ਪੁਲਸ ਪਾਰਟੀ ’ਤੇ ਫਾਇਰ ਕਰਨ ਵਾਲੇ ਪਿਸਤੌਲ ਤੇ ਮੈਗਜ਼ੀਨ ਸਣੇ ਕਾਬੂ
Tuesday, Nov 26, 2024 - 10:27 AM (IST)
ਫਾਜ਼ਿਲਕਾ (ਨਾਗਪਾਲ) : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣਾ ਫਾਜ਼ਿਲਕਾ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਖਾਰਾ ਵਿਖੇ ਨਾਕੇਬੰਦੀ ਦੌਰਾਨ ਪੁਲਸ ਪਾਰਟੀ ’ਤੇ ਪਿਸਤੌਲ ਨਾਲ ਫਾਇਰ ਕਰਨ ਵਾਲੇ ਥਾਰ ਸਵਾਰ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਦਰਜ ਐੱਫ. ਆਈ. ਆਰ. ਅਨੁਸਾਰ ਪੁਲਸ ਪਾਰਟੀ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ ’ਤੇ ਪਿੰਡ ਖਾਰਾ ਕੋਲ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਰਾਤ 9.30 ਵਜੇ ਸ੍ਰੀ ਮੁਕਤਸਰ ਸਾਹਿਬ ਵੱਲੋਂ ਆ ਰਹੀ ਇਕ ਥਾਰ ਨੂੰ ਟਾਰਚ ਦੀ ਰੌਸ਼ਨੀ ਨਾਲ ਰੁਕਣ ਦਾ ਇਸ਼ਾਰਾ ਕੀਤਾ ਗਿਆ। ਥਾਰ ਦੇ ਡਰਾਈਵਰ ਵੱਲੋਂ ਇਕ ਵਾਰ ਗੱਡੀ ਹੌਲੀ ਕਰ ਲਈ ਗਈ। ਨੇੜੇ ਆ ਕੇ ਡਰਾਈਵਰ ਦੇ ਨਾਲ ਬੈਠੇ ਦੂਜੇ ਵਿਅਕਤੀ ਵੱਲੋਂ ਪੁਲਸ ਪਾਰਟੀ ’ਤੇ ਮਾਰਨ ਦੀ ਨੀਅਤ ਨਾਲ ਪਿਸਤੌਲ ਨਾਲ ਫਾਇਰ ਕਰ ਦਿੱਤਾ।
ਉਸ ਨੇ ਨਾਕਾ ਤੋੜਦੇ ਹੋਏ ਪੁਲਸ ਕਰਮੀ ਸਿਮਰਨਜੀਤ ਸਿੰਘ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਇਸ ’ਤੇ ਪੁਲਸ ਪਾਰਟੀ ਨੇ ਗੱਡੀ ਦਾ ਪਿੱਛਾ ਕੀਤਾ ਉਸ ਨੂੰ ਰੁਕਵਾਉਣ ਲਈ ਏ. ਕੇ. 47 ਨਾਲ ਹਵਾਈ ਫਾਇਰ ਕੀਤਾ ਪਰ ਉਨ੍ਹਾਂ ਨੇ ਥਾਰ ਨਹੀਂ ਰੋਕੀ। ਇਸ ’ਤੇ ਪੁਲਸ ਨੇ ਗੱਡੀ ਦੇ ਪਿਛਲੇ ਟਾਇਰ ’ਚ ਗੋਲੀ ਮਾਰੀ ਤਾਂ ਡਰਾਈਵਰ ਨੇ ਗੱਡੀ ਰੋਕ ਲਈ। ਗੱਡੀ ’ਚ ਸਵਾਰ ਦੋਵੇਂ ਵਿਅਕਤੀਆਂ ਨੇ ਗੱਡੀ ’ਚੋਂ ਉਤਰ ਕੇ ਹਨ੍ਹੇਰੇ ’ਚ ਖੇਤਾਂ ’ਚ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਪਾਰਟੀ ਨੇ ਦੋਹਾਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕਰ ਲਿਆ।
ਜਿਨ੍ਹਾਂ ਦੀ ਪਛਾਣ ਭੁਪਿੰਦਰ ਸਿੰਘ ਉਰਫ਼ ਸੋਨੂੰ ਕੰਗਲਾ ਵਾਸੀ ਅੰਮ੍ਰਿਤਸਰ ਅਤੇ ਸਰਬਜੀਤ ਉਰਫ਼ ਬਾਬਾ ਸਾਬ ਉਰਫ਼ ਨਾਥ ਵਾਸੀ ਅੰਮ੍ਰਿਤਸਰ ਦੇ ਰੂਪ ’ਚ ਹੋਈ। ਪੁਲਸ ਨੇ ਦੋਹਾਂ ਨੂੰ ਕਾਬੂ ਕਰ ਕੇ ਗੱਡੀ ਦੀ ਤਲਾਸ਼ੀ ਲਈ ਅਤੇ ਬਾਅਦ ’ਚ 32 ਬੋਰ ਪਿਸਤੌਲ, ਜਿਸ ’ਤੇ ਮੇਡ ਇਨ ਯੂ. ਐੱਸ. ਏ. ਲਿਖਿਆ ਹੋਇਆ ਸੀ ਅਤੇ ਖ਼ਾਲੀ ਮੈਗਜ਼ੀਨ ਬਰਾਮਦ ਹੋਇਆ। ਪੁਲਸ ਨੇ ਦੋਹਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।