ਨਸ਼ੇ ਵਾਲੇ ਪਦਾਰਥਾਂ ਸਮੇਤ 3 ਕਾਬੂ
Saturday, Mar 10, 2018 - 07:55 AM (IST)
ਸ੍ਰੀ ਮੁਕਤਸਰ ਸਾਹਿਬ/ਕੋਟਕਪੂਰਾ/ਗਿੱਦੜਬਾਹਾ (ਪਵਨ, ਦਰਦੀ, ਨਰਿੰਦਰ, ਭਾਵਿਤ, ਸੰਧਿਆ) - ਪੁਲਸ ਨੇ ਵੱਖ-ਵੱਖ ਮਾਮਲਿਆਂ 'ਚ ਨਸ਼ੇ ਵਾਲੇ ਪਦਾਰਥਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਦੀਆਂ ਹਦਾਇਤਾਂ 'ਤੇ ਪੁਲਸ ਵੱਲੋਂ ਜ਼ਿਲੇ 'ਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਮਹਿੰਮ ਤਹਿਤ ਥਾਣਾ ਬਰੀਵਾਲਾ ਪੁਲਸ ਨੇ ਗਸ਼ਤ ਦੌਰਾਨ 1610 ਨਸ਼ੇ ਵਾਲੀਆਂ ਗੋਲੀਆਂ ਅਤੇ ਇਕ ਸ਼ੀਸ਼ੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਬਰੀਵਾਲਾ ਦੇ ਇੰਚਾਰਜ ਦਵਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਸ਼ਮਸ਼ੇਰ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਸਮੇਤ ਪਿੰਡ ਸਰਾਏਨਾਗਾ ਤੋਂ ਪਿੰਡ ਹਰੀਕੇ ਕਲਾਂ ਰੋਡ 'ਤੇ ਗਸ਼ਤ ਕਰ ਰਹੀ ਸੀ ਅਤੇ ਜਦੋਂ ਪੁਲਸ ਪਾਰਟੀ ਪਿੰਡ ਹਰੀਕੇ ਕਲਾਂ ਸਥਿਤ ਸੇਮ ਨਾਲੇ ਦੇ ਪੁਲ 'ਤੇ ਮੌਜੂਦ ਸੀ ਤਾਂ ਪਿੰਡ ਸੂਰੇਵਾਲਾ ਵਾਲਿਆਂ ਪਾਸਿਓਂ ਸੜਕ 'ਤੇ ਇਕ ਪੈਦਲ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉਸਨੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ। ਜਦੋਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਸਦੇ ਹੱਥ ਵਿਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 1610 ਨਸ਼ੇ ਵਾਲੀਆਂ ਗੋਲੀਆਂ ਅਤੇ ਇਕ ਸ਼ੀਸ਼ੀ ਬਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ ਕਾਬੂ ਦੋਸ਼ੀ ਦੀ ਪਛਾਣ ਮਨਦੀਪ ਸਿੰਘ ਉਰਫ਼ ਹੈਰੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਹਰੀਕੇ ਕਲਾਂ ਵਜੋਂ ਹੋਈ ਹੈ, ਜਿਸ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਧਰ, ਕੋਟਕਪੂਰਾ ਵਿਖੇ ਥਾਣਾ ਸਦਰ ਪੁਲਸ ਨੇ ਇਕ ਵਿਅਕਤੀ ਨੂੰ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਦੇਵੀਵਾਲਾ ਅਤੇ ਸਿਰਸੜੀ ਨੂੰ ਜਾ ਰਹੇ ਸੀ ਕਿ ਇਸ ਦੌਰਾਨ ਜਦ ਪੁਲਸ ਪਾਰਟੀ ਪੁਲ ਸੂਆ ਸਿਰਸੜੀ ਰੋਡ ਦੇਵੀਵਾਲਾ ਪੁੱਜੀ ਤਾਂ ਸਾਹਮਣੇ ਤੋਂ ਆ ਰਿਹਾ ਮੋਨਾ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਇਕ ਦਮ ਪਿੱਛੇ ਨੂੰ ਮੁੜਨ ਲੱਗਾ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਉਸ ਤੋਂ 410 ਨਸ਼ੇ ਵਾਲੀ ਗੋਲੀਆਂ ਬਰਾਮਦ ਹੋਈਆਂ, ਜਿਸ ਬਾਰੇ ਉਹ ਕੋਈ ਲਾਇਸੈਂਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ।
ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਜਸਕਰਨ ਸਿੰਘ ਵਾਸੀ ਭਾਣਾ ਖਿਲਾਫ਼ ਐੱਨ. ਡੀ. ਪੀ. ਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।
ਓਧਰ, ਗਿੱਦੜਬਾਹਾ ਵਿਖੇ ਪੁਲਸ ਨੇ ਗਸ਼ਤ ਦੌਰਾਨ 300 ਨਸ਼ੇ ਵਾਲੀ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਗੁਰਦੀਪ ਸਿੰਘ ਨੇ ਗਸ਼ਤ ਦੌਰਾਨ ਗੁਪਤ ਸੂਚਨਾ ਮਿਲਣ 'ਤੇ ਕਥਿਤ ਦੋਸ਼ੀ ਕਾਕਾ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਥੇਹੜੀ ਨੂੰ ਕਾਬੂ ਕਰ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 300 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
