ਸ੍ਰੀ ਹਜ਼ੂਰ ਸਾਹਿਬ ’ਚ ਫਸੇ ਫਾਜ਼ਿਲਕਾ ਦੇ 200 ਸ਼ਰਧਾਲੂ

Wednesday, Mar 25, 2020 - 10:42 PM (IST)

ਜਲਾਲਾਬਾਦ (ਬੰਟੀ)– ਬੀਤੇ ਦਿਨੀਂ ਛੁੱਟੀਆਂ ਕਾਰਣ ਸ਼ਰਧਾਲੂ ਆਪਣੀਆਂ-ਆਪਣੀਆਂ ਮਾਨਤਾਵਾਂ ਦੇ ਹਿਸਾਬ ਨਾਲ ਵੱਖ-ਵੱਖ ਧਾਰਮਕ ਅਸਥਾਨਾਂ ’ਤੇ ਮੱਥਾ ਟੇਕਣ ਲਈ ਗਏ ਸਨ। ਅਚਾਨਕ ਹੀ ਕੋਰੋਨਾ ਵਾਇਰਸ ਕਾਰਣ ਬੱਸਾਂ, ਰੇਲ ਗੱਡੀਆਂ ਅਤੇ ਪ੍ਰਾਈਵੇਟ ਵਾਹਨਾਂ ’ਤੇ ਰੋਕ ਲਗਾ ਦਿੱਤੀ ਗਈ। ਸਾਰੇ ਸ਼ਰਧਾਲੂ ਵੱਖ-ਵੱਖ ਧਾਰਮਕ ਅਸਥਾਨਾਂ ’ਤੇ ਫਸ ਗਏ। ਅੱਜ ਸਾਡੇ ਪ੍ਰਤੀਨਿਧੀ ਬੰਟੀ ਦਹੂਜਾ ਨਾਲ ਕੁਝ ਸ਼ਰਧਾਲੂਆਂ ਨੇ ਮੋਬਾਇਲ ਰਾਹੀਂ ਰਾਬਤਾ ਕਾਇਮ ਕੀਤਾ ਅਤੇ ਕਿਹਾ ਕਿ ਕਰਫਿਊ ਲੱਗਣ ਅਤੇ ਰੇਲ ਗੱਡੀਆਂ ਬੰਦ ਹੋਣ ਕਾਰਣ ਸ੍ਰੀ ਹਜ਼ੂਰ ਸਾਹਿਬ ਵਿਖੇ 2 ਹਜ਼ਾਰ ਦੇ ਕਰੀਬ ਸ਼ਰਧਾਲੂ ਫਸੇ ਹੋਏ ਹਨ , ਜਿਨ੍ਹਾਂ ’ਚ ਜ਼ਿਲਾ ਫਾਜ਼ਿਲਕਾ ਦੇ 200 ਤੋਂ ਵਧ ਸ਼ਰਧਾਲੂ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਇੰਤਜ਼ਾਰ ਕਰ ਰਹੇ ਸਨ ਕਿ ਜਲਦ ਰੇਲ ਗੱਡੀਆਂ ਸ਼ੁਰੂ ਹੋਣ ਅਤੇ ਉਹ ਆਪਣੇ ਘਰਾਂ ਨੂੰ ਵਾਪਸ ਆਉਣ ਪਰ ਬੀਤੀ ਰਾਤ ਸੈਂਟਰ ਸਰਕਾਰ ਵੱਲੋਂ 21 ਦਿਨਾਂ ਦਾ ਹੋਰ ਕਰਫਿਊ ਵਧਾ ਦਿੱਤਾ ਗਿਆ ਹੈ।
ਸ਼ਰਧਾਲੂਆਂ ਨੇ ਮੰਗ ਕੀਤੀ ਹੈ ਕਿ ਜਿਵੇਂ ਸਰਕਾਰਾਂ ਵੱਲੋਂ ਸ੍ਰੀ ਪਟਨਾ ਸਾਹਿਬ ਦੇ ਸ਼ਰਧਾਲੂਆਂ ਲਈ ਸਪੈਸ਼ਲ ਰੇਲ ਗੱਡੀ ਚਲਾ ਕੇ ਸ਼ਰਧਾਲੂਆਂ ਨੂੰ ਵਾਪਸ ਲਿਆਂਦਾ ਗਿਆ ਹੈ, ਉਸੇ ਤਰ੍ਹਾਂ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਇਕ ਸਪੈਸ਼ਲ ਰੇਲ ਗੱਡੀ ਚਲਾਈ ਜਾਵੇ ਤਾਂ ਜੋ ਉਹ ਸਭ ਆਪਣੇ ਘਰ ਪਰਤ ਸਕਣ। ਅੰਤ ’ਚ ਉਨ੍ਹਾਂ ਐੱਮ. ਐੱਲ. ਏ. ਹਲਕਾ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਅਤੇ ਐੱਮ. ਐੱਲ. ਏ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ ਤੋਂ ਮੀਡੀਆ ਰਾਹੀਂ ਮੰਗ ਕੀਤੀ ਕਿ ਉਹ ਸ਼ਰਧਾਲੂਆਂ ਬਾਰੇ ਹਾਈਕਮਾਨ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਲਈ ਸਪੈਸ਼ਲ ਰੇਲ ਗੱਡੀ ਚਲਾਈ ਜਾਵੇ।
ਪ੍ਰਬੰਧਕਾਂ ਵੱਲੋਂ ਹਨ ਪੁਖਤਾ ਪ੍ਰਬੰਧ
ਸ਼ਰਧਾਲੂਆਂ ਕੋਲੋਂ ਉਥੇ ਰਹਿਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰਹਿਣ ਲਈ ਉਨ੍ਹਾਂ ਨੂੰ ਏ. ਸੀ. ਰੂਮ ਦਿੱਤੇ ਗਏ ਹਨ ਅਤੇ ਪ੍ਰਬੰਧਕਾਂ ਵੱਲੋਂ ਬਹੁਤ ਵਧੀਆ ਅਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ।


Gurdeep Singh

Content Editor

Related News