ਝਾਰਖੰਡ ਤੋਂ ਅਫੀਮ ਦੀ ਸਪਲਾਈ ਦੇਣ ਆਈਆਂ 2 ਔਰਤਾਂ ਗ੍ਰਿਫਤਾਰ
Saturday, Sep 04, 2021 - 10:36 PM (IST)
ਲੁਧਿਆਣਾ (ਰਾਮ)- ਥਾਣਾ ਜਮਾਲਪੁਰ ਅਧੀਨ ਆਉਂਦੀ ਚੌਕੀ ਮੂੰਡੀਆਂ ਕਲਾਂ ਦੀ ਪੁਲਸ ਨੇ ਗਸ਼ਤ ਦੌਰਾਨ 2 ਔਰਤਾਂ ਨੂੰ ਅਫੀਮ ਦੀ ਵੱਡੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਬੀਤੀ 3 ਸਤੰਬਰ ਨੂੰ ਚੌਕੀ ਇੰਚਾਰਜ ਦਲਬੀਰ ਸਿੰਘ ਆਪਣੀ ਪੁਲਸ ਟੀਮ ਸਮੇਤ ਅਸਮਾਜਿਕ ਅਨਸਰਾਂ ਦੀ ਤਲਾਸ਼ ’ਚ 33 ਫੁੱਟ ਰੋਡ ਉੱਪਰ ਗਸ਼ਤ ਕਰ ਰਹੇ ਸਨ। ਜਦੋਂ ਪੁਲਸ ਟੀਮ ਪਿੰਡ ਮੂੰਡੀਆਂ ਕਲਾਂ, ਕੂੜੇ ਦੇ ਡੰਪ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਪੈਦਲ ਆ ਰਹੀਆਂ 2 ਔਰਤਾਂ ਆਉਂਦੀਆਂ ਵਿਖਾਈ ਦਿੱਤੀਆਂ, ਜਿਨ੍ਹਾਂ ਹੱਥਾਂ ’ਚ ਵਜ਼ਨਦਾਰ ਲਿਫਾਫੇ ਫੜੇ ਹੋਏ ਸਨ। ਚੌਕੀ ਇੰਚਾਰਜ ਵੱਲੋਂ ਮਹਿਲਾ ਪੁਲਸ ਮੁਲਾਜ਼ਮ ਪਾਸੋਂ ਉਕਤ ਔਰਤਾਂ ਵੱਲੋਂ ਫੜੇ ਲਿਫਾਫਿਆਂ ਦੀ ਤਲਾਸ਼ੀ ਕਰਵਾਈ ਗਈ ਤਾਂ ਉਨ੍ਹਾਂ ’ਚੋਂ ਪੁਲਸ ਪਾਰਟੀ ਨੂੰ ਅਫੀਮ ਦੀ ਬਰਾਮਦਗੀ ਹੋਈ।
ਇਹ ਵੀ ਪੜ੍ਹੋੋ- ਮਨਜਿੰਦਰ ਸਿੰਘ ਸਿਰਸਾ ਨੇ ਹਰਿਆਣਾ 'ਚ ਪ੍ਰੀਖਿਆਵਾਂ ਲਈ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਲਗਾਉਣ ਦਾ ਕੀਤਾ ਵਿਰੋਧ
ਥਾਣਾ ਮੁਖੀ ਇੰਸੈਕਟਰ ਮੱਲ੍ਹੀ ਨੇ ਦੱਸਿਆ ਕਿ ਮਬੀਨਾ ਬੇਗਮ ਪਤਨੀ ਸਵ. ਅਖਤਰ ਅਨਸਾਰੀ ਵਾਸੀ ਪਿੰਡ ਤੁਨਗੁਨ, ਜ਼ਿਲ੍ਹਾ ਪਲਾਮੋ, ਝਾਰਖੰਡ ਪਾਸੋਂ 620 ਗ੍ਰਾਮ ਅਤੇ ਮੀਨਾ ਦੇਵੀ ਪਤਨੀ ਮਨੋਜ ਗੰਜੂ ਵਾਸੀ ਗੇਂਦਰਾ, ਝਾਰਖੰਡ ਪਾਸੋਂ 610 ਗ੍ਰਾਮ ਅਫੀਮ ਕੁੱਲ 1 ਕਿਲੋ 230 ਗ੍ਰਾਮ ਅਫੀਮ ਪੁਲਸ ਨੇ ਬਰਾਮਦ ਕੀਤੀ। ਚੌਕੀ ਇੰਚਾਰਜ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਪਤਾ ਚੱਲਿਆ ਕਿ ਉਕਤ ਦੋਵੇਂ ਔਰਤਾਂ ਝਾਰਖੰਡ ਦੀਆਂ ਰਹਿਣ ਵਾਲੀਆਂ ਹਨ। ਜੋ ਸਿਰਫ ਅਫੀਮ ਦੀ ਸਪਲਾਈ ਦੇਣ ਲਈ ਹੀ ਪੰਜਾਬ ਆਉਂਦੀਆਂ ਸਨ ਅਤੇ ਸਪਲਾਈ ਦੇਣ ਤੋਂ ਬਾਅਦ ਵਾਪਸ ਪਰਤ ਜਾਂਦੀਆਂ ਸਨ। ਪੁਲਸ ਵੱਲੋਂ ਅਸਲ ਸਪਲਾਇਰ ਅਤੇ ਇਥੇ ਲੁਧਿਆਣਾ ’ਚ ਸਪਲਾਈ ਲੈਣ ਵਾਲੇ ਵਿਅਕਤੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਪੁਲਸ ਇਸ ਮਾਮਲੇ ’ਚ ਹੋਰ ਕਈ ਤੱਥ ਪਤਾ ਲਾਵੇਗੀ।