ਨਵੰਬਰ ਮਹੀਨੇ ’ਚ ਟਿਕਟ ਚੈਕਿੰਗ ਰਾਹੀਂ 3.52 ਕਰੋੜ ਰੁਪਏ ਵਸੂਲਿਆ ਜੁਰਮਾਨਾ

Monday, Dec 02, 2024 - 10:31 PM (IST)

ਅੰਮ੍ਰਿਤਸਰ, ਜੈਤੋ (ਜਸ਼ਨ, ਪਰਾਸ਼ਰ) - ਫ਼ਿਰੋਜ਼ਪੁਰ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਵੱਲੋਂ ਨਵੰਬਰ 2024 ਦੌਰਾਨ ਰੇਲ ਗੱਡੀਆਂ ਵਿੱਚ ਟਿਕਟਾਂ ਦੀ ਚੈਕਿੰਗ ਦੌਰਾਨ ਕੁੱਲ 39,726 ਰੇਲਵੇ ਯਾਤਰੀਆਂ ਤੋਂ ਬਿਨਾਂ ਟਿਕਟ ਸਫ਼ਰ ਕਰਨ ਜਾਂ ਅਨਿਯਮਿਤ ਤੌਰ ’ਤੇ ਸਫ਼ਰ ਕਰਦੇ ਪਾਏ ਜਾਣ ’ਤੇ ਕੁੱਲ 3.52 ਕਰੋੜ ਰੁਪਏ ਜੁਰਮਾਨਾ ਵਸੂਲਿਆ ਗਿਆ। ਰੇਲਵੇ ਅਧਿਕਾਰੀਆਂ ਨੇ ਰੇਲ ਗੱਡੀਆਂ ਵਿੱਚ ਯਾਤਰੀਆਂ ਦੇ ਅਣਅਧਿਕਾਰਤ ਦਾਖਲੇ ਨੂੰ ਰੋਕਣ ਲਈ ਲਗਾਤਾਰ ਅਚਨਚੇਤ ਟਿਕਟ ਚੈਕਿੰਗ ਮੁਹਿੰਮਾਂ ਵੀ ਚਲਾਈਆਂ, ਜਿਸ ਵਿੱਚ ਯਾਤਰੀਆਂ ਨੂੰ ਸਹੀ ਟਿਕਟਾਂ ਨਾਲ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਦੀ ਸਲਾਹ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਦੇ ਸੀਨੀਅਰ ਡੀ. ਸੀ. ਐੱਮ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ’ਤੇ ਕੂੜਾ ਨਾ ਸੁੱਟਣ ਅਤੇ ਉਨ੍ਹਾਂ ਨੂੰ ਸਾਫ਼-ਸਫ਼ਾਈ ਸਬੰਧੀ ਜਾਗਰੂਕ ਕਰਨ ਲਈ ਲਗਾਤਾਰ ਡਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਚੈਕਿੰਗ ਕੀਤੀ ਜਾਂਦੀ ਹੈ। ਨਤੀਜੇ ਵਜੋਂ, ਨਵੰਬਰ ਮਹੀਨੇ ਵਿੱਚ, ਸਟੇਸ਼ਨ ਕੰਪਲੈਕਸ ਵਿੱਚ ਕੂੜਾ ਸੁੱਟਣ ਲਈ 431 ਯਾਤਰੀਆਂ ਤੋਂ ਸਟੇਸ਼ਨ ਕੰਪਲੈਕਸ ਵਿਚ ਗੰਦਗੀ ਫੈਲਾਉਣ ਕਾਰਨ (ਐਂਟੀ ਲਿਟਰਿੰਗ ਐਕਟ) 63,300 ਰੁਪਏ ਦੀ ਵਸੂਲੀ ਕੀਤੀ ਗਈ।

ਡਵੀਜ਼ਨਲ ਡੀ. ਆਰ. ਐੱਮ ਸੰਜੇ ਸਾਹੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਿੱਚ ਸੁਧਾਰ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯਾਤਰੀ ਬਿਨਾਂ ਟਿਕਟ ਯਾਤਰਾ ਨਾ ਕਰੇ। ਡਵੀਜ਼ਨਲ ਸੀਨੀਅਰ ਡੀ. ਐੱਸ. ਐੱਮ (ਡਵੀਜ਼ਨਲ ਕਮਰਸ਼ੀਅਲ ਮੈਨੇਜਰ) ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਫ਼ਿਰੋਜ਼ਪੁਰ ਡਵੀਜ਼ਨ ਦਾ ਟਿਕਟ ਚੈਕਿੰਗ ਸਟਾਫ਼ ਰੇਲਵੇ ਮਾਲੀਆ ਵਧਾਉਣ ਦੇ ਨਾਲ-ਨਾਲ ਯਾਤਰੀਆਂ ਦੀ ਮਦਦ ਕਰ ਕੇ ਸਮਾਜਿਕ ਫਰਜ਼ ਵੀ ਨਿਭਾਉਂਦਾ ਹੈ, ਜਿਸ ਨਾਲ ਰੇਲਵੇ ਕਰਮਚਾਰੀ ਸ਼ਲਾਘਾਯੋਗ ਕੰਮ ਕਰ ਰਹੇ ਹਨ ਸਮੇਂ-ਸਮੇਂ ’ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।
 


Inder Prajapati

Content Editor

Related News