ਚੌਂਕੀਮਾਨ ''ਚ ਚਿੱਟੇ ਨੇ ਲਈ 20 ਸਾਲਾ ਨੌਜਵਾਨ ਦੀ ਜਾਨ

Saturday, Jul 18, 2020 - 10:39 PM (IST)

ਚੌਂਕੀਮਾਨ ''ਚ ਚਿੱਟੇ ਨੇ ਲਈ 20 ਸਾਲਾ ਨੌਜਵਾਨ ਦੀ ਜਾਨ

ਚੌਂਕੀਮਾਨ, (ਗਗਨਦੀਪ)- ਪਿੰਡ ਭੂੰਦੜੀ ਦੇ 20 ਸਾਲਾ ਨੌਜਵਾਨ ਦੀ ਚਿੱਟੇ ਨਾਲ ਮੌਤ ਹੋਣ ਦੀ ਖਬਰ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਜਗਰੂਪ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਮੇਰਾ ਬੇਟਾ ਕੁਲਵੀਰ ਸਿੰਘ (20) ਜੋ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਚਿੱਟੇ ਦੇ ਨਸ਼ੇ ਦਾ ਆਦੀ ਹੋ ਚੁੱਕਾ ਸੀ। ਕੱਲ ਰਾਤ ਕਿਸੇ ਨੇ ਸਾਨੂੰ ਫੋਨ ਕੀਤਾ ਕਿ ਤਹਾਡਾ ਲੜਕਾ ਪਿੰਡ ਕੁਲ ਗਹਿਣਾ ਵਿਖੇ ਡਿੱਗਾ ਪਿਆ ਹੈ। ਜਦੋਂ ਅਸੀਂ ਜਾ ਕੇ ਵੇਖਿਆ ਤਾਂ ਬਾਂਹ ਵਿਚ ਸੂਈ ਲੱਗੀ ਹੋਈ ਸੀ ਅਤੇ ਮੌਤ ਹੋ ਚੁੱਕੀ ਸੀ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਹੋਣ ਕਰਕੇ ਹੋਈ ਹੈ।

ਕੁਲਵੀਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਅਸੀ ਇਸ ਦਾ ਇਲਾਜ਼ ਵੀ ਕਰਵਾਇਆ ਸੀ ਅਤੇ ਨਸ਼ਾ ਛੱਡ ਚੁੱਕਾ ਸੀ ਪਰ ਚਿੱਟਾ ਸ਼ਰੇਆਮ ਮਿਲਣ ਕਰ ਕੇ ਫਿਰ ਲੱਗ ਗਿਆ। ਉਨ੍ਹਾਂ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲੇ ਸੌਦਾਗਰ ਦਿਨ-ਰਾਤ ਖੁੱਲ੍ਹੇਆਮ ਪਿੰਡ- ਪਿੰਡ ਜਾ ਕੇ ਨਸ਼ਾ ਸਪਲਾਈ ਕਰਦੇ ਹਨ ਅਤੇ ਸਾਡੇ ਨੌਜਵਾਨ ਬੇਰਾਂ ਵਾਂਗ ਝੜ ਰਹੇ ਹਨ। ਇਸ ਸਬੰਧੀ ਪੁਲਸ ਚੌਕੀ ਇੰਚਾਰਜ ਸਬ-ਇੰਸਪੈਕਟਰ ਰਮਨਦੀਪ ਸਿੰਘ ਨੇ ਕਿਹਾ ਡਾਕਟਰਾਂ ਵਲੋਂ ਭੇਜੇ ਗਏ ਰੁੱਕੇ ਅਨੁਸਾਰ ਮ੍ਰਿਤਕ ਦੀ ਮੌਤ ਦਾ ਕਾਰਣ ਬੀ. ਪੀ. ਘੱਟ ਹੋ ਜਾਣਾ ਲਿਖਿਆ ਹੈ।


author

Bharat Thapa

Content Editor

Related News