ਪੰਜਾਬ ’ਚ ਅਗਲੇ ਸਾਲ ਏਅਰੋਸੋਲ ਪ੍ਰਦੂਸ਼ਣ ’ਚ 20 ਫੀਸਦੀ ਵਾਧੇ ਦਾ ਅਨੁਮਾਨ, ਪਰਾਲੀ ਸਭ ਤੋਂ ਵੱਡਾ ਕਾਰਕ
Wednesday, Nov 09, 2022 - 01:55 AM (IST)
ਚੰਡੀਗੜ੍ਹ (ਰਮਨਜੀਤ ਸਿੰਘ)-ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨ ਜੇਕਰ ਪ੍ਰਫੁੱਲਿਤ ਹੋਏ ਤਾਂ ਪੰਜਾਬ ਦੇ ਲੋਕਾਂ ਨੂੰ ਅਗਲੇ ਸਾਲ ਬਹੁਤ ਵੱਡੀ ਰਾਹਤ ਹਾਸਲ ਹੋ ਸਕਦੀ ਹੈ। ਇਹ ਰਾਹਤ ਏਅਰੋਸੋਲ ਪ੍ਰਦੂਸ਼ਣ ਦੇ ਮਾਮਲੇ ਵਿਚ ਹੋਵੇਗੀ, ਜਿਸ ਦੇ ਕਿ ਅਗਲੇ ਸਾਲ 20 ਫੀਸਦੀ ਵਧਣ ਦੀ ਸ਼ੰਕਾ ਜਤਾਈ ਗਈ ਹੈ। ਇਹ ਸ਼ੰਕਾ ਬੋਸ ਇੰਸਟੀਚਿਊਟ ਕੋਲਕਾਤਾ ਦੇ ਐਸੋਸੀਏਟ ਪ੍ਰੋਫੈਸਰ ਤੇ ਰਿਸਰਚਰ ਡਾ. ਅਭਿਜੀਤ ਚੈਟਰਜੀ ਤੇ ਪੀ. ਐੱਚ. ਡੀ. ਸਕਾਲਰ ਮੋਨਾਮੀ ਦੱਤਾ ਵਲੋਂ ‘ਏ ਡੀਪ ਇਨਸਾਈਟ ਇਨਟੂ ਸਟੇਟ ਲੈਵਲ ਏਅਰੋਸੋਲ ਪਾਲਿਊਸ਼ਨ ਇਨ ਇੰਡੀਆ’ ਨਾਂ ਨਾਲ ਕੀਤੀ ਗਈ ਸਟੱਡੀ ’ਚ ਜਤਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਖੋਜਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੱਕ ਥਰਮਲ ਪਾਵਰ ਪਲਾਂਟ ਹੀ ਵੱਖ-ਵੱਖ ਸੂਬਿਆਂ ’ਚ ਏਅਰੋਸੋਲ ਪ੍ਰਦੂਸ਼ਣ ਦੇ ਸਭ ਤੋਂ ਵੱਡੇ ਕਾਰਕ ਸਨ ਤੇ ਉਨ੍ਹਾਂ ਤੋਂ ਬਾਅਦ ਆਵਾਜਾਈ ਵਾਹਨਾਂ ਦਾ ਨੰਬਰ ਆਉਂਦਾ ਸੀ ਪਰ ਪੰਜਾਬ ਵਿਚ ਇਹ ਸਥਿਤੀ 2010 ਤੋਂ ਬਾਅਦ ਲਗਾਤਾਰ ਬਦਲੀ ਤੇ ਪਰਾਲੀ ਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਸਾੜਨਾ ਏਅਰੋਸੋਲ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਕ ਬਣ ਕੇ ਉੱਭਰਿਆ। ਮੌਜੂਦਾ ਸਮੇਂ ਵਿਚ ਇਹ ਏਅਰੋਸੋਲ ਪ੍ਰਦੂਸ਼ਣ ’ਚ 34-35 ਫੀਸਦੀ ਤਕ ਦਾ ਯੋਗਦਾਨ ਪਾ ਰਿਹਾ ਹੈ, ਜਦਕਿ ਥਰਮਲ ਪਾਵਰ ਪਲਾਂਟ ਦਾ ਯੋਗਦਾਨ 20-25 ਫੀਸਦੀ ਤੇ ਆਵਾਜਾਈ ਵਾਹਨਾਂ ਦਾ 17-18 ਫੀਸਦੀ ਤਕ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਆਪਣੇ ਯਤਨਾਂ ਨਾਲ ਪਰਾਲੀ ਸਾੜਨ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਵਿਚ ਕਾਮਯਾਬ ਰਹਿੰਦੀ ਹੈ ਤਾਂ ਪੰਜਾਬ ਦੀ ਆਬੋਹਵਾ ਵਿਚ ਬਹੁਤ ਵੱਡਾ ਸੁਧਾਰ ਆ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅੱਜ, ਕਾਂਟੇ ਦੀ ਟੱਕਰ, ਜੋੜ-ਤੋੜ ਦੀ ਸਿਆਸਤ ਜ਼ੋਰਾਂ ’ਤੇ
ਧਿਆਨ ਰਹੇ ਕਿ ਪਿਛਲੇ ਹਫ਼ਤੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਆਪਣੇ ਰਾਜ ਵਿਚ ਕਿਸਾਨਾਂ ਤੇ ਮਾਹਿਰਾਂ ਦੇ ਨਾਲ ਮਿਲ ਕੇ ਅਜਿਹੇ ਕਦਮ ਚੁੱਕੇਗੀ, ਜਿਨ੍ਹਾਂ ਨਾਲ ਪੰਜਾਬ ਵਿਚ ਪਰਾਲੀ ਸਾੜਨ ਦਾ ਰੁਝਾਨ ਬੰਦ ਹੋ ਜਾਵੇਗਾ ਤੇ ਪਰਾਲੀ ਦੀ ਵਰਤੋਂ ਕਿਸਾਨਾਂ ਦੀ ਆਰਥਿਕਤਾ ਮਜਬੂਤ ਕਰਨ ਵਿਚ ਹੋਵੇਗੀ।