ਲੁਧਿਆਣਾ ''ਚ ਇਕ ਕਰੋੜ ਦੀ ਹੈਰੋਇਨ ਸਮੇਤ 2 ਨਸ਼ਾ ਤਸਕਰ ਗ੍ਰਿਫ਼ਤਾਰ

Friday, Apr 22, 2022 - 01:47 PM (IST)

ਲੁਧਿਆਣਾ ''ਚ ਇਕ ਕਰੋੜ ਦੀ ਹੈਰੋਇਨ ਸਮੇਤ 2 ਨਸ਼ਾ ਤਸਕਰ ਗ੍ਰਿਫ਼ਤਾਰ

ਲੁਧਿਆਣਾ (ਅਨਿਲ) : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 2 ਨਸ਼ਾ ਤਸਕਰਾਂ ਨੂੰ 1 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਪੁਲਸ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਸੀ ਕਿ ਟਿੱਬਾ ਇਲਾਕੇ ’ਚ 2 ਨਸ਼ਾ ਤਸਕਰ ਹੈਰੋਇਨ ਦੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਜਾ ਰਹੇ ਹਨ, ਜਿਸ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਇਆਪੁਰੀ ’ਚ ਇਕ ਘਰ ਵਿਚ ਛਾਪੇਮਾਰੀ ਕਰ ਕੇ 2 ਵਿਅਕਤੀਆਂ ਨੂੰ ਦਬੋਚ ਲਿਆ, ਜਦੋਂ ਕਿ ਪੁਲਸ ਨੇ ਉੱਥੇ ਤਲਾਸ਼ੀ ਲਈ ਤਾਂ 214 ਗ੍ਰਾਮ ਹੈਰੋਇਨ, ਇਕ ਇਲੈਕਟ੍ਰਾਨਿਕ ਕੰਡਾ ਅਤੇ ਖ਼ਾਲੀ ਲਿਫ਼ਾਫ਼ੇ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਵੇਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਪਛਾਣ ਸਚਿਨ ਕੁਮਾਰ (33) ਪੁੱਤਰ ਪਾਰਸ ਨਾਰਥ ਵਾਸੀ ਕਰਮਸਰ ਕਾਲੋਨੀ ਅਤੇ ਰਵਿੰਦਰ ਕੁਮਾਰ (36) ਪੁੱਤਰ ਸੇਵਾ ਸਿੰਘ ਵਾਸੀ ਮਾਇਆਪੁਰੀ ਵਜੋਂ ਕੀਤੀ ਗਈ। ਪੁਲਸ ਨੇ ਦੋਵੇਂ ਦੋਸ਼ੀਆਂ ਖ਼ਿਲਾਫ਼ ਮੋਹਾਲੀ ਐੱਸ. ਟੀ. ਐੱਫ. ਵਿਚ ਐੱਨ. ਡੀ. ਪੀ. ਐੱਸ. ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ 1 ਕਰੋੜ ਤੋਂ ਜ਼ਿਆਦਾ ਕੀਮਤ ਦੱਸੀ ਜਾ ਰਹੀ ਹੈ।
ਦੋਵੇਂ ਮੁਲਜ਼ਮ ਖੁਦ ਵੀ ਨਸ਼ਾ ਕਰਨ ਦੇ ਆਦੀ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨਸ਼ਾ ਤਸਕਰ ਹੌਜ਼ਰੀ ਵਿਚ ਕੰਮ ਕਰਦੇ ਹਨ ਅਤੇ ਦੋਵੇਂ ਖ਼ੁਦ ਵੀ ਨਸ਼ਾ ਕਰਨ ਦੇ ਆਦੀ ਹਨ। ਮੁਲਜ਼ਮ ਰਵਿੰਦਰ ਕੁਮਾਰ ’ਤੇ ਪਹਿਲਾਂ ਵੀ ਨਸ਼ਾ ਤਸਕਰੀ ਤੇ ਧੋਖਾਦੇਹੀ ਦੇ 3 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚ ਮੁਲਜ਼ਮ ਜੇਲ੍ਹ ਤੋਂ ਜ਼ਮਾਨਤ ’ਤੇ ਆਇਆ ਹੋਇਆ ਹੈ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ।


author

Babita

Content Editor

Related News