2300 ਕੈਮਿਸਟਾਂ ਨੇ ਦੁਕਾਨਾਂ ਬੰਦ ਕਰ ਕੇ ਸਰਕਾਰ ਖਿਲਾਫ ਪ੍ਰਗਟਾਇਆ ਰੋਸ
Saturday, Jul 28, 2018 - 04:39 AM (IST)
ਅੰਮ੍ਰਿਤਸਰ, (ਦਲਜੀਤ)- ਪੰਜਾਬ ਪੁਲਸ ਦੀ ਨਾਜਾਇਜ਼ ਦਖਲਅੰਦਾਜ਼ੀ ਤੋਂ ਤੰਗ ਆਏ ਅੰਮ੍ਰਿਤਸਰ ਦੇ 2300 ਕੈਮਿਸਟਾਂ ਨੇ ਅੱਜ ਸਵੇਰੇ 11 ਵਜੇ ਤੱਕ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟਾਇਆ। ਕੈਮਿਸਟਾਂ ਨੇ ਐਲਾਨ ਕੀਤਾ ਕਿ 28 ਜੁਲਾਈ ਨੂੰ ਜਿੱਥੇ ਨਾਵਲਟੀ ਚੌਕ ਵਿਖੇ ਪੁਲਸ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾਵੇਗਾ, ਉਥੇ ਹੀ 30 ਜੁਲਾਈ ਨੂੰ ਸਾਰਾ ਦਿਨ ਦੁਕਾਨਾਂ ਬੰਦ ਕਰਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਕੈਮਿਸਟਾਂ ਵੱਲੋਂ ਕੀਤੀ ਗਈ ਕੁਝ ਘੰਟਿਆਂ ਦੀ ਹਡ਼ਤਾਲ ਕਾਰਨ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਆਈ। ਪੰਜਾਬ ਕੈÎਮਿਸਟ ਐਸੋਸੀਏਸ਼ਨ ਦੇ ਆਗੂ ਸੁਰਿੰਦਰ ਦੁੱਗਲ ਨੇ ਕਿਹਾ ਕਿ ਪੁਲਸ ਪ੍ਰਸਾਸ਼ਨ ਬਿਨਾਂ ਡਰੱਗਜ਼ ਇੰਸਪੈਕਟਰ ਕੈਮਿਸਟਾਂ ’ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਜਲੀਲ ਕਰ ਰਹੀ ਹੈ। ਖੁਦ ਪੁਲਸ ਨਸ਼ਾ ਸਮੱਗਲਰਾਂ ਨੂੰ ਫਡ਼ਨ ਵਿਚ ਫੇਲ ਸਾਬਿਤ ਹੋ ਰਹੀ ਹੈ, ਉਲਟਾ ਕੈਮਿਸਟਾਂ ਨੂੰ ਅੱਖਾਂ ਵਿਖਾ ਕੇ ਦਬਕੇ ਮਾਰ ਰਹੀ ਹੈ। ਪੁਲਸ ਦੀ ਇਸ ਘਟੀਆ ਕਾਰਗੁਜ਼ਾਰੀ ਕਾਰਨ ਪੰਜਾਬ ਭਰ ਦੇ ਕੈਮਿਸਟਾਂ ਵਿਚ ਰੋਸ ਦੀ ਲਹਿਰ ਹੈ। ਯੂਨੀਅਨ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਲੁਧਿਆਣੇ ਹੰਗਾਮੀ ਮੀਟਿੰਗ ਵੀ ਸੱਦ ਲਈ ਗਈ ਹੈ। ਜ਼ਿਕਰਯੋਗ ਹੈ ਕਿ ਕੈਮਿਸਟਾਂ ਦੀ ਅੱਜ ਕੁਝ ਘੰਟਿਆਂ ਦੀ ਹਡ਼ਤਾਲ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਸਮੇਤ ਹੋਰਨਾਂ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਰੀਜ਼ ਘੰਟਿਆਬੰਧੀ ਦੁਕਾਨਾਂ ਅੱਗੇ ਖਡ਼੍ਹ ਕੇ ਦੁਕਾਨਾਂ ਖੁਲਣ ਦਾ ਇੰਤਜ਼ਾਰ ਕਰਦੇ ਰਹੇ।
ਕੱਟਡ਼ਾ ਸ਼ੇਰ ਸਿੰਘ ਮਾਰਕੀਟ ਤੋਂ ਹਾਲ ਗੇਟ ਤੱਕ ਕੱਢਿਆ ਕੈਂਡਲ ਮਾਰਚ
ਅੰਮ੍ਰਿਤਸਰ, (ਕੱਕਡ਼)-ਪੰਜਾਬ ਦੇ ਸਮੂਹ ਦਵਾਈ ਵਪਾਰੀਆਂ ਵੱਲੋਂ 30 ਜੁਲਾਈ ਨੂੰ ਪੂਰੇ ਪੰਜਾਬ ਦੀਆਂ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਦੀ ਕਾਲ ਨੂੰ ਲੈ ਕੇ ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪ੍ਰਧਾਨ ਰਾਜੇਸ਼ ਸੋਈ ਦੀ ਅਗਵਾਈ ਵਿਚ ਕੱਟਡ਼ਾ ਸ਼ੇਰ ਸਿੰਘ ਮਾਰਕੀਟ ਤੋਂ ਹਾਲ ਗੇਟ ਤੱਕ ਕੈਂਡਲ ਮਾਰਚ ਕੱਢਿਆ, ਜਿਸ ਵਿਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਪੰਜਾਬ ਸੁਰਿੰਦਰ ਦੁੱਗਲ ਜਨਰਲ ਸਕੱਤਰ ਅੰਮ੍ਰਿਤਸਰ ਡਿਸਟ੍ਰਿਕ ਕੈਮਿਸਟ ਐਸੋਸੀਏਸ਼ਨ, ਪ੍ਰਧਾਨ ਸੁਰਿੰਦਰ ਸ਼ਰਮਾ ਤੇ ਹੋਰ ਅਹੁਦੇਦਾਰ ਹਾਜ਼ਰ ਹੋਏ। ਦੁੱਗਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੈਮਿਸਟਾਂ ਨੂੰ ਆ ਰਹੀਆਂ ਮੁਸ਼ਕਿਲਾਂ ਕਾਰਨ ਪੂਰੇ ਪੰਜਾਬ ਦੇ ਦਵਾ ਵਾਪਰੀਆਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਅਾਂ ਆ ਰਹੀਆਂ ਹਨ ਅਤੇ ਦੁਕਾਨਾਂ ਤੇ ਲਗਾਤਾਰ ਪੰਜਾਬ ਪੁਲਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਅਨੂਪ ਕੁਮਾਰ ਚੇਅਰਮੈਨ, ਸਰਬਜੀਤ ਸਿੰਘ, ਟੀ. ਐੱਸ. ਬਾਵਾ, ਰਾਕੇਸ਼ ਦੁੱਗਲ, ਅਰੁਣ ਰਾਣਾ, ਵਿਵੇਕ ਮਹਾਜਨ, ਰਾਜਨ ਹਾਂਡਾ, ਪੰਕਜ ਖੰਨਾ, ਮਨਦੀਪ ਸ਼ੁਰ, ਅਮਨਦੀਪ ਸਿੰਘ, ਰਾਜੀਵ ਕਪੂਰ ਆਦਿ ਹਾਜ਼ਰ ਸਨ।
