ਤੇਜ਼ ਰਫ਼ਤਾਰ ਕਾਰ ਨੌਜਵਾਨਾਂ 'ਤੇ ਕਾਲ ਬਣ ਕੇ ਚੜ੍ਹੀ, ਭਿਆਨਕ ਮੰਜ਼ਰ ਦੇਖਣ ਵਾਲਿਆਂ ਦੇ ਦਹਿਲ ਗਏ ਦਿਲ (ਤਸਵੀਰਾਂ)
Monday, May 22, 2023 - 10:38 AM (IST)
ਖੰਨਾ (ਵਿਪਨ) : ਖੰਨਾ 'ਚ ਬੀਤੀ ਦੇਰ ਰਾਤ ਤੇਜ਼ ਰਫ਼ਤਾਰ ਕਾਰ ਨੇ 2 ਨੌਜਵਾਨਾਂ ਦੀ ਜਾਨ ਲੈ ਲਈ। ਮ੍ਰਿਤਕਾਂ ਨੌਜਵਾਨਾਂ ਦੀ ਉਮਰ 25 ਤੋਂ 30 ਸਾਲ ਦੱਸੀ ਜਾ ਰਹੈ ਹੈ, ਜਦੋਂ ਕਿ ਤੀਜਾ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਸਮਰਾਲਾ ਰੋਡ ਵਿਖੇ ਵਾਪਰਿਆ, ਜਿੱਥੇ ਇਹ ਨੌਜਵਾਨ ਸੜਕ ਦੇ ਕੋਲ ਲੱਗੇ ਸੀਮੇਂਟ ਦੇ ਬੈਂਚ 'ਤੇ ਬੈਠੇ ਸੀ। ਕਾਰ ਸਵਾਰ ਮੁੰਡਿਆਂ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਕਰਕੇ ਉਹ ਕਾਰ ਕੰਟਰੋਲ ਨਹੀਂ ਕਰ ਸਕੇ ਅਤੇ ਕਾਰ ਬੇਕਾਬੂ ਹੋ ਕੇ ਦਰੱਖਤ ਨੂੰ ਤੋੜਦੀ ਹੋਈ ਨੌਜਵਾਨਾਂ 'ਤੇ ਚੜ੍ਹ ਗਈ। ਇਸ ਮਾਮਲੇ 'ਚ ਪੁਲਸ ਦੀ ਕਾਰਵਾਈ ਤੋਂ ਨਿਰਾਸ਼ ਲੋਕਾਂ ਨੇ ਪੁਲਸ 'ਤੇ ਦੋਸ਼ੀਆਂ ਦਾ ਸਾਥ ਦੇਣ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ : ਪੰਜਾਬ 'ਚ ਬੈਲਗੱਡੀਆਂ ਦੀ ਦੌੜ ਦੇਖਣ ਦੇ ਚਾਹਵਾਨ ਦੇਣ ਧਿਆਨ, ਇਸ ਤਾਰੀਖ਼ ਨੂੰ ਮਾਣ ਸਕੋਗੇ ਆਨੰਦ
ਹਾਦਸੇ ਦੇ ਚਸ਼ਮਦੀਦ ਪਰਮਜੀਤ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਜਦੋਂ ਬੈਂਚ 'ਤੇ ਬੈਠੇ ਸੀ ਤਾਂ ਤੇਜ਼ ਰਫ਼ਤਾਰ ਨਾਲ ਕਾਰ ਆਈ। ਕਾਰ ਡਰਾਈਵਰ ਨੇ ਕੋਈ ਬ੍ਰੇਕ ਨਹੀਂ ਲਗਾਈ। ਕਾਰ ਦਰੱਖਤ ਨੂੰ ਤੋੜਦੀ ਹੋਈ ਆਟਾ ਚੱਕੀ ਦੇ ਬਾਹਰ ਪਏ ਇੱਕ ਭਾਰੀ ਪੱਥਰ 'ਚ ਵੱਜੀ ਅਤੇ ਫਿਰ ਨੌਜਵਾਨਾਂ 'ਤੇ ਚੜ੍ਹ ਗਈ। ਪੱਥਰ ਇੱਕ ਨੌਜਵਾਨ ਉੱਪਰ ਜਾ ਕੇ ਡਿੱਗਿਆ। ਉਸ ਦੀ ਮੌਕੇ 'ਤੇ ਮੌਤ ਹੋ ਗਈ। ਦੂਜੇ ਨੌਜਵਾਨ ਦੀ ਵੀ ਮੌਤ ਹੋ ਗਈ। ਤੀਜਾ ਨੌਜਵਾਨ ਇਸ ਸਮੇਂ ਵੈਂਟੀਲੇਟਰ 'ਤੇ ਹੈ। ਪੁਲਸ ਜਾਂਚ ਲਈ ਆਈ ਸੀ ਤਾਂ ਕਾਰ ਵਾਲਿਆਂ ਦਾ ਹੀ ਸਾਥ ਦੇ ਰਹੀ ਸੀ। ਇੱਕ ਹੋਰ ਚਸ਼ਮਦੀਦ ਅਮਰਦੀਪ ਸਿੰਘ ਅਨੁਸਾਰ ਉਹ ਆਪਣੀ ਪਤਨੀ ਨਾਲ ਸੈਰ ਕਰ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਸਾਹਮਣੇ ਇਹ ਦਰਦਨਾਕ ਹਾਦਸਾ ਵਾਪਰਿਆ। ਉਸ ਨੇ ਦੱਸਿਆ ਕਿ ਕਾਰ 'ਚ ਸਵਾਰ ਤਿੰਨ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ। ਅਮਰਦੀਪ ਸਿੰਘ ਵੱਲੋਂ ਵੀ ਪੁਲਸ ਦੀ ਕਾਰਵਾਈ 'ਤੇ ਸਵਾਲ ਚੁੱਕੇ ਗਏ ਹਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਅੱਜ ਸੰਗਰੂਰ ਦੌਰੇ 'ਤੇ, ਜ਼ਿਲ੍ਹੇ ਦੇ ਲੋਕਾਂ ਨੂੰ ਦੇਣਗੇ ਸੌਗਾਤ
ਇੱਕ ਮ੍ਰਿਤਕ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਦੇ ਨਾਲ ਉਸਦੇ 2 ਭਤੀਜੇ ਬੈਠੇ ਸੀ। ਇਨ੍ਹਾਂ 'ਤੇ ਕਾਰ ਆ ਕੇ ਚੜ੍ਹੀ। ਉਨ੍ਹਾਂ ਨੇ ਵੀ ਪੁਲਸ ਦੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਕਾਰ ਸਵਾਰਾਂ ਨੇ ਨਸ਼ਾ ਵੀ ਕੀਤਾ ਹੋਇਆ ਸੀ, ਜਿਸ ਕਰਕੇ ਇਸ ਹਾਦਸੇ 'ਚ 2 ਮੌਤਾਂ ਹੋਈਆਂ। ਇੱਕ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ। ਬਾਕੀ 2 ਨੌਜਵਾਨਾਂ ਨੂੰ ਜਖ਼ਮੀ ਹਾਲਤ 'ਚ ਖੰਨਾ ਤੋਂ ਰੈਫ਼ਰ ਕੀਤਾ ਗਿਆ, ਜਿਸ ਦੌਰਾਨ ਦੂਜੇ ਨੌਜਵਾਨ ਦੀ ਰਸਤੇ 'ਚ ਮੌਤ ਹੋ ਗਈ। ਤੀਜਾ ਨੌਜਵਾਨ ਚੰਡੀਗੜ੍ਹ ਦਾਖ਼ਲ ਕਰਾਇਆ ਗਿਆ। ਕਾਰ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਹਨ। ਉਸ ਦਾ ਇਲਾਜ ਚੱਲ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ