ਰਾਮਾ ਮੰਡੀ ਦੇ ਕਾਂਗਰਸੀ ਆਗੂ ਦੇ ਬੇਟੇ ’ਤੇ 21 ਸਾਲਾ ਕੁੜੀ ਨੇ ਲਾਇਆ ਜਬਰ-ਜ਼ਿਨਾਹ ਕਰਨ ਦਾ ਦੋਸ਼

04/29/2022 11:02:01 AM

ਜਲੰਧਰ (ਮਹੇਸ਼)–ਰਾਮਾ ਮੰਡੀ ਦੇ ਕਾਂਗਰਸੀ ਆਗੂ ਅਤੇ ਕੌਂਸਲਰਪਤੀ ਵਿਜੇ ਕੁਮਾਰ ਦਕੋਹਾ ਦੇ ਬੇਟੇ ਬੌਬੀ ’ਤੇ 21 ਸਾਲ ਦੀ ਇਕ ਕੁੜੀ ਨੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਦੋਸ਼ ਲਾਇਆ ਹੈ। ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਬੌਬੀ ਖ਼ਿਲਾਫ਼ ਦਿੱਤੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਕਾਂਗਰਸੀ ਆਗੂ ਦੇ ਬੇਟੇ ’ਤੇ ਆਈ. ਪੀ. ਸੀ. ਦੀ ਧਾਰਾ 376 ਅਤੇ 506 ਤਹਿਤ ਐੱਫ਼. ਆਈ. ਆਰ. ਨੰਬਰ 101 ਦਰਜ ਕਰ ਲਈ ਹੈ। ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਥਾਣਾ ਰਾਮਾ ਮੰਡੀ ਦੇ ਇੰਚਾਰਜ ਇੰਸ. ਮਨਦੀਪ ਸਿੰਘ ਵੱਲੋਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਕੁੜੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਪਰ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਕੁੜੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ’ਤੇ ਕੁੜੀ ਵੱਲੋਂ ਲਾਏ ਗੰਭੀਰ ਦੋਸ਼ਾਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਬਕਾ ਕਾਂਗਰਸੀ ਵਿਧਾਇਕ ਸਮੇਤ ਕਈ ਕਾਂਗਰਸੀ ਕੌਂਸਲਰ ਕਾਂਗਰਸੀ ਆਗੂ ਦੇ ਬੇਟੇ ਦੇ ਬਚਾਅ ਵਿਚ ਦੇਰ ਰਾਤ ਤੱਕ ਥਾਣਾ ਸੂਰਿਆ ਐਨਕਲੇਵ ਵਿਚ ਮੌਜੂਦ ਸਨ ਪਰ ਪੁਲਸ ਨੇ ਉਨ੍ਹਾਂ ਦੀ ਕੋਈ ਵੀ ਗੱਲ ਨਾ ਸੁਣਦਿਆਂ ਐੱਫ਼. ਆਈ. ਆਰ. ਦਰਜ ਕਰਨ ਵਿਚ ਦੇਰੀ ਨਹੀਂ ਕੀਤੀ।

ਇਹ ਵੀ ਪੜ੍ਹੋ: ਬਦਲਾਅ ਦੇ ਤੌਰ ’ਤੇ ਚੁਣੀ ਗਈ 'ਆਪ' ਦੀ ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ: ਸੋਮ ਪ੍ਰਕਾਸ਼

ਸਿਆਸੀ ਦਬਾਅ ’ਚ ਪੁਲਸ ਨੇ ਝੂਠਾ ਕੇਸ ਕੀਤਾ ਦਰਜ : ਵਿਜੇ ਦਕੋਹਾ
ਕੇਸ ਦਰਜ ਕਰਵਾਉਣ ਵਾਲੀ ਲੜਕੀ ਪਹਿਲਾਂ ਇਕ ਕਰੋੜ ਤੇ ਫਿਰ 25 ਲੱਖ ਮੰਗ ਰਹੀ ਸੀ

101 ਨੰਬਰ ਐੱਫ਼. ਆਈ. ਆਰ. ਵਿਚ ਨਾਮਜ਼ਦ ਕੀਤੇ ਬੌਬੀ ਦੇ ਪਿਤਾ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਕਾਰਜਕਾਰੀ ਪ੍ਰਧਾਨ ਅਤੇ ਕੌਂਸਲਰਪਤੀ ਵਿਜੇ ਕੁਮਾਰ ਦਕੋਹਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ’ਤੇ ਸਿਆਸੀ ਦਬਾਅ ਤਹਿਤ ਪੁਲਸ ਨੇ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਕੁੜੀ ਨੇ ਉਨ੍ਹਾਂ ਦੇ ਬੇਟੇ ’ਤੇ ਕੇਸ ਦਰਜ ਕਰਵਾਇਆ ਹੈ, ਉਹ ਉਨ੍ਹਾਂ ਕੋਲੋਂ ਇਕ ਕਰੋੜ ਰੁਪਏ ਦੀ ਮੰਗ ਕਰ ਰਹੀ ਸੀ ਅਤੇ ਬਾਅਦ ਵਿਚ 25 ਲੱਖ ਰੁਪਏ ਮੰਗਣ ਲੱਗ ਪਈ, ਜੋ ਕਿ ਉਨ੍ਹਾਂ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀ ਕਿਉਂਕਿ ਉਨ੍ਹਾਂ ਦੇ ਬੇਟੇ ਦੀ ਗਲਤੀ ਕੋਈ ਸੀ ਹੀ ਨਹੀਂ ਤਾਂ ਉਹ ਪੈਸੇ ਕਿਸ ਗੱਲ ਦੇ ਦਿੰਦੇ। ਪੈਸੇ ਨਾ ਦਿੱਤੇ ਜਾਣ ਕਾਰਨ ਹੀ ਉਸ ਨੇ ਉਨ੍ਹਾਂ ਦੇ ਬੇਟੇ ਨੂੰ ਜਬਰ-ਜ਼ਿਨਾਹ ਦੇ ਝੂਠੇ ਮਾਮਲੇ ਵਿਚ ਫਸਾ ਦਿੱਤਾ। ਵਿਜੇ ਦਕੋਹਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਬਿਲਕੁਲ ਬੇਕਸੂਰ ਹੈ ਅਤੇ ਉਹ ਹਰ ਜਾਂਚ ਲਈ ਤਿਆਰ ਹਨ। ਉਨ੍ਹਾਂ ਦੇ ਸਿਆਸੀ ਅਕਸ ਨੂੰ ਖਰਾਬ ਕਰਨ ਲਈ ਇਹ ਸਭ ਕੁਝ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਉਹ ਪੂਰੇ ਦਾਅਵੇ ਨਾਲ ਕਹਿ ਸਕਦੇ ਹਨ ਕਿ ਉਨ੍ਹਾਂ ਦਾ ਬੇਟਾ ਕੋਈ ਗਲਤ ਕੰਮ ਕਰ ਹੀ ਨਹੀਂ ਸਕਦਾ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News