ਗੈਰ-ਕਾਨੂੰਨੀ ਵਿਦੇਸ਼ੀ ਹਥਿਆਰਾਂ ਸਣੇ 2 ਲੋਕ ਗ੍ਰਿਫ਼ਤਾਰ
Sunday, Mar 16, 2025 - 03:20 PM (IST)

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਦੋ ਲੋਕਾਂ ਨੂੰ ਵਿਦੇਸ਼ੀ ਹਥਿਆਰਾਂ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਫਾਜ਼ਿਲਕਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਪੁਲਸ ਪਾਰਟੀ ਜਦੋਂ ਗਸ਼ਤ ’ਤੇ ਸੀ ਤਾਂ ਇਸ ਦੌਰਾਨ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਪੁਲਸ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਦੋ ਵਿਅਕਤੀ ਅਬੋਹਰ ਦੇ ਅਜੀਤ ਨਗਰ ਅਤੇ ਸੀਡ ਫਾਰਮ ਨੇੜੇ ਗੈਰ-ਕਾਨੂੰਨੀ ਵਿਦੇਸ਼ੀ ਹਥਿਆਰ ਨਾਲ ਮੋਟਰਸਾਈਕਲ ’ਤੇ ਘੁੰਮ ਰਹੇ ਹਨ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹਨ।
ਬੀ. ਐੱਸ. ਐੱਫ. ਅਤੇ ਸਟੇਟ ਸਪੈਸ਼ਲ ਸੈੱਲ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 2 ਪਿਸਤੌਲਾਂ, ਦੋ ਮੈਗਜ਼ੀਨ ਅਤੇ 23 ਜ਼ਿੰਦਾ ਕਾਰਤੂਸ ਸਮੇਤ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਯਾਕੂਬ ਵਾਸੀ ਸਰਾਭਾ ਨਗਰ ਅਬੋਹਰ ਅਤੇ ਰਾਘਵ ਕੁਮਾਰ ਵਾਸੀ ਸੀਡ ਫਾਰਮ ਪੱਕਾ ਅਬੋਹਰ ਵਜੋਂ ਹੋਈ ਹੈ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਫਾਜ਼ਿਲਕਾ ’ਚ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।