ਚੋਰੀ ਦੇ ਮੋਟਰਸਾਈਕਲਾਂ ਸਣੇ 2 ਕਾਬੂ
Saturday, Feb 24, 2018 - 08:09 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ, ਸੁਖਪਾਲ) - ਚੋਰੀ ਦੇ 4 ਮੋਟਰਸਾਈਕਲਾਂ ਸਣੇ 2 ਵਿਅਕਤੀਆਂ ਨੂੰ ਸੀ. ਆਈ. ਏ. ਸਟਾਫ ਵੱਲੋਂ ਕਾਬੂ ਕੀਤਾ ਗਿਆ ਹੈ, ਜਦਕਿ 2 ਫਰਾਰ ਹੋ ਗਏ। ਸੀ. ਆਈ. ਏ. ਸਟਾਫ ਦੇ ਇੰਚਾਰਜ ਪ੍ਰਤਾਪ ਸਿੰਘ ਨੇ ਦੱਸਿਆ ਕਿ ਹੌਲਦਾਰ ਬਿੰਦਰਪਾਲ ਸਿੰਘ, ਗੁਰਜੰਟ ਸਿੰਘ, ਪੋਹਲਾ ਸਿੰਘ ਅਤੇ ਬਚਿੱਤਰ ਸਿੰਘ ਸ਼ਹਿਰ 'ਚ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕਮਲਦੀਪ ਸਿੰਘ ਉਰਫ਼ ਛੋਟਾ ਪੁੱਤਰ ਦਰਸ਼ਨ ਸਿੰਘ, ਜੋਗਿੰਦਰ ਸਿੰਘ ਜਿੰਦਰ ਪੁੱਤਰ ਮਨੋਹਰ ਸਿੰਘ, ਗੌਰੀ ਖ਼ਾਨ ਪੁੱਤਰ ਬੂਟਾ ਖਾਨ ਅਤੇ ਕਰਮਪਾਲ ਉਰਫ਼ ਕਰਮਾ ਪੁੱਤਰ ਸਤਪਾਲ ਵਾਸੀ ਵਣਵਾਲਾ ਅਣੂਕਾ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਉਹ ਚੋਰੀ ਦੇ ਮੋਟਰਸਾਈਕਲਾਂ ਸਣੇ ਮੁਕਤਸਰ ਵੱਲ ਆ ਰਹੇ ਹਨ। ਇਸ ਸੂਚਨਾ 'ਤੇ ਪੁਲਸ ਨੇ ਬਰਕੰਦੀ ਰੋਡ ਉੱਪਰ ਸੂਏ ਦੇ ਪੁਲ ਕੋਲ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ 'ਤੇ ਜਦੋਂ 4 ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਕੋਲ ਮੋਟਰਸਾਈਕਲ ਚੋਰੀ ਦੇ ਹਨ। ਇਸ ਦੌਰਾਨ ਪੁਲਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਦਕਿ ਦੋ ਫਰਾਰ ਹੋ ਗਏ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।