ਜ਼ਿਲ੍ਹੇ ਦੀਆਂ 232 ਪੰਚਾਇਤਾਂ ਨੇ ਚੰਨੀ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

Friday, Dec 24, 2021 - 02:33 AM (IST)

ਜ਼ਿਲ੍ਹੇ ਦੀਆਂ 232 ਪੰਚਾਇਤਾਂ ਨੇ ਚੰਨੀ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਰੂਪਨਗਰ(ਵਿਜੇ)- ਵਿਧਾਨ ਸਭਾ ਹਲਕਾ ਰੂਪਨਗਰ ਦੀਆਂ ਪੰਚਾਇਤਾਂ ਨੇ ਅੱਜ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਅੱਜ ਇਥੇ ਪੰਚਾਇਤਾਂ ਨੇ ਸਮੂਹਿਕ ਰੂਪ ’ਚ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ’ਤੇ ਰੂਪਨਗਰ ਵਿਧਾਨ ਸਭਾ ਹਲਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਦੋਸ਼ ਲਗਾਏ ਹਨ। ਵਿਧਾਨ ਸਭਾ ਹਲਕਾ ਰੂਪਨਗਰ ਦੀਆਂ 232 ਪੰਚਾਇਤਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਘਿਰਾਓ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਦੋ ਦਿਨਾਂ ’ਚ ਉਨ੍ਹਾਂ ਨੂੰ ਗ੍ਰਾਂਟਾਂ ਨਾ ਮਿਲੀਆਂ ਤਾਂ ਉਹ ਭੁੱਖ ਹਡ਼ਤਾਲ ਕਰਨਗੇ।

ਇਸ ਮੌਕੇ ਸਰਪੰਚ ਚਰਨਜੀਤ ਸਿੰਘ ਮਿਆਣੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿਲੇ ਦੇ ਹੀ ਹਲਕਾ ਸ੍ਰੀ ਚਮਕੌਰ ਸਾਹਿਬ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਜ਼ਿਲੇ ਦੇ ਦੂਸਰੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਨ ਜਦਕਿ ਇਨ੍ਹਾਂ ਦੋਹਾਂ ਹਲਕਿਆਂ ’ਚ ਪੈਂਦੇ ਰੂਪਨਗਰ ਵਿਧਾਨ ਸਭਾ ਤੋ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਹਲਕਾ ਇੰਚਾਰਜ ਹਨ। ਮੁੱਖ ਮੰਤਰੀ ਅਤੇ ਸਪੀਕਰ ਆਪਣੇ ਹਲਕਿਆਂ ’ਚ ਤਾਂ ਕਰੋਡ਼ਾਂ ਰੁਪਏ ਨਾਲ ਵਿਕਾਸ ਕਾਰਜ ਕਰਵਾ ਰਹੇ ਹਨ ਪਰ ਰੂਪਨਗਰ ਵਿਧਾਨ ਸਭਾ ਹਲਕੇ ’ਚ ਪਿਛਲੇ ਪੰਜ ਸਾਲਾਂ ਤੋਂ ਵਿਕਾਸ ਕਾਰਜ ਰੁਕੇ ਹੋਏ ਹਨ ਅਤੇ ਪਿੰਡਾਂ ਨੂੰ ਵਿਕਾਸ ਲਈ ਗ੍ਰਾਂਟ ਨਹੀ ਦਿੱਤੀ ਜਾ ਰਹੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੀ ਆਪਣੀ ਰਾਜਨੀਤਕ ਲਡ਼ਾਈ ਕਾਰਨ ਰੂਪਨਗਰ ਵਿਧਾਨ ਸਭਾ ਹਲਕੇ ਨੂੰ ਪੰਜ ਸਾਲਾਂ ’ਚ ਕੋਈ ਗ੍ਰਾਂਟ ਨਹੀ ਦਿੱਤੀ ਗਈ। ਪੰਚਾਇਤਾਂ ਨੇ ਕਿਹਾ ਕਿ ਪੰਜ ਸਾਲਾਂ ’ਚ ਕੇਵਲ ਵਿੱਤ ਕਮਿਸ਼ਨ ਦੇ ਪੈਸੇ ਹੀ ਪੰਚਾਇਤਾਂ ਨੂੰ ਮਿਲੇ ਹਨ ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਜ਼ਿਲੇ ਦੇ ਹੀ ਹਲਕੇ ਨੂੰ ਬਾਕੀ ਪੰਜਾਬ ਤੋਂ ਬੇਗਾਨਾ ਕਰ ਦਿੱਤਾ। ਇਸ ਦੌਰਾਨ ਪਿੰਡ ਪਡ਼੍ਹੀ ਦੇ ਸਰਪੰਚ ਕੈਪਟਨ ਮੁਲਤਾਨ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਨੂੰ ਇਸ ਸਬੰਧੀ ਕਿਹਾ ਗਿਆ ਪਰ ਰਾਜਨੀਤੀ ਕਾਰਨ ਉਨ੍ਹਾਂ ਦੇ ਪਿੰਡਾਂ ਵੱਲ ਧਿਆਨ ਨਹੀ ਦਿੱਤਾ ਜਾ ਰਿਹਾ। ਇਸ ਮੌਕੇ ਦਰਸ਼ਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਵ ਸੰਮਤੀ ਨਾਲ ਪੰਚਾਇਤਾਂ ਬਣਾਉਣ ’ਤੇ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਤੱਕ ਇਕ ਵੀ ਪੰਚਾਇਤ ਨੂੰ ਇਹ ਗ੍ਰਾਂਟ ਨਹੀ ਮਿਲ ਸਕੀ।

ਸਰਪੰਚ ਕਮਲ ਸੈਣੀ ਨੇ ਕਿਹਾ ਕਿ ਇਸ ’ਚ ਜਿੰਨੀ ਜ਼ਿੰਮੇਵਾਰੀ ਸਰਕਾਰ ਦੀ ਹੈ ਉਨ੍ਹੀ ਹੀ ਜ਼ਿੰਮੇਵਾਰ ਵਿਰੋਧੀ ਧਿਰ ਦੀ ਵੀ ਹੈ। ਵਿਰੋਧੀ ਧਿਰ ਪਾਰਟੀਆਂ ’ਚ ਅਕਾਲੀ ਦਲ, ਬਸਪਾ, ਭਾਜਪਾ ਅਤੇ ਆਮ ਆਦਮੀ ਪਾਰਟੀ ਦੁਆਰਾ ਵੀ ਇਹ ਮੁੱਦਾ ਨਹੀ ਚੁੱਕਿਆ ਜਾ ਰਿਹਾ ਜਦਕਿ ਵਿਰੋਧੀ ਧਿਰ ਦੇ ਨੇਤਾ ਕੇਵਲ ਆਪਣੇ ਮੁੱਦਿਆਂ ’ਤੇ ਰਾਜਨੀਤੀ ਕਰ ਰਹੇ ਹਨ। ਪੰਚਾਇਤਾਂ ਨੇ ਸਮੂਹਿਕ ਤੌਰ ’ਤੇ ਐਲਾਨ ਕੀਤਾ ਕਿ ਇਸ ਬਾਰ ਹਾਲਾਤ ਕਾਰਨ ਉਹ ਵਿਧਾਨ ਸਭਾ ਚੋਣਾਂ ’ਚ ਆਪਣਾ ਨੁਮਾਇੰਦਾ ਆਜਾਦ ਤੌਰ ’ਤੇ ਖਡ਼੍ਹਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ’ਚ ਕਿਸਾਨ ਯੂਨੀਅਨਾਂ ਵੀ ਉਨ੍ਹਾਂ ਦਾ ਸਹਿਯੋਗ ਕਰਨਗੀਆਂ ਕਿਉਂਕਿ ਉਹ ਵੀ ਕਿਸਾਨ ਹਨ।

ਇਸੇ ਦਰਮਿਆਨ ਪੰਚਾਇਤਾਂ ਨੇ ਰੂਪਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਬਣਦੀ ਭੂਮਿਕਾ ਨਾ ਨਿਭਾਈ।

25 ਦਸੰਬਰ ਤੱਕ ਦਾ ਅਲੀਟੀਮੇਟਮ, ਇਸ ਤੋਂ ਬਾਅਦ ਹੋਵੇਗੀ ਅਣਮਿਥੇ ਸਮੇਂ ਲਈ ਭੁੱਖ ਹਡ਼ਤਾਲ
ਪੰਚਾਇਤਾਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ 25 ਦਸੰਬਰ ਤੱਕ ਗ੍ਰਾਂਟ ਖਾਤਿਆਂ ’ਚ ਨਾ ਪਾਈ ਗਈ ਤਾਂ ਕਾਂਗਰਸ ਪਾਰਟੀ ਤੋਂ ਇਲਾਵਾ ਵਿਰੋਧੀ ਧਿਰ, ਅਕਾਲੀ ਦਲ ਅਤੇ ਹੋਰ ਰਾਜਨੀਤਕ ਪਾਰਟੀਆਂ ਦਾ ਪਿੰਡਾਂ ’ਚ ਸਖਤ ਵਿਰੋਧ ਕੀਤਾ ਜਾਵੇਗਾ। ਇਸ ਇਲਾਵਾ ਪੰਚਾਇਤਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਵੀ ਪੰਚਾਇਤਾਂ ਦੀ ਅਣਦੇਖੀ ਕੀਤੀ ਗਈ ਹੈ ਜਿਸ ਕਾਰਨ ਕਈ ਪਿੰਡਾਂ ’ਚ ਵਿਕਾਸ ਕਾਰਜ ਲਟਕੇ ਹਨ ਪੰਚਾਇਤੀ ਨੁਮਾਇੰਦਿਆਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਗ੍ਰਾਂਟਾਂ ਨਾ ਮਿਲੀਆਂ ਤਾਂ ਉਹ ਅਣਮਿਥੇ ਸਮੇਂ ਲਈ ਭੁੱਖ ਹਡ਼ਤਾਲ ਸ਼ੁਰੂ ਕੀਤੀ ਜਾਵੇਗੀ ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਮੁੱਖ ਪੰਚਾਇਤਾਂ ’ਚ ਇਹ ਨਾਮ ਹਨ ਸ਼ਾਮਲ
ਇਸ ਮੌਕੇ ਰੋਸ ਜ਼ਾਹਰ ਕਰਨ ਵਾਲਿਆਂ ’ਚ ਗ੍ਰਾਮ ਪੰਚਾਇਤਾਂ ’ਚ ਪਿੰਡ ਸੰਤੋਖਗਡ਼੍ਹ, ਮਿਆਣੀ, ਕਟਲੀ, ਪਪਰਾਲਾ, ਮਾਜਰੀ ਠੇਕੇਦਾਰਾਂ, ਬਾਗਵਾਲੀ, ਡੰਗੌਲੀ, ਦਬੁਰਜੀ, ਗੁੰਨੋ ਮਾਜਰਾ, ਲੋਹਗਡ਼-ਫਿੱਡੇ, ਹੁਸੈਨਪੁਰ, ਮਲਿਕਪੁਰ, ਅਕਬਰਪੁਰ, ਘਨੌਲਾ, ਧਲੋ ਚੈਡ਼ੀਆਂ, ਆਲਮਪੁਰ, ਮਾਦਪੁਰ, ਭੱਦਲ, ਬਰਦਾਰ, ਖਾਨਪੁਰ, ਫੂਲ ਕਲਾਂ, ਠੌਣਾਂ ਆਦਿ ਪੰਚਾਇਤਾਂ ਸ਼ਾਮਲ ਸਨ।


author

Bharat Thapa

Content Editor

Related News