਰੀਤ ਕੌਰ ਅਤੇ ਮ੍ਰਿਤਕ ਦੀ ਪਤਨੀ ਸੁਖਵੀਰ ਕੌਰ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਸੀ ਅਤੇ ਪੁੱਛਗਿੱਛ ਦੌਰਾਨ ਤਾਂਤਰਿਕ ਔਰਤ ਨੇ ਬਲਵੀਰ ਸਿੰਘ ਦਾ ਕਤਲ ਕਰ ਕੇ ਲਾਸ਼ ਘਰ ਦੇ ਪਿਛਲੇ ਵਿਹੜੇ ’ਚ ਦੱਬ ਦੇਣ ਦੀ ਗੱਲ ਕਬੂਲੀ ਸੀ।

ਪੁਲਸ ਨੇ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਮ੍ਰਿਤਕ ਬਲਵੀਰ ਸਿੰਘ ਦੀ ਲਾਸ਼ ਨੂੰ ਪਿੰਡ ਗਾਟਵਾਲੀ ਦੇ ਇੱਕ ਘਰ ਦੇ ਵਿਹੜੇ ’ਚੋਂ ਬਰਾਮਦ ਕਰਕੇ ਮ੍ਰਿਤਕ ਦੇ ਭਰਾ ਪ੍ਰਲਾਦ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਦਿਆਂ ਮ੍ਰਿਤਕ ਦੀ ਪਤਨੀ ਸੁਖਵੀਰ ਕੌਰ ਵਾਸੀ ਤਲਵੰਡੀ ਸਾਬੋ, ਤਾਂਤਰਿਕ ਗੁਰਪ੍ਰੀਤ ਕੌਰ ਅਤੇ ਤਾਂਤਰਿਕ ਦੀ ਮਾਸੀ ਵੀਰਪਾਲ ਕੌਰ ਵਾਸੀਆਨ ਗਾਟਵਾਲੀ, ਤਾਂਤਰਿਕ ਦਾ ਪਿਤਾ ਲੀਲਾ ਸਿੰਘ ਅਤੇ ਤਾਂਤਰਿਕ ਦੇ ਪਤੀ ਕੁਲਵਿੰਦਰ ਸਿੰਘ ਵਾਸੀਆਨ ਨੌਰੰਗ (ਹਰਿਆਣਾ) ਨੂੰ ਨਾਮਜ਼ਦ ਕਰ ਲਿਆ ਸੀ।

ਪੁਲਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਸੁਖਵੀਰ ਕੌਰ ਅਤੇ ਤਾਂਤਰਿਕ ਗੁਰਪ੍ਰੀਤ ਕੌਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ, ਉੱਥੇ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਚਲਾਏ ਜ਼ੋਰਦਾਰ ਅਭਿਆਨ ਦੌਰਾਨ ਪੁਲਸ ਨੂੰ ਉਦੋਂ ਸਫ਼ਲਤਾ ਮਿਲੀ, ਜਦੋਂ ਪੁਲਸ ਨੇ ਬਾਕੀ ਤਿੰਨੇ ਕਥਿਤ ਦੋਸ਼ੀਆਂ, ਤਾਂਤਰਿਕ ਦੀ ਮਾਸੀ ਵੀਰਪਾਲ ਕੌਰ, ਤਾਂਤਰਿਕ ਦੇ ਪਿਤਾ ਲੀਲਾ ਸਿੰਘ ਅਤੇ ਤਾਂਤਰਿਕ ਦੇ ਪਤੀ ਕੁਲਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਇੰਸਪੈਕਟਰ ਸਰਬਜੀਤ ਕੌਰ ਨੇ ਗੱਲ ਕਰਦਿਆਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਮਿਲਣ ’ਤੇ ਉਨ੍ਹਾਂ ਤੋਂ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।
 


author

Babita

Content Editor

Related News