ਹਥਿਆਰਾਂ ਨਾਲ ਲੈਸ 3 ਮੁਲਜ਼ਮਾਂ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕੀਤਾ ਕਾਬੂ
Sunday, Apr 14, 2024 - 12:44 PM (IST)
ਡੇਰਾਬੱਸੀ (ਅਨਿਲ) : ਡੇਰਾਬੱਸੀ ਪੁਲਸ ਨੇ 3 ਨੌਜਵਾਨਾਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਪੁਲਸ ਨੇ ਨਾਕਾਬੰਦੀ ਦੇ ਦੌਰਾਨ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ 'ਚੋਂ ਦੋ 32 ਬੋਰ ਪਿਸਤੌਲ, ਇਕ 12 ਬੋਰ ਦੀ ਬੰਦੂਕ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ। ਮੁਲਜ਼ਮਾਂ ਦੀ ਪਛਾਣ ਹਰਸ਼ਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਰਾਜਵੀਰ ਸਿੰਘ ਉਰਫ਼ ਭੀਮ ਪੁੱਤਰ ਲੇਟ ਸੋਹਣ ਲਾਲ ਵਾਸੀ ਪਿੰਡ ਜਟਵੜ ਜ਼ਿਲ੍ਹਾ ਅੰਬਾਲਾ ਅਤੇ ਇਕ ਅਣਪਛਾਤੇ ਸਾਥੀ ਵਜੋਂ ਹੋਈ ਹੈ।
ਜਿਨ੍ਹਾਂ ਦੇ ਖ਼ਿਲਾਫ਼ ਪੁਲਸ ਨੇ ਚੋਰੀ, ਜਾਅਲੀ ਸਟੈਂਪ, ਜਾਅਲੀ ਨੰਬਰ ਪਲੇਟ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਡੇਰਾਬੱਸੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਅੰਬਾਲਾ ਤੋਂ ਚੋਰੀ ਦੇ ਮੋਟਰਸਾਈਕਲ ’ਤੇ ਡੇਰਾਬੱਸੀ ਆ ਰਹੇ ਹਨ। ਉਨ੍ਹਾਂ ਨੂੰ ਨਾਕਾਬੰਦੀ ਕਰ ਕੇ ਕਾਬੂ ਕਰ ਲਿਆ ਗਿਆ। ਪੁਲਸ ਫਿਲਹਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਦੇ ਅਪਰਾਧਿਕ ਪਿਛੋਕੜ, ਬਰਾਮਦ ਹਥਿਆਰਾਂ ਨਾਲ ਕੀਤੀਆਂ ਵਾਰਦਾਤਾਂ ਅਤੇ ਗਿਰੋਹ ਵਿੱਚ ਹੋਰ ਕਿੰਨੇ ਮੈਂਬਰ ਸ਼ਾਮਲ ਹਨ, ਉਸ ਬਾਰੇ ਪਤਾ ਲਗਾਏਗੀ।