ਚੋਰੀਸ਼ੁਦਾ ਮੋਟਰਸਾਈਕਲ ''ਤੇ ਸਨੈਚਿੰਗ ਕਰਨ ਵਾਲੇ 3 ਗ੍ਰਿਫਤਾਰ

Thursday, Aug 03, 2017 - 05:50 AM (IST)

ਚੋਰੀਸ਼ੁਦਾ ਮੋਟਰਸਾਈਕਲ ''ਤੇ ਸਨੈਚਿੰਗ ਕਰਨ ਵਾਲੇ 3 ਗ੍ਰਿਫਤਾਰ

ਲੁਧਿਆਣਾ,   (ਰਿਸ਼ੀ)-  5 ਸਾਲ ਪਹਿਲਾਂ ਚੋਰੀ ਕੀਤੇ ਮੋਟਰਸਾਈਕਲ 'ਤੇ ਜਾਅਲੀ ਨੰਬਰ ਪਲੇਟ ਲਾ ਕੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਸਨੈਚਰਾਂ ਨੂੰ ਚੌਕੀ ਸੁੰਦਰ ਨਗਰ ਦੀ ਪੁਲਸ ਵੱਲੋਂ ਗ੍ਰਿਫਤਾਰ ਕਰ ਕੇ ਥਾਣਾ ਦਰੇਸੀ 'ਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਦਾ ਦੋਸ਼ੀਆਂ ਦੇ ਕੋਲੋਂ 9 ਮੋਬਾਇਲ ਫੋਨ, ਤੇਜ਼ਧਾਰ ਹਥਿਆਰ ਅਤੇ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਇਆ ਹੈ।
ਜਾਣਕਾਰੀ ਦਿੰਦੇ ਚੌਕੀ ਮੁਖੀ ਗੁਰਜੀਤ ਸਿੰਘ ਮੁਤਾਬਕ ਫੜੇ ਗਏ ਸਨੈਚਰਾਂ ਦੀ ਪਛਾਣ ਮਨਵੀਰ ਸਿੰਘ ਨਿਵਾਸੀ ਰਾਹੋਂ ਰੋਡ, ਗੁਰਪ੍ਰੀਤ ਸਿੰਘ ਨਿਵਾਸੀ ਮੇਹਰਬਾਨ ਅਤੇ ਅਤੁਲ ਨਿਵਾਸੀ ਬੰਦਾ ਬਹਾਦਰ ਕਾਲੋਨੀ ਦੇ ਰੂਪ ਵਿਚ ਹੋਈ ਹੈ, ਜਦੋਂਕਿ ਕਰਨ ਕਪੂਰ ਨਿਵਾਸੀ ਵਿਸ਼ਾਲ ਕਾਲੋਨੀ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ  ਹੈ। ਪੁਲਸ ਨੇ ਮੰਗਲਵਾਰ ਨੂੰ ਸੂਚਨਾ ਦੇ ਆਧਾਰ 'ਤੇ ਬੰਬੇ ਡਾਇੰਗ ਦੇ ਕੋਲੋਂ ਉਦੋਂ ਗ੍ਰਿਫਤਾਰ ਕੀਤਾ ਜਦੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ। ਪੁਲਸ ਮੁਤਾਬਕ ਮਲਵੀਰ ਦੇ ਖਿਲਾਫ ਬਸਤੀ ਜੋਧੇਵਾਲ ਵਿਚ ਲੁੱਟ-ਖੋਹ ਦਾ ਕੇਸ ਦਰਜ ਹੈ, ਜਦੋਂਕਿ ਫਰਾਰ ਦੋਸ਼ੀ ਦੇ ਖਿਲਾਫ ਵੀ 2 ਪਰਚੇ ਦਰਜ ਹਨ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਸੁੰਦਰ ਨਗਰ, ਦੌਲਤ ਕਾਲੋਨੀ, ਸੁਭਾਸ਼ ਨਗਰ, ਕੈਲਾਸ਼ ਨਗਰ ਰੋਡ, ਇਲਾਕੇ ਵਿਚ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।


Related News