ਕੋਵਿਡ-19 : ਟ੍ਰਾਈਸਿਟੀ ਚੰਡੀਗੜ੍ਹ ''ਚ 28 ਲੋਕ ਕੋਰੋਨਾ ਪਾਜ਼ੇਟਿਵ

Monday, Jun 15, 2020 - 01:17 AM (IST)

ਕੋਵਿਡ-19 : ਟ੍ਰਾਈਸਿਟੀ ਚੰਡੀਗੜ੍ਹ ''ਚ 28 ਲੋਕ ਕੋਰੋਨਾ ਪਾਜ਼ੇਟਿਵ

ਚੰਡੀਗੜ੍ਹ/ਮੋਹਾਲੀ/ਕੁਰਾਲੀ/ਡੇਰਾ ਬੱਸੀ, (ਪਾਲ, ਪਰਦੀਪ, ਬਠਲਾ, ਅਨਿਲ)- ਐਤਵਾਰ ਨੂੰ ਟ੍ਰਾਈਸਿਟੀ 'ਚ 28 ਕੋਰੋਨਾ ਮਰੀਜ਼ਾਂ ਦੀ ਦੀ ਪੁਸ਼ਟੀ ਹੋਈ ਹੈ। ਸਭ ਤੋਂ ਜ਼ਿਆਦਾ ਕੇਸ ਮੋਹਾਲੀ ਜ਼ਿਲੇ 'ਚੋਂ ਆਏ ਹਨ। ਇਥੇ ਇਕ ਦਿਨ 'ਚ 16 ਨਵੇਂ ਕੇਸ ਰਿਪੋਰਟ ਹੋਏ ਹਨ। ਪੰਚਕੂਲਾ 'ਚ 9 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਦਕਿ ਚੰਡੀਗੜ੍ਹ 'ਚ ਐਤਵਾਰ ਨੂੰ 3 ਹੀ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਚਿੰਤਾ ਦਾ ਵਿਸ਼ਾ ਇਹ ਹੈ ਕਿ ਇਨ੍ਹਾਂ 'ਚ ਇਕ 9 ਸਾਲ ਦੀ ਬੱਚੀ ਕਾਲੋਨੀ ਨੰਬਰ 4 ਦੀ ਹੈ, ਜਦਕਿ ਇਥੋਂ 2 ਦਿਨ ਪਹਿਲਾਂ ਇਕ ਗਰਭਵਤੀ ਔਰਤ ਪਾਜ਼ੇਟਿਵ ਆਈ ਸੀ। ਹੁਣ ਬਾਪੂਧਾਮ ਤੋਂ ਬਾਅਦ ਸ਼ਹਿਰ ਦੇ ਸਭ ਤੋਂ ਵੱਡੇ ਸਲੱਮ ਏਰੀਆ ਕਾਲੋਨੀ ਨੰਬਰ 4 'ਚ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਵਧ ਗਿਆ ਹੈ। ਦਿੱਲੀ ਦੀ ਰਹਿਣ ਵਾਲੀ 9 ਸਾਲਾ ਬੱਚੀ ਦੋ ਦਿਨ ਪਹਿਲਾਂ ਪਾਜ਼ੇਟਿਵ ਆਈ ਔਰਤ ਨਾਲ ਜੀ. ਐੱਮ. ਐੱਸ. ਐੱਚ.-16 ਗਈ ਸੀ। ਔਰਤ ਹਸਪਤਾਲ 'ਚੋਂ ਟੈਸਟ ਉਪਰੰਤ ਭੱਜ ਗਈ ਸੀ। ਬਾਅਦ 'ਚ ਉਸ ਨੂੰ ਫੜ੍ਹ ਕੇ ਦਾਖਲ ਕੀਤਾ ਗਿਆ ਸੀ ਅਤੇ ਉਹ ਏਰੀਆ ਵੀ ਸੀਲ ਕਰ ਦਿੱਤਾ ਗਿਆ ਸੀ, ਜਿੱਥੇ ਔਰਤ ਦਾ ਭਰਾ ਰਹਿੰਦਾ ਸੀ।

'ਦੂਜਾ ਬਾਪੂਧਾਮ' ਬਣ ਸਕਦੈ ਕਾਲੋਨੀ ਨੰਬਰ 4
ਕਾਲੋਨੀ ਨੰਬਰ 4 ਦਾ ਏਰੀਆ ਬਹੁਤ ਛੋਟਾ ਅਤੇ ਕੰਜਸਟਡ ਹੈ। ਅਜਿਹੇ 'ਚ ਸੋਸ਼ਲ ਡਿਸਟੈਂਸਿੰਗ ਬਹੁਤ ਮੁਸ਼ਕਲ ਹੈ। ਡਾਕਟਰਾਂ ਮੁਤਾਬਿਕ ਜੇਕਰ ਇਥੇ ਵਾਇਰਸ ਫੈਲ ਗਿਆ ਤਾਂ ਇਸ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ।

ਖੁੱਡਾ ਅਲੀਸ਼ੇਰ ਤੋਂ 2 ਕੇਸ
ਖੁੱਡਾ ਅਲੀਸ਼ੇਰ ਤੋਂ ਐਤਵਾਰ ਨੂੰ 2 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਦੋਵੇਂ ਮਰੀਜ਼ 9 ਜੂਨ ਨੂੰ ਉੱਤਰ ਪ੍ਰਦੇਸ਼ ਤੋਂ ਵਾਪਸ ਆਏ ਸਨ। ਇਸ ਤੋਂ ਬਾਅਦ 11 ਜੂਨ ਨੂੰ ਉਨ੍ਹਾਂ 'ਚ ਕੋਰੋਨਾ ਦੇ ਲੱਛਣ ਆਏ। ਦੋਵੇਂ ਮਰੀਜ਼ ਵਿਆਹ 'ਚ ਸ਼ਾਮਲ ਹੋਣ ਯੂ. ਪੀ. ਗਏ ਸੀ। ਮਰੀਜ਼ਾਂ 'ਚ 27 ਸਾਲ ਦੀ ਔਰਤ ਤੇ 35 ਸਾਲਾ ਵਿਅਕਤੀ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਮਰੀਜ਼ਾਂ ਦੀ ਗਿਣਤੀ 352 ਹੋ ਗਈ ਹੈ, ਜਦਕਿ ਐਕਟਿਵ ਕੇਸ 52 ਹਨ।
ਪੰਚਕੂਲਾ 'ਚ ਹੁਣ ਤੱਕ 103 ਮਰੀਜ਼ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਨ੍ਹਾਂ 'ਚ ਪੰਚਕੂਲਾ ਦੇ ਰਹਿਣ ਵਾਲੇ 52 ਮਰੀਜ਼ ਹਨ, ਜਦਕਿ 51 ਮਰੀਜ਼ ਦੂਜੇ ਰਾਜਾਂ ਤੋਂ ਆਉਣ ਵਾਲੇ ਪਾਜ਼ੇਟਿਵ ਨਿਕਲੇ ਹਨ। ਅਨਲਾਕ-1 ਤੋਂ ਪਹਿਲਾਂ ਪੰਚਕੂਲਾ ਦੇ 26 ਮਰੀਜ਼ ਕਨਫਰਮ ਹੋਏ ਸਨ, ਜੋ ਬਿਲਕੁਲ ਠੀਕ ਹੋ ਕੇ ਘਰ ਵੀ ਜਾ ਚੁਕੇ ਹਨ ਪਰ ਅਨਲਾਕ-1 'ਚ ਅਜੇ ਤੱਕ ਜੋ ਵੀ ਕੋਰੋਨਾ ਪਾਜ਼ੇਟਿਵ ਮਿਲਿਆ, ਉਹ ਹਸਪਤਾਲ 'ਚ ਹੀ ਦਾਖਲ ਹੈ। ਐਤਵਾਰ ਨੂੰ ਪੰਚਕੂਲਾ 'ਚ 10 ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ, ਇਨ੍ਹਾਂ 'ਚ 2 ਕੋਰੋਨਾ ਪਾਜ਼ੇਟਿਵ ਔਰਤਾਂ ਕਾਲਕਾ ਦੀਆਂ ਹਨ, ਜਦਕਿ ਇਕ ਔਰਤ ਸੈਕਟਰ-10 ਪੰਚਕੂਲਾ ਦੀ ਹੈ। ਇਨ੍ਹਾਂ ਸਾਰੇ ਮਰੀਜ਼ਾਂ ਦੀ ਦਿੱਲੀ, ਗੁੜਗਾਓਂ ਅਤੇ ਫਰੀਦਾਬਾਦ ਦੀ ਟ੍ਰੈਵਲ ਹਿਸਟਰੀ ਹੈ। ਇਨ੍ਹਾਂ 'ਚ 55 ਸਾਲ ਦੇ ਜਸਬੀਰ 29 ਮਈ ਨੂੰ ਗੁੜਗਾਓਂ ਤੋਂ ਪੰਚਕੂਲਾ ਦੇ ਰਾਏਪੁਰਰਾਨੀ ਆਪਣੇ ਘਰ ਆਏ ਸਨ। ਉਹ ਆਪਣੀ ਪਤਨੀ ਸ਼ਸ਼ੀਬਾਲਾ ਦਾ ਕਮਾਂਡ ਹਸਪਤਾਲ 'ਚ ਇਲਾਜ ਕਰਵਾ ਰਹੇ ਸਨ। ਇਸ ਤੋਂ ਬਾਅਦ ਇਥੇ ਲਏ ਗਏ ਸੈਂਪਲ ਪਾਜ਼ੇਟਿਵ ਪਾਏ ਗਏ। ਜਦੋਂ ਔਰਤਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਦੇ ਸੈਂਪਲ ਲਏ ਤਾਂ 55 ਸਾਲ ਦੇ ਜਸਬੀਰ ਦੇ ਨਾਲ ਡੇਢ ਸਾਲ ਦੀ ਨਮਾਇਰਾ, 32 ਸਾਲ ਦੀ ਮੰਜੂ, 30 ਸਾਲ ਦੇ ਯੋਗੇਸ਼ ਅਤੇ ਉਸ ਦਾ 26 ਸਾਲ ਦਾ ਛੋਟਾ ਭਰਾ ਨਵਨੀਤ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ।

ਜਨਰਲ ਹਸਪਤਾਲ 'ਚ ਹੀ 50 ਮਰੀਜ਼ ਭਰਤੀ
ਇਸੇ ਤਰ੍ਹਾਂ ਜਨਰਲ ਹਸਪਤਾਲ 'ਚ ਐਤਵਾਰ ਤੱਕ 50 ਕੋਰੋਨਾ ਵਾਇਰਸ ਦੇ ਮਰੀਜ਼ ਦਾਖਲ ਹੋ ਚੁਕੇ ਹਨ। ਇਨ੍ਹਾਂ 'ਚ 26 ਮਰੀਜ਼ ਪੰਚਕੂਲਾ ਦੇ ਰਹਿਣ ਵਾਲੇ ਹਨ ਅਤੇ 24 ਅਜਿਹੇ ਕੋਰੋਨਾ ਮਰੀਜ਼ ਹਨ, ਜੋ ਦੂਜੇ ਰਾਜਾਂ ਤੋਂ ਪੰਚਕੂਲਾ ਆਏ ਹਨ।

2 ਦਿਨ ਦੇ ਬੱਚੇ ਦੀ ਰਿਪੋਰਟ ਨੇਗੇਟਿਵ, 4 ਦੀ ਮੁੜ ਪਾਜ਼ੇਟਿਵ
ਸੈਕਟਰ-10 ਦੇ ਚੱਕਰਵਰਤੀ ਨਰਸਿੰਗ ਹੋਮ 'ਚ 8 ਜੂਨ ਨੂੰ ਔਰਤ ਦੀ ਡਿਲੀਵਰੀ ਹੋਈ ਸੀ, ਜੋ ਦੂਜੇ ਦਿਨ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਇਸ ਤੋਂ ਬਾਅਦ ਔਰਤ ਅਤੇ ਉਸ ਦੇ ਨਵਜਾਤ ਦੇ ਨਾਲ ਪਤੀ ਨੂੰ ਵੀ ਸੈਕਟਰ-6 ਦੇ ਜਨਰਲ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ। ਹੁਣ ਦੋ ਦਿਨ ਦੇ ਬੱਚੇ ਦੇ ਸੈਂਪਲ ਨੈਗੇਟਿਵ ਆਏ ਹਨ। ਕਾਲਕਾ 'ਚ ਕੋਰੋਨਾ ਵਾਇਰਸ ਦੇ 2 ਕੇਸ ਆਏ ਹਨ, ਇਨ੍ਹਾਂ 'ਚ 35 ਸਾਲ ਦੀ ਮੀਨਾ ਦਿੱਲੀ ਤੋਂ ਕਾਲਕਾ ਆਈ ਸੀ। ਨਾਲ ਉਨ੍ਹਾਂ ਦੇ ਪਤੀ ਵੀ ਆਏ ਹਨ। ਦੋਵੇਂ ਦਿੱਲੀ ਤੋਂ ਚੰਡੀਗੜ੍ਹ ਫਲਾਈਟ ਰਾਹੀਂ ਆਏ ਹਨ। ਮੀਨਾ ਦੀ ਐਤਵਾਰ ਨੂੰ ਰਿਪੋਰਟ ਪਾਜ਼ੇਟਿਵ ਆ ਗਈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਸੈਕਟਰ-6 ਦੇ ਜਨਰਲ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ। ਦੂਜੀ ਔਰਤ 68 ਸਾਲ ਦੀ ਬਾਨੋ ਬੇਗਮ ਹੈ, ਜੋ ਫਰੀਦਾਬਾਦ ਤੋਂ ਆਪਣੇ ਰਿਸ਼ਤੇਦਾਰ ਕੋਲ ਆਈ ਸੀ। ਬਾਨੋ ਬੇਗਮ 11 ਜੂਨ ਨੂੰ ਟ੍ਰੇਨ ਰਾਹੀਂ ਕਾਲਕਾ ਪਹੁੰਚੀ ਸੀ, ਜਿਸ ਦੇ ਸੈਂਪਲ ਲਈ ਗਏ ਸਨ।
ਸੈਕਟਰ-10 'ਚ ਰਹਿਣ ਵਾਲੀ 63 ਸਾਲ ਦੀ ਵੀਨਾ ਜੌਲੀ ਅਸਥਮਾ ਦੀ ਮਰੀਜ਼ ਹੈ। ਲਾਕਡਾਉਨ ਤੋਂ ਪਹਿਲਾਂ ਉਹ ਦਿੱਲੀ 'ਚ ਸੀ। ਹੁਣ ਅਨਲਾਕ-1 ਹੋਇਆ ਤਾਂ ਕੁੱਝ ਦਿਨ ਪਹਿਲਾਂ ਹੀ ਦਿੱਲੀ ਤੋਂ ਪੰਚਕੂਲਾ ਵਾਪਸ ਪੁੱਜੇ ਹਨ। ਜਦੋਂ ਪੰਚਕੂਲਾ ਆ ਕੇ ਉਨ੍ਹਾਂ ਨੇ ਆਪਣਾ ਸੈਂਪਲ ਜਨਰਲ ਹਸਪਤਾਲ 'ਚ ਦਿੱਤਾ ਤਾਂ ਉਹ ਐਤਵਾਰ ਨੂੰ ਪਾਜ਼ੇਟਿਵ ਪਾਇਆ ਗਿਆ। ਹੁਣ ਵੀਨਾ ਜੌਲੀ ਨੂੰ ਸੈਕਟਰ 6 ਦੇ ਜਨਰਲ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ।

ਲਾਲੜੂ 'ਚ 5 ਕੋਰੋਨਾ ਪਾਜ਼ੇਟਿਵ, 3 ਲੋਕ ਦਿੱਲੀ ਅਤੇ ਮੁਜ਼ੱਫਰਨਗਰ ਤੋਂ ਆਏ ਸਨ
ਲਾਲੜੂ, (ਗੁਰਪ੍ਰੀਤ)-ਲਾਲੜੂ ਖੇਤਰ 'ਚ 5 ਮਰੀਜ਼ ਕੋਰੋਨਾ ਪਾਜ਼ੇਵਿਟ ਪਾਏ ਗਏ। ਸਾਰਿਆਂ ਨੂੰ ਗਿਆਨ ਸਾਗਰ ਹਸਪਾਤਲ ਭਰਤੀ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀ ਅਨਿਲ ਕੁਮਾਰ ਗੁਰੂ ਨੇ ਦੱਸਿਆ ਕਿ ਪਿੰਡ ਚੌਦਹੇੜੀ 'ਚ 2 ਕੇਸ ਪ੍ਰਮੋਦ ਕੁਮਾਰ (52) ਅਤੇ ਸਾਜਿਦ ਅਲੀ (22) ਕੋਰੋਨਾ ਪਾਜ਼ੇਟਿਵ ਪਾਏ ਗਏ। ਪ੍ਰਮੋਦ 9 ਜੂਨ ਨੂੰ ਦਿੱਲੀ ਤੋਂ ਇਥੇ ਆਇਆ ਸੀ, ਜਦਕਿ ਸਾਜਿਦ ਅਲੀ ਮੁਜ਼ਫਰਨਗਰ ਤੋਂ ਆਇਆ ਸੀ। ਇਸ ਤੋਂ ਇਲਾਵਾ ਲਾਲੜੂ ਦੇ ਵਾਰਡ ਨੰਬਰ 15 'ਚ ਕਿਰਾਏ 'ਤੇ ਰਹਿੰਦੇ ਦਿਨੇਸ਼ (52) ਅਤੇ ਪਿੰਡ ਦੱਪਰ 'ਚ ਰਾਮ ਅਨੂਜ (48) ਕੋਰੋਨਾ ਪੀੜਤ ਹਨ। ਰਾਮ ਅਨੂਜ 1 ਜੂਨ ਨੂੰ ਦਿੱਲੀ ਤੋਂ ਇਥੇ ਆਇਆ ਸੀ। ਪਿੰਡ ਮਲਕਪੁਰ 'ਚ ਸੰਤੋਸ਼ ਪਤਨੀ ਮੁਸਤਾਕ ਅਲੀ (26) ਬਿਮਾਰ ਹੋਣ 'ਤੇ ਲਾਲੜੂ ਹਸਪਤਾਲ 'ਚ ਦਵਾਈ ਲੈਣ ਆਈ ਸੀ, ਜਿਥੇ ਥੋੜੇ ਬਹੁਤ ਲੱਛਣ ਦੇਖਣ 'ਤੇ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਕੁਰਾਲੀ 'ਚ 4 ਕੋਰੋਨਾ ਪਾਜ਼ੇਟਿਵ
ਕੁਰਾਲੀ, (ਬਠਲਾ)-ਕੁਰਾਲੀ ਇਲਾਕੇ 'ਚ ਅੱਜ ਫੇਰ 4 ਵਿਅਕਤੀਆਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ। ਐੱਸ. ਐੱਮ. ਓ. ਕੁਰਾਲੀ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਨੂੰ ਗਿਆਨ ਸਾਗਰ ਹਸਤਾਲ ਬਨੂੜ 'ਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 'ਚ ਕੁਰਾਲੀ ਦੇ ਵਾਰਡ 3 ਅਤੇ ਮਾਡਲ ਟਾਊਨ ਦੇ ਲੋਕ ਹਨ, ਜਿਨ੍ਹਾਂ ਕੋਰੋਨਾ ਟੈਸਟ ਕਰਵਾਇਆ ਸੀ। ਅੱਜ ਰਿਪੋਰਟ ਪਾਜ਼ੇਟਿਵ ਆਉਣ 'ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਪਰਿਵਾਰਾਂ ਸਮੇਤ ਰਿਹਾਇਸ਼ ਨੇੜਲੇ ਇਲਾਕਿਆਂ ਦੀ ਜਾਂਚ ਕੀਤੀ ਜਾ ਰਹੀ ਹੈ।


author

Bharat Thapa

Content Editor

Related News