ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਦੇ 240 ਨਵੇਂ ਮਾਮਲਿਆਂ ਦੀ ਪੁਸ਼ਟੀ, 4 ਦੀ ਮੌਤ

Thursday, Sep 10, 2020 - 10:59 PM (IST)

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਅੱਜ ਇਕ ਵਾਰ ਫਿਰ ਵੱਡਾ ਕੋਰੋਨਾ ਬਲਾਸਟ ਹੋਇਆ ਜਦੋਂ 3 ਪੁਲਸ ਮੁਲਾਜ਼ਮਾਂ, ਸਿਹਤ ਵਿਭਾਗ ਦੇ 2 ਕਰਮੀਆਂ ਅਤੇ 1 ਗਰਭਵਤੀ ਮਹਿਲਾ ਸਮੇਤ 240 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਹ ਦੂਜੀ ਵਾਰ ਹੈ, ਜਦੋਂ ਜ਼ਿਲੇ ’ਚ ਨਵੇਂ ਪਾਜ਼ੇਟਿਵ ਕੇਸ 200 ਤੋਂ ਵੱੱਧ ਮਿਲੇ ਹਨ। ਇਸ ਤੋਂ ਪਹਿਲਾਂ ਇੱਕੋ ਦਿਨ ’ਚ 248 ਕੇਸ ਮਿਲ ਚੁੱਕੇ ਹਨ।

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 4000 ਸੈਂਪਲਾਂ ਦੀ ਰਿਪੋਰਟ ਮਿਲੀ ਸੀ, ਜਿਨ੍ਹਾਂ ’ਚੋਂ 240 ਕੇਸ ਪਾਜ਼ੇਟਿਵ ਪਾਏ ਗਏ ਹਨ। ਜ਼ਿਲੇ ’ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 7898 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲੇ ਦੇ 128 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਘਰਾਂ ਨੂੰ ਗਏ ਹਨ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 6221 ਹੋ ਗਈ ਹੈ। ਅੱਜ 4 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦੀ ਗਿਣਤੀ ਵਧ ਕੇ 221 ਹੋ ਗਈ ਹੈ, 6221 ਕੇਸ ਠੀਕ ਹੋ ਚੁੱਕੇ ਹਨ। ਜ਼ਿਲੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1456 ਹੈ।

ਜ਼ਿਆਦਾਤਰ ਹਾਈਪਰਟੈਂਸ਼ਨ ਵਾਲੇ ਮਰੀਜ਼ਾਂ ਦੀ ਹੋਈ ਮੌਤ

– ਪਟਿਆਲਾ ਦੇ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ 78 ਸਾਲਾ ਬਜ਼ੁਰਗ ਜੋ ਕਿ ਹਾਈਪਰਟੈਂਸ਼ਨ ਦਾ ਪੁਰਾਣਾ ਮਰੀਜ਼ ਸੀ।

– ਏ. ਟੈਂਕ ਏਰੀਏ ਦੀ ਰਹਿਣ ਵਾਲੀ 56 ਸਾਲਾ ਅੌਰਤ ਜੋ ਕਿ ਸ਼ੂਗਰ, ਹਾਈਪਰਟੈਂਸਨ, ਦਿਲ ਦੀਆਂ ਬਿਮਾਰੀਆਂ ਦੀ ਪੁਰਾਣੀ ਮਰੀਜ਼ ਸੀ।

– ਵਿੱਦਿਆ ਨਗਰ ਨੇਡ਼ੇ ਪੰਜਾਬੀ ਯੂਨਵਿਰਸਿਟੀ ਦਾ ਰਹਿਣ ਵਾਲਾ 46 ਸਾਲਾ ਵਿਅਕਤੀ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਇਲਾਜ ਕਰਵਾ ਰਿਹਾ ਸੀ।

– ਪਿੰਡ ਖਨੌਰੀ ਤਹਿਸੀਲ ਪਾਤਡ਼ਾਂ ਦੀ ਰਹਿਣ ਵਾਲੀ 60 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਮਿਲੇ 240 ਮਰੀਜ਼ਾਂ ’ਚੋਂ 150 ਪਟਿਆਲਾ ਸ਼ਹਿਰ, 4 ਸਮਾਣਾ, 13 ਰਾਜਪੁਰਾ, 1 ਨਾਭਾ ਅਤੇ 72 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 89 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 142 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਅਤੇ 9 ਬਾਹਰੀ ਰਾਜ ਤੋਂ ਆਉਣ ਕਰ ਕੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਪਟਿਆਲਾ ਦੇ 150 ਕੇਸ ਸ਼ਹਿਰ ਦੇ ਵੱਖ-ਵੱਖ ਏਰੀਏ ਦਸ਼ਮੇਸ਼ ਨਗਰ, ਅਜ਼ਾਦ ਨਗਰ, ਪ੍ਰੇਮ ਨਗਰ, ਸਰਹੰਦੀ ਬਜ਼ਾਰ, ਵਿਰਕ ਕਾਲੋਨੀ, ਦੀਪ ਨਗਰ, ਬੈਂਕ ਕਾਲੋਨੀ, ਮਿਲਟਰੀ ਕੈਂਟ, ਡੀ. ਐੱਮ. ਡਬਲਯੂ, ਬਾਬਾ ਦੀਪ ਸਿੰਘ ਨਗਰ, ਤ੍ਰਿਪਡ਼ੀ, ਨਿਊ ਭਾਰਤ ਨਗਰ, ਨਿਊ ਲਾਲ ਬਾਗ, ਆਰਿਆ ਸਮਾਜ, ਅਰਬਨ ਅਸਟੇਟ ਫੇਜ਼-2, ਰਾਘੋਮਾਜਰਾ, ਏਕਤਾ ਵਿਹਾਰ, ਸੇਵਕ ਕਾਲੋਨੀ, ਸੈਂਟਰਲ ਜੇਲ, ਰਵੀਦਾਸ ਨਗਰ, ਰਤਨ ਨਗਰ, ਬਡੂੰਗਰ, ਬਹਾਦਰਗਡ਼੍ਹ, ਸਰਾਭਾ ਨਗਰ, ਅਨੰਦ ਨਗਰ, ਚਰਨ ਬਾਗ ਆਦਿ ਥਾਵਾਂ ਤੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ 13 ਕੇਸ ਰਾਜਪੁਰਾ ਟਾਊਨ, ਪੁਰਾਣਾ ਰਾਜਪੁਰਾ, ਪਚਰੰਗਾ ਚੌਂਕ, ਨੇਡ਼ੇ ਦੁਰਗਾ ਮੰਦਿਰ, ਪਟੇਲ ਨਗਰ, ਡਾਲੀਮਾ ਵਿਹਾਰ ਤੋਂ, ਸਮਾਣਾ ਦੇ 4 ਕੇਸ ਗਰੀਨ ਟਾਊਨ, ਅਜੀਤ ਨਗਰ, ਵਡ਼ੈਚ ਕਾਲੋਨੀ ਆਦਿ ਥਾਵਾਂ ਤੋਂ, ਨਾਭਾ ਦੇ ਬੈਂਕ ਸਟਰੀਟ ਅਤੇ 72 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।

ਪ੍ਰਾਈਵੇਟ ਹਸਪਤਾਲਾਂ ’ਚ ਵਧਾਈ ਬੈੱਡਾਂ ਦੀ ਗਿਣਤੀ

ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਕੋਵਿਡ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਾਈਵੇਟ ਹਸਪਤਾਲਾਂ ਦੇ ਲਏ ਜਾ ਰਹੇ ਸਹਿਯੋਗ ਤਹਿਤ ਅੱਜ ਕੋਵਿਡ ਮਰੀਜ਼ਾਂ ਦੇ ਦਾਖਲੇ ਲਈ ਸ਼ਹਿਰ ਦੇ ਪ੍ਰਾਈਮ ਹਸਪਤਾਲ ’ਚ ਵੀ 12 ਬੈੱਡ ਦੀ ਆਈਸੋਲੇਸ਼ਨ ਫੈਸੀਲਿਟੀ ਬਣਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਮਰ ਹਸਪਤਾਲ ਨੂੰ 30 ਬੈੱਡਾਂ ਦੀ ਆਈਸੋਲੇਸ਼ਨ ਦੀ ਫੈਸੀਲਿਟੀ ਤੋਂ ਵਧਾ ਕੇ 36 ਬੈੱਡ ਕਰ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਏਰੀਏ ’ਚੋਂ ਜ਼ਿਆਦਾ ਪਾਜ਼ੇਟਿਵ ਕੇਸ ਆਉਣ ’ਤੇ ਪਟਿਆਲਾ ਦੇ ਸਰਾਭਾ ਨਗਰ ਏਰੀਏ ’ਚ ਮਾਈਕਰੋ ਕੰਟੇਨਮੈਂਟ ਲਾ ਦਿੱਤੀ ਗਈ ਹੈ। ਸਮਾਂ ਪੂਰਾ ਹੋਣ ਅਤੇ ਏਰੀਏ ’ਚੋਂ ਕੋਈ ਨਵਾਂ ਕੇਸ ਨਾ ਆਉਣ ’ਤੇ ਪਟਿਆਲਾ ਦੇ ਗੁਰੂ ਨਾਨਕ ਨਗਰ ਅਤੇ ਸਮਾਣਾ ਦੇ ਜੱਟਾਂ ਪੱਤੀ ਵਿਖੇ ਲਾਈ ਗਈ ਮਾਈਕਰੋ ਕੰਟੇਨਮੈਂਟ ਹਟਾ ਦਿੱਤੀ ਗਈ ਹੈ।

ਕੁੱਲ ਸੈਂਪਲ 1,09,433

ਪਾਜ਼ੇਟਿਵ 7898

ਨੈਗੇਟਿਵ 99285

ਰਿਪੋਰਟ ਪੈਂਡਿੰਗ 2000

ਮੌਤਾਂ 221

ਤੰਦਰੁਸਤ ਹੋਏ 6221

ਐਕਟਿਵ 1456


Bharat Thapa

Content Editor

Related News