5 ਮਹੀਨੇ ਤੋਂ ਨਦੀਆਂ ''ਚ ਸਿੱਧੀ ਗੰਦਗੀ ਸੁੱਟ ਰਹੇ 21 ਸਰਕਾਰੀ ਸੀਵਰੇਜ ਟ੍ਰੀਟਮੇਂਟ ਪਲਾਂਟ

07/08/2019 10:44:41 PM

ਚੰਡੀਗੜ੍ਹ,(ਅਸ਼ਵਨੀ): ਪਿਛਲੇ 5 ਮਹੀਨਿਆਂ ਤੋਂ ਪੰਜਾਬ ਦੇ ਕਰੀਬ 21 ਸੀਵਰੇਜ ਟ੍ਰੀਟਮੇਂਟ ਪਲਾਂਟ ਨਦੀਆਂ 'ਚ ਸਿੱਧੇ ਗੰਦਗੀ ਸੁੱਟ ਰਹੇ ਹਨ। ਇਨ੍ਹਾਂ ਸੀਵਰੇਜ ਟ੍ਰੀਟਮੇਂਟ ਪਲਾਂਟਾਂ ਤੋਂ ਨਿਕਲਣ ਵਾਲਾ ਪਾਣੀ ਨਿਰਧਾਰਤ ਮਾਪਦੰਡਾਂ 'ਤੇ ਖਰਾ ਨਹੀਂ ਹੈ। ਇਹ ਖੁਲਾਸਾ ਜੂਨ, 2019 ਦੀ ਕੰਪਾਇਲ ਰਿਪੋਰਟ 'ਚ ਹੋਇਆ ਹੈ। ਰਿਪੋਰਟ 'ਚ ਸਾਹਮਣੇ ਆਇਆ ਹੈ ਕਿ 5 ਮਹੀਨਿਆਂ ਦੌਰਾਨ 21 ਟ੍ਰੀਟਮੈਂਟ ਪਲਾਂਟਾਂ ਦੇ ਲਗਾਤਾਰ ਸੈਂਪਲ ਲਏ ਗਏ ਪਰ ਕੋਈ ਵੀ ਟ੍ਰੀਟਮੈਂਟ ਪਲਾਂਟ ਲਗਾਤਾਰ ਇਕ ਵਾਰ ਵੀ ਨਿਰਧਾਰਤ ਮਾਪਦੰਡ ਨੂੰ ਪੂਰਾ ਨਹੀਂ ਕਰ ਸਕਿਆ। ਇਸ ਸਾਰੇ ਟ੍ਰੀਟਮੇਂਟ ਪਲਾਂਟ ਦੀ ਜਾਂਚ-ਪੜਤਾਲ ਲਈ ਪਾਣੀ ਦੇ ਜੋ ਨਮੂਨੇ ਲਏ ਗਏ, ਉਹ 3 ਵਾਰ ਤੋਂ ਜ਼ਿਆਦਾ ਫੇਲ ਪਾਏ ਗਏ। ਇਹ ਹਾਲਾਤ ਉਦੋਂ ਹੈ ਜਦੋਂ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਲਗਾਤਾਰ ਨਦੀਆਂ 'ਚ ਪ੍ਰਦੂਸ਼ਣ ਮੁਕਤ ਬਣਾਉਣ ਲਈ ਨਿਰਦੇਸ਼ ਜਾਰੀ ਕਰ ਰਹੀ ਹੈ। ਦਸੰਬਰ, 2018 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਾਰੇ ਰਾਜਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਨਦੀਆਂ ਦੇ ਪਾਣੀ ਨੂੰ ਸ਼ੁੱਧ ਕਰਨ ਦੀ ਦਿਸ਼ਾ 'ਚ ਸਖ਼ਤ ਕਦਮ ਚੁੱਕੇ ਜਾਣ। ਘੱਟ ਤੋਂ ਘੱਟ ਨਦੀਆਂ ਦੇ ਪਾਣੀ ਨੂੰ ਨਹਾਉਣ ਲਾਇਕ ਬਣਾਉਣ ਦੀ ਦਿਸ਼ਾ 'ਚ ਕੰਮ ਕੀਤਾ ਜਾਵੇ। ਇਸ ਲਈ ਟ੍ਰਿਬਿਊਨਲ ਨੇ ਰਾਜ ਸਰਕਾਰਾਂ ਨੂੰ ਐਕਸ਼ਨ ਪਲਾਨ ਬਣਾਉਣ ਦੀ ਵੀ ਹਿਦਾਇਤ ਦਿੱਤੀ ਸੀ। ਬੇਸ਼ਕ ਪੰਜਾਬ ਸਰਕਾਰ ਨੇ ਐਕਸ਼ਨ ਪਲਾਨ ਤਾਂ ਤਿਆਰ ਕਰ ਲਿਆ ਹੈ, ਪਰ ਨਦੀਆਂ 'ਚ ਪ੍ਰਦੂਸ਼ਿਤ ਪਾਣੀ ਰੋਕਣ 'ਚ ਰਾਜ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ।

ਪੰਜਾਬ 'ਚ 4 ਨਦੀਆਂ ਪ੍ਰਦੂਸ਼ਿਤ ਨਦੀ ਦੀ ਸ਼੍ਰੇਣੀ 'ਚ:
ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੇ ਪੰਜਾਬ ਦੀਆਂ 4 ਨਦੀਆਂ ਨੂੰ ਪ੍ਰਦੂਸ਼ਿਤ ਨਦੀ ਜਾਂ ਇਨ੍ਹਾਂ ਨਦੀਆਂ ਦੇ ਕੁਝ ਭਾਗ ਨੂੰ ਪ੍ਰਦੂਸ਼ਿਤ ਐਲਾਨਿਆ ਹੋਇਆ ਹੈ। ਇਨ੍ਹਾਂ 'ਚੋਂ ਸਤਲੁਜ ਅਤੇ ਘੱਗਰ ਨੂੰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਨਦੀਆਂ ਦੀ ਸ਼੍ਰੇਣੀ ਨੰਬਰ-1'ਚ ਰੱਖਿਆ ਗਿਆ ਹੈ।ਟ੍ਰਿਬਿਊਨਲ ਨੇ ਅਜਿਹੀਆਂ ਨਦੀਆਂ ਦੇ ਪ੍ਰਦੂਸ਼ਣ ਦੀ ਰੋਕਥਾਮ 'ਚ ਕੋਤਾਹੀ ਵਰਤਣ ਵਾਲਿਆਂ ਤੋਂ ਪਰਫਾਰਮੇਂਸ ਗਾਰੰਟੀ ਵਸੂਲਣ ਦੇ ਵੀ ਨਿਰਦੇਸ਼ ਦਿੱਤੇ ਹਨ। ਸ਼੍ਰੇਣੀ-1 ਵਾਲੀਆਂ ਨਦੀਆਂ ਵਾਲੇ ਰਾਜਾਂ ਤੋਂ 15 ਕਰੋੜ ਰੁਪਏ ਹਰ ਇਕ ਨਦੀ ਪਰਫਾਰਮੇਂਸ ਗਾਰੰਟੀ ਵਸੂਲਣ ਦੀ ਗੱਲ ਕਹੀ ਗਈ ਹੈ ਤਾਂ ਕਿ ਨਦੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਤਿਆਰ ਕੀਤੇ ਗਏ ਐਕਸ਼ਨ ਪਲਾਨ ਨੂੰ ਨਿਰਧਾਰਤ ਸਮਾਂ-ਸੀਮਾ 'ਚ ਪੂਰਾ ਕੀਤਾ ਜਾ ਸਕੇ।

ਸਤਲੁਜ ਦੇ 15, ਘੱਗਰ ਦੇ 4 ਸੈਂਪਲ ਫੇਲ:
ਸ਼੍ਰੇਣੀ-1 'ਚ ਹੋਣ ਦੇ ਬਾਵਜੂਦ ਘੱਗਰ ਤੇ ਸਤਲੁਜ ਨਦੀ ਦੇ ਆਸਪਾਸ ਇਲਾਕੇ 'ਚ ਲੱਗੇ ਸੀਵਰੇਜ ਟ੍ਰੀਟਮੈਂਟ ਪਲਾਂਟ ਠੀਕ ਕੰਮ ਨਹੀਂ ਕਰ ਰਹੇ ਹਨ। ਇਕੱਲੇ ਜੂਨ, 2019 'ਚ ਸਤਲੁਜ ਦੇ 15 ਸੀਵਰੇਜ ਟ੍ਰੀਟਮੈਂਟ ਪਲਾਂਟ ਜਦੋਂ ਕਿ ਘੱਗਰ ਦੇ 4 ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਲਏ ਗਏ ਨਮੂਨੇ ਫੇਲ ਪਾਏ ਗਏ ਹਨ। ਆਮ ਤੌਰ 'ਤੇ ਨਮੂਨੇ ਬਾਇਓਕੈਮੀਕਲ ਆਕਸੀਜਨ ਡਿਮਾਂਡ (ਬੀ.ਓ.ਡੀ.), ਫੀਕਲ ਕਾਲੀਫਾਰਮ (ਐਫ.ਕੋਲੀ), ਪੋਟੈਂਸ਼ੀਅਲ ਆਫ ਹਾਈਡ੍ਰੋਜਨ (ਪੀ.ਐਚ.) ਦੇ ਨਿਰਧਾਰਤ ਮਾਪਦੰਡ 'ਤੇ ਖਰੇ ਨਹੀਂ ਉਤਰੇ।

ਸਭ ਤੋਂ ਵੱਧ 102 ਸੈਂਪਲ ਲਏ ਗਏ:
ਪੰਜਾਬ 'ਚ ਪਿਛਲੇ 5 ਮਹੀਨਿਆਂ ਦੌਰਾਨ ਮਈ, 2019 'ਚ ਪ੍ਰਦੇਸ਼ਭਰ ਤੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਸਭ ਤੋਂ ਵੱਧ 102 ਸੈਂਪਲ ਲਈ ਗਏ, ਜਿਨ੍ਹਾਂ 'ਚੋਂ 36 ਸੈਂਪਲ ਫੇਲ ਪਾਏ ਗਏ। ਇਸ ਕੜੀ 'ਚ ਕਰੀਬ 23 ਸੈਂਪਲ ਸਿਰਫ਼ ਸੰਕੇਤਕ ਤੌਰ 'ਤੇ ਪਾਸ ਹੋਏ। ਮਾਹਰਾਂ ਦੀ ਮੰਨੀਏ ਤਾਂ ਇਹ ਬੇਹੱਦ ਖੇਦਜਨਕ ਗੱਲ ਹੈ ਕਿ 102 ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਸੈਂਪਲ 'ਚ ਸਿਰਫ਼ 53 ਸੈਂਪਲ ਹੀ ਪੂਰੇ ਤੌਰ 'ਤੇ ਪਾਸ ਹੋ ਸਕੇ ਹਨ। ਸਾਫ਼ ਹੈ ਕਿ ਬਾਕੀ ਸੈਂਪਲ ਨਿਰਧਾਰਤ ਮਾਪਦੰਡਾਂ 'ਤੇ ਖਰੇ ਨਹੀਂ ਉਤਰ ਰਹੇ ਹਨ। ਇਹ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਦਿਸ਼ਾ 'ਚ ਬੇਹੱਦ ਢਿੱਲਾ ਰਵੱਈਆ ਹੈ।


Related News